ਧਰਮਿੰਦਰ ਦੀਆਂ ਕੀਤੀਆਂ ਕਿਤੇ ਸੰਨੀ ਦਿਓਲ ਨੂੰ ਨਾ ਭੁਗਤਣੀਆਂ ਪੈਣ

Friday, April 26, 2019 1:09 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਾਲਰ ਵਜੋਂ 29 ਤਰੀਕ ਨੂੰ ਨਾਮਜ਼ਦਗੀ ਪੱਤਰ ਭਰਨਗੇ। ਦੱਸ ਦਈਏ ਕਿ ਬੀਕਾਨੇਰ ਦੇ ਕੰਡੇ ਸੰਨੀ ਦਿਓਲ ਨੂੰ ਗੁਰਦਾਸਪੁਰ 'ਚ ਚੁਗਣੇ ਪੈ ਸਕਦੇ ਹਨ। ਸੰਨੀ ਦਿਓਲ 'ਤੇ ਸਰਹੱਦੀ ਹਲਕੇ ਦੇ ਲੋਕ ਉਂਗਲ ਜ਼ਰੂਰ ਚੁੱਕਣਗੇ। ਬਾਲੀਵੁੱਡ ਦੇ ਹੀਮੈਨ ਨਾਂ ਨਾਲ ਜਾਣੇ ਜਾਣ ਵਾਲੇ ਐਕਟਰ ਧਰਮਿੰਦਰ ਪੂਰੇ ਪੰਜਾਬ ਦਾ ਮਾਣ ਹੈ।

PunjabKesari

ਬੀਕਾਨੇਰ ਦੇ ਲੋਕਾਂ ਨੇ ਵੀ ਧਰਮਿੰਦਰ ਨੂੰ ਹੱਥਾਂ 'ਤੇ ਚੁੱਕ ਲਿਆ ਸੀ ਪਰ ਇਸ ਤੋਂ ਬਾਅਦ ਧਰਮਿੰਦਰ ਨੇ ਬੀਕਾਨੇਰ ਦੇ ਲੋਕਾਂ ਦਾ ਭਰੋਸਾ ਤੋੜ ਦਿੱਤਾ ਸੀ। ਅਜਿਹੇ 'ਚ ਹੁਣ ਸੰਨੀ ਦਿਓਲ ਲਈ ਵੱਡਾ ਸਵਾਲ ਇਹ ਹੈ ਕਿ ਉਹ ਲੋਕਾਂ ਦੀ ਪਹੁੰਚ 'ਚ ਰਹੇਗਾ ਤੇ ਬੀਕਾਨੇਰੀ ਫਾਰਮੂਲਾ ਤਾਂ ਲਾਗੂ ਨਹੀਂ ਕਰੇਗਾ? ਫਿਲਮੀ ਐਕਟਰਾਂ ਨੇ ਪਹਿਲਾਂ ਹੀ ਲੋਕਾਂ ਦਾ ਮਨ ਖੱਟਾ ਕੀਤਾ ਹੋਇਆ ਹੈ। ਦੱਸ ਦਈਏ ਕਿ ਭਾਜਪਾ ਨੇ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਉਮੀਦਵਾਰ ਬਣਾਇਆ ਹੈ, ਜਿੱਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਹੈ।

PunjabKesari
ਜਾਣਕਾਰੀ ਮੁਤਾਬਕ, ਭਾਜਪਾ ਨੇ ਸਾਲ 2004 ਦੀਆਂ ਚੋਣਾਂ 'ਚ ਬਾਲੀਵੁੱਡ ਐਕਟਰ ਧਰਮਿੰਦਰ ਨੂੰ ਬੀਕਾਨੇਰ (ਰਾਜਸਥਾਨ) ਹਲਕੇ ਤੋਂ ਭਾਜਪਾ ਉਮੀਦਵਾਰ ਵਜੋਂ ਉਤਾਰਿਆ ਸੀ। ਉਸ ਦੌਰਾਨ ਧਰਮਿੰਦਰ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਹਲਕੇ 'ਚ ਹੀ ਰਹੇਗਾ। ਉਸ ਸਮੇਂ ਧਰਮਿੰਦਰ ਨੇ ਕਾਂਗਰਸ ਦੇ ਉਮੀਦਵਾਰ ਰਮੇਸ਼ਵਰ ਡੂਡੀ ਨੂੰ 55,564 ਵੋਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਧਰਮਿੰਦਰ ਜਦੋਂ ਹਲਕੇ 'ਚ ਨਾ ਆਇਆ ਤਾਂ ਬੀਕਾਨੇਰ 'ਚ ਧਰਮਿੰਦਰ ਦੇ 'ਗੁੰਮਸ਼ੁਦਾ' ਹੋਣ ਦੇ ਪੋਸਟਰ ਲਾ ਦਿੱਤੇ ਗਏ ਸਨ।

PunjabKesari
ਪਾਰਲੀਮੈਂਟ 'ਚ ਧਰਮਿੰਦਰ ਦੀ ਕਾਰਗੁਜ਼ਾਰੀ ਚਮਕੀ ਨਹੀਂ। ਇਹੀ ਕਾਰਨ ਸੀ ਕਿ ਦੂਜੀ ਵਾਰ ਧਰਮਿੰਦਰ ਨੂੰ ਭਾਜਪਾ ਨੇ ਟਿਕਟ ਨਹੀਂ ਦਿੱਤੀ ਸੀ। ਧਰਮਿੰਦਰ ਨੇ ਸੰਸਦ 'ਚ 5 ਜੁਲਾਈ 2004 ਤੋਂ 26 ਫਰਵਰੀ 2009 ਤੱਕ ਸੈਸ਼ਨਾਂ ਦੌਰਾਨ ਇਕ ਵੀ ਸਵਾਲ ਨਹੀਂ ਕੀਤਾ। ਧਰਮਿੰਦਰ ਦਾ ਸਵਾਲਾਂ ਵਾਲਾ ਖਾਤਾ ਖਾਲੀ ਰਿਹਾ। 5 ਵਰ੍ਹਿਆਂ ਦੌਰਾਨ ਸੰਸਦ ਦੀਆਂ 319 ਬੈਠਕਾਂ ਹੋਈਆਂ, ਜਿਨ੍ਹਾਂ 'ਚੋਂ ਧਰਮਿੰਦਰ ਨੇ ਸਿਰਫ 74 ਬੈਠਕਾਂ 'ਚ ਹਾਜ਼ਰੀ ਭਰੀ, ਜੋ ਕਿ ਸਿਰਫ 23 ਫੀਸਦੀ ਬਣਦੀ ਹੈ। ਇੰਝ ਹੀ ਭਾਜਪਾ ਨੇ ਹੇਮਾ ਮਾਲਿਨੀ ਨੂੰ ਮਥੁਰਾ ਸੀਟ ਤੋਂ ਦੂਜੀ ਦਫਾ ਮੈਦਾਨ 'ਚ ਉਤਾਰਿਆ ਹੈ। ਹੇਮਾ ਮਾਲਿਨੀ ਦੀ ਸੰਸਦ 'ਚ ਪੰਜ ਵਰ੍ਹਿਆਂ ਦੌਰਾਨ ਹਾਜ਼ਰੀ ਸਿਰਫ 39 ਫੀਸਦੀ ਹੀ ਰਹੀ ਹੈ। ਸਿਰਫ ਇੰਨ੍ਹਾਂ ਹੀ ਫਰਕ ਹੈ ਕਿ ਉਸ ਨੇ ਪੰਜ ਸਾਲਾਂ 'ਚ ਪਾਰਲੀਮੈਂਟ 'ਚ 210 ਸਵਾਲ ਉਠਾਏ ਅਤੇ 17 ਵਾਰ ਬਹਿਸ 'ਚ ਹਿੱਸਾ ਲਿਆ।


Edited By

Sunita

Sunita is news editor at Jagbani

Read More