Movie Review : ਕਾਮੇਡੀ-ਸਸਪੈਂਸ ਦੇ ਨਾਲ ਸਨਸਨੀ ਵੀ ਮਚਾ ਰਹੀ ਹੈ 'ਸਤ੍ਰੀ'

8/31/2018 5:20:25 PM

ਮੁੰਬਈ (ਬਿਊਰੋ)— ਅੱਜ ਰਿਲੀਜ਼ ਹੋਈ ਸ਼ਰਧਾ ਕਪੂਰ ਅਤੇ ਉਭਰਦੇ ਸੁਪਰਸਟਾਰ ਰਾਜਕੁਮਾਰ ਰਾਓ ਦੀ ਫਿਲਮ 'ਸਤ੍ਰੀ' ਨਾਲ ਅਮਰ ਕੌਸ਼ਿਕ ਨੇ ਨਿਰਦੇਸ਼ਨ 'ਚ ਡੈਬਿਊ ਕੀਤਾ ਹੈ। ਮਸ਼ਹੂਰ ਫਿਲਮਕਾਰ ਰਾਜ ਅਤੇ ਡੀ. ਕੇ. ਦੀ ਜੋੜੀ ਵਲੋਂ 'ਸਤ੍ਰੀ' ਦੀ ਕਹਾਣੀ ਲਿਖੀ ਗਈ ਹੈ ਅਤੇ ਦਿਨੇਸ਼ ਵਿਜਾਨ ਦੇ ਪ੍ਰੋਡਕਸ਼ਨ 'ਚ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਲੋਕਾਂ ਵਲੋਂ ਪਹਿਲਾਂ ਹੀ ਫਿਲਮ ਦਾ ਟਰੇਲਰ ਕਾਫੀ ਸਰਾਹਿਆ ਗਿਆ ਹੈ।
ਕਹਾਣੀ
ਫਿਲਮ ਦੀ ਕਹਾਣੀ ਮੱਧ ਪ੍ਰਦੇਸ਼ ਦੇ ਚੰਦੇਰੀ ਨਾਂ ਦੇ ਇਕ ਪਿੰਡ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਵਿੱਕੀ (ਰਾਜਕੁਮਾਰ ਰਾਓ) ਆਪਣੇ ਦੋਸਤ ਬਿੱਟੂ (ਅਪਾਰਸ਼ਕਤੀ ਖੁਰਾਨਾ) ਅਤੇ ਜਨਾ (ਅਭਿਸ਼ੇਕ ਬੈਨਰਜੀ) ਨਾਲ ਰਹਿੰਦਾ ਹੈ। ਵਿੱਕੀ ਦੀ ਟੇਲਰ ਦੀ ਦੁਕਾਨ ਹੈ। ਕਹਾਣੀ 'ਚ ਚੰਦੇਰੀ ਦੇ ਰਹਿਣ ਵਾਲੇ ਰੁੱਦਰ (ਪੰਕਜ ਤ੍ਰਿਪਾਠੀ) ਦੇ ਆਉਂਦੇ ਹੀ ਬਹੁਤ ਸਾਰੇ ਟਵਿਸਟ ਅਤੇ ਟਰਨਸ ਆਉਂਦੇ ਹਨ। ਰੁੱਦਰ ਇਨ੍ਹਾਂ ਤਿੰਨਾਂ ਦੋਸਤਾਂ ਨੂੰ ਚੰਦੇਰੀ ਪੁਰਾਣ ਅਤੇ ਉਸ ਦੇ ਪਿੱਛੇ ਦੀ ਸੱਚਾਈ ਬਾਰੇ ਦੱਸਦਾ ਹੈ। ਇਸੇ ਦੌਰਾਨ ਵਿੱਕੀ ਨੂੰ ਸ਼ਰਧਾ ਕਪੂਰ ਨਾਲ ਇਕੋਂ ਨਜ਼ਰ 'ਚ ਪਿਆਰ ਹੋ ਜਾਂਦਾ ਹੈ। ਇਸੇ ਦੌਰਾਨ ਪਿੰਡ ਦੇ ਹਾਲਾਤ ਖਰਾਬ ਹੋਣ ਲੱਗ ਜਾਂਦੇ ਹਨ, ਜਦੋਂ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਉੱਥੇ 'ਸਤ੍ਰੀ' ਆਉਣ ਵਾਲੀ ਹੈ, ਜੋ ਸਿਰਫ ਮਰਦਾਂ ਨੂੰ ਗਾਇਬ ਕਰਦੀ ਹੈ, ਸਿਰਫ ਉਨ੍ਹਾਂ ਦੇ ਕੱਪੜੇ ਰਹਿ ਜਾਂਦੇ ਹਨ। ਆਖਿਰਕਾਰ ਇਹ 'ਸਤ੍ਰੀ' ਹੈ ਕੌਣ ਅਤੇ ਮਰਦਾਂ ਨੂੰ ਉਹ ਕਿਉਂ ਗਾਇਬ ਕਰਦੀ ਹੈ। ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਇਸ ਲਈ ਦੇਖੋ ਫਿਲਮ
ਫਿਲਮ ਦੀ ਕਹਾਣੀ ਵਧੀਆ ਹੈ। ਸਕ੍ਰੀਨਪਲੇਅ ਵੀ ਚੰਗਾ ਲਿਖਿਆ ਗਿਆ ਹੈ, ਜਿਸ ਦੀ ਵਜ੍ਹਾ ਕਰਕੇ ਹਰ ਇਕ ਪਲ 'ਚ ਦਿਲਚਸਪੀ ਬਣੀ ਰਹਿੰਦੀ ਹੈ। ਫਿਲਮ ਦਾ ਡਾਇਰੈਕਸ਼ਨ ਚੰਗਾ ਹੈ ਅਤੇ ਲੋਕੇਸ਼ਨ ਬੇਹੱਦ ਕਮਾਲ ਦਾ ਹੈ, ਜਿਸ ਕਾਰਨ ਤੁਹਾਨੂੰ ਡਰ ਵੀ ਲੱਗਦਾ ਹੈ ਅਤੇ ਦੂਜੇ ਪਲ 'ਚ ਹਾਸਾ ਵੀ ਆਉਂਦਾ ਹੈ। ਫਿਲਮ ਦਾ ਟਵਿਸਟ ਵੀ ਕਮਾਲ ਦਾ ਹੈ। ਪੰਕਜ ਤ੍ਰਿਪਾਠੀ ਨੇ ਬੇਹੱਦ ਸ਼ਾਨਦਾਰ ਅਭਿਨੈ ਕੀਤਾ ਹੈ, ਉੱਥੇ ਰਾਜਕੁਮਾਰ ਰਾਓ ਨੇ ਇਕ ਵਾਰ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਉਭਰਦੇ ਸੁਪਰਸਟਾਰ ਕਿਉਂ ਕਿਹਾ ਜਾਂਦਾ ਹੈ। ਰਾਜਕੁਮਾਰ ਤੋਂ ਇਲਾਵਾ ਸ਼ਰਧਾ ਕਪੂਰ ਦਾ ਅਭਿਨੈ ਵੀ ਬੇਹੱਦ ਸ਼ਾਨਦਾਰ ਹੈ। ਫਿਲਮ ਦੀ ਚੰਗੀ ਗੱਲ ਇਸ ਦੀ ਰਫਤਾਰ ਹੈ, ਜੋ ਕਿ ਤੁਹਾਨੂੰ ਬੋਰ ਨਹੀਂ ਹੋਣ ਦੇਵੇਗੀ। ਫਿਲਮ ਦੀ ਕਹਾਣੀ ਕੁਝ ਅਹਿਮ ਮੁੱਦਿਆਂ ਵੱਲ ਵੀ ਧਿਆਨ ਆਕਰਸ਼ਿਤ ਕਰਦੀ ਹੈ। ਅਮਰ ਕੌਸ਼ਿਕ ਦਾ ਡਾਇਰੈਕਸ਼ਨ ਬਹੁਤ ਵਧੀਆ ਹੈ।
ਕਮਜ਼ੋਰ ਕੜੀਆਂ
ਰਿਲੀਜ਼ ਤੋਂ ਪਹਿਲਾਂ ਫਿਲਮ ਦੇ ਗੀਤ ਹਿੱਟ ਨਹੀਂ ਹੋ ਸਕੇ, ਇਸ ਦਾ ਨੁਕਸਾਨ ਸ਼ਾਇਦ ਮੇਕਰਜ਼  ਨੂੰ ਓਪਨਿੰਗ ਸਮੇਂ ਹੋ ਸਕਦਾ ਹੈ। ਕਲਾਈਮੈਕਸ ਸ਼ਾਇਦ ਤੁਹਾਨੂੰ ਪਸੰਦ ਨਾ ਆਵੇ ਪਰ ਫਿਲਮ ਦੀ ਕਹਾਣੀ 'ਚ ਕਾਫੀ ਦਮ ਹੈ।
ਬਾਕਸ ਆਫਿਸ
ਫਿਲਮ ਦਾ ਬਜਟ ਲਗਭਗ 30 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਨੂੰ ਲਗਭਗ 1500 ਤੋਂ ਵਧ ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਧਰਮਿੰਦਰ ਦੀ 'ਯਮਲਾ ਪਗਲਾ ਦੀਵਾਨਾ ਫਿਰ ਸੇ' ਵੀ ਅੱਜ ਰਿਲੀਜ਼ ਹੋ ਗਈ ਹੈ, ਇਸ ਦੀ ਵਜ੍ਹਾ ਕਰਕੇ ਦੋਹਾਂ ਫਿਲਮਾਂ ਦਾ ਬਾਕਸ ਆਫਿਸ ਦੇ ਬਿਜ਼ਨੈੱਸ 'ਤੇ ਜ਼ੋਰਦਾਰ ਪ੍ਰਭਾਵ ਪਵੇਗਾ ਅਤੇ ਜੋ ਬਿਹਤਰ ਫਿਲਮ ਹੋਵੇਗੀ, ਉਸ ਨੂੰ ਜ਼ਿਆਦਾ ਫਾਇਦਾ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News