ਆਨੰਦ ਕੁਮਾਰ ਦੇ ਸੰਘਰਸ਼ ਦੀ ਕਹਾਣੀ ਹੈ ‘ਸੁਪਰ 30’

7/12/2019 8:57:17 AM

ਬਾਲੀਵੁੱਡ ਦੇ ਗ੍ਰੀਕ ਗੌਡ ਕਹੇ ਜਾਣ ਵਾਲੇ ਰਿਤਿਕ ਰੌਸ਼ਨ ਦੀ ਚਿਰਾਂ ਤੋਂ ਉਡੀਕੀ ਜਾਣ ਵਾਲੀ ਫਿਲਮ ‘ਸੁਪਰ 30’ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਬਿਹਾਰ ਦੇ ਗਣਿਤ ਮਾਹਿਰ ਆਨੰਦ ਕੁਮਾਰ ਦੀ ਜ਼ਿੰਦਗੀ ਦੀ ਅਸਲੀ ਕਹਾਣੀ ’ਤੇ ਆਧਾਰਿਤ ਹੈ। ਆਨੰਦ ਕੁਮਾਰ ਆਈ.ਆਈ.ਟੀ ’ਚ ਦਾਖਲੇ ਲਈ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਕਰਨ ’ਚ ਵਾਂਝੇ ਵਰਗ ਦੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਹਨ। ਫਿਲਮ ਲਈ ਰਿਤਿਕ ਰੌਸ਼ਨ ਦੀ ਲੁਕ ਨੂੰ ਪੂਰੀ ਤਰ੍ਹਾਂ ਬਦਲਿਆ ਗਿਆ ਹੈ ਤਾਂ ਕਿ ਉਹ ਅੱਜ ਤੋਂ ਕਈ ਸਾਲ ਪੁਰਾਣੇ ਆਨੰਦ ਕੁਮਾਰ ਦੀ ਤਰ੍ਹਾਂ ਲੱਗਣ। ਵਿਕਾਸ ਬਹਿਲ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ’ਚ ਮਰਾਠੀ ਫਿਲਮਾਂ ਦੀ ਹੀਰੋਇਨ ਮ੍ਰਿਣਾਲ ਠਾਕੁਰ ਵੀ ਲੀਡ ਰੋਲ ’ਚ ਹੈ। ਇਸ ਤੋਂ ਇਲਾਵਾ ਨੰਦੀਸ਼ ਸਿੰਘ, ਅਮਿਤ ਸਾਧ ਅਤੇ ਪੰਕਜ ਤ੍ਰਿਪਾਠੀ ਵੀ ਹਨ। ਇਸ ਫਿਲਮ ਨੂੰ ਲੈ ਕੇ ਰਿਤਿਕ ਅਤੇ ਮ੍ਰਿਣਾਲ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ। ਪੇਸ਼ ਹਨ ਉਨ੍ਹਾਂ ਗੱਲਾਂ ਦੇ ਕੁਝ ਅੰਸ਼ -

ਮਿਹਨਤ ’ਤੇ ਆਧਾਰਿਤ ਹੈ ਫਿਲਮ : ਰਿਤਿਕ ਰੋਸ਼ਨ

ਇਹ ਸੱਚ ਹੈ ਕਿ ਕਿਸੇ ਵੀ ਖੇਤਰ ’ਚ ਸਫਲਤਾ ਹਾਸਲ ਕਰਨ ਲਈ ਮਿਹਨਤ ਬਹੁਤ ਜ਼ਰੂਰੀ ਹੈ ਪਰ ਇਸ ਫਿਲਮ ’ਚ ਮਿਹਨਤ ਤੋਂ ਪਹਿਲਾਂ ਜਿਹੜੀਆਂ ਮਹੱਤਵਪੂਰਨ ਚੀਜ਼ਾਂ ਦਿਖਾਈਆਂ ਗਈਆਂ ਹਨ, ਉਹ ਹੈ ‘ਹੋਪ’ ਜਾਂ ਕੁਝ ਕਰਨ ਦੀ ਇੱਛਾ। ਫਿਲਮ ’ਚ ਆਨੰਦ ਜੀ ਦੀ ਜੋ ਜਰਨੀ ਹੈ, ਉਹ ਹੋਪ ’ਤੇ ਆਧਾਰਿਤ ਹੈ। ਕਿਵੇਂ ਇਕ ਵਿਅਕਤੀ ਬਿਨਾਂ ਕਿਸੇ ਸਾਧਨ ਦੇ ਮਿਹਨਤ ਕਰਦੇ ਹੋਏ ਅੱਗੇ ਵਧਦਾ ਹੈ। ਦਰਅਸਲ ਇਹ ਆਨੰਦ ਸਰ ਦੀ ਲਾਈਫ ਦੀ ਸਟੋਰੀ ਬਹੁਤ ਹੀ ਪ੍ਰੇਰਨਾਦਾਇਕ ਹੈ, ਜੋ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਇਹ ਫਿਲਮ ਨੌਜਵਾਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੀ ਪ੍ਰੇਰਨਾ ਦੇਵੇਗੀ। ਉਨ੍ਹਾਂ ਨੂੰ ਵਿਸ਼ਵਾਸ ਕਰਾਏਗੀ ਕਿ ਸਖਤ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਬੈਕਗਰਾਊਂਡ ਤੋਂ ਹੋ।

ਆਨੰਦ ਸਰ ਅਤੇ ਮੇਰਾ ਦਿਲ ਸੇਮ ਹਨ

ਜਦੋਂ ਮੈਂ ਪਹਿਲੀ ਵਾਰ ਆਨੰਦ ਸਰ ਦੀ ਕਹਾਣੀ ਸੁਣੀ ਤਾਂ ਮੈਂ ਇਮੋਸ਼ਨਲੀ ਜੁੜ ਗਿਆ ਅਤੇ ਉਦੋਂ ਹੀ ਇਸ ਫਿਲਮ ਲਈ ਹਾਂ ਕਹਿ ਦਿੱਤੀ। ਇਸ ਦੀ ਵਜ੍ਹਾ ਇਹ ਵੀ ਰਹੀ ਕਿ ਆਨੰਦ ਸਰ ਅਤੇ ਮੇਰਾ ਦਿਲ ਇਕੱਠੇ ਮੈਚ ਹੋ ਰਹੇ ਹਨ। ਕਿਸੇ ਵੀ ਕਿਰਦਾਰ ’ਚ ਡੁੱਬਣ ਲਈ ਤੁਹਾਨੂੰ ਉਸ ’ਚ ਖੁੱਭਣਾ ਪੈਂਦਾ ਹੈ ਅਤੇ ਇਸ ਤਰ੍ਹਾਂ ਮੈਂ ਇਸ ਕਿਰਦਾਰ ਦੀ ਡੂੰਘਾਈ ’ਚ ਉੱਤਰ ਗਿਆ।

ਬੱਚੇ ਫਿਲਮ ਦੇ ਅਸਲੀ ਹੀਰੋ

ਰਿਤਿਕ ਦੱਸਦੇ ਹਨ ਕਿ ਇਸ ਫਿਲਮ ’ਚ ਜਿਹੜੇ ਬੱਚੇ ਹਨ, ਉਹੀ ਫਿਲਮ ਦੇ ਅਸਲੀ ਹੀਰੋ ਹਨ। ਇਨ੍ਹਾਂ ਬੱਚਿਆਂ ’ਚੋਂ ਕਈ ਬੱਚੇ ਤਾਂ ਆਨੰਦ ਸਰ ਦੇ ਅਸਲੀ ਸਟੂਡੈਂਟ ਹਨ। ਉਨ੍ਹਾਂ 30 ਬੱਚਿਆਂ ’ਚ ਸੈਂਸ ਆਫ ਅਬੈਂਡਨ ਸੀ। ਦਰਅਸਲ ਉਹ ਸਾਰੇ ਕਲੀਨ ਸਲੇਟ ਸਨ। ਉਨ੍ਹਾਂ ਨੂੰ ਕਿਸੇ ਨੇ ਨਾ ਤਾਂ ਐਕਟਿੰਗ ਸਿਖਾਈ ਸੀ, ਨਾ ਤਾਂ ਡਾਇਲਾਗ ਡਲਿਵਰੀ ਦੀ ਫਾਰਮਲ ਟ੍ਰੇਨਿੰਗ ਦਿੱਤੀ, ਉਹ ਸਾਰੇ ਨੈਚੂਰਲ ਸਨ। ਉਨ੍ਹਾਂ ਨਾਲ ਬਿਤਾਏ ਸਮੇਂ ਨੇ ਮੈਨੂੰ ਕਿਰਦਾਰ ’ਚ ਢਲਣ ’ਚ ਕਾਫੀ ਮਦਦ ਕੀਤੀ।

ਖੂਬਸੂਰਤ ਲੱਗੀ ਬਿਹਾਰੀ ਭਾਸ਼ਾ

ਰਿਤਿਕ ਨੇ ਦੱਸਿਆ ਕਿ ਫਿਲਮ ਦੌਰਾਨ ਬਿਹਾਰੀ ਭਾਸ਼ਾ ਸਿੱਖਣਾ ਬਹੁਤ ਮਜ਼ੇਦਾਰ ਰਿਹਾ ਬਿਹਾਰ ’ਚ ਕਈ ਵੱਖ-ਵੱਖ ਭਾਸ਼ਾਵਾਂ ਤੇ ਬੋਲੀਆਂ ਹਨ। ਮੈਂ ਇਕ ਟੋਨ ਫੜੀ ਅਤੇ ਮੈਨੂੰ ਉਸ ਨੂੰ ਸਿੱਖਣ ’ਚ 2 ਮਹੀਨੇ ਲੱਗੇ। ਬਿਹਾਰ ਦੀ ਭਾਸ਼ਾ ਬਹੁਤ ਪਿਆਰੀ ਅਤੇ ਸ਼ਾਲੀਨ ਹੈ। ਇਸ ਦਾ ਲਹਿਜਾ ਬਹੁਤ ਖੂਬਸੂਰਤ ਹੈ।

ਮਿਹਨਤ ਤੋਂ ਜ਼ਿਆਦਾ ਜ਼ਰੂਰੀ ਹੈ ਐਕਸਪਲੋਰ ਕਰਨਾ

ਰਿਤਿਕ ਦਾ ਮੰਨਣਾ ਹੈ ਕਿ ਮਿਹਨਤ ਤਕ ਪਹੁੰਚਣ ਲਈ ਐਕਸਪਲੋਰ (ਜਾਂਚ-ਪੜਤਾਲ) ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਕਿਸ ਕੰਮ ਲਈ ਮਿਹਨਤ ਕਰ ਰਹੇ ਹਾਂ। ਪਹਿਲਾਂ ਉਸ ਨੂੰ ਐਕਸਪਲੋਰ ਕਰਾਂਗੇ ਤਾਂ ਹੀ ਸਹੀ ਦਿਸ਼ਾ ’ਚ ਜਾ ਸਕਾਂਗੇ। ਤੁਹਾਡਾ ਜੋ ਪੈਸ਼ਨ ਹੈ, ਪਹਿਲਾਂ ਉਸ ਨੂੰ ਲੱਭਣਾ ਚਾਹੀਦਾ ਹੈ ਪਰ ਸਾਨੂੰ ਉਨ੍ਹਾਂ ਨੂੰ ਇਹ ਵੀ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਜਿਸ ਦੇ ਲਈ ਉਹ ਮਿਹਨਤ ਕਰ ਰਹੇ ਹਨ, ਉਸ ’ਚ ਸਫਲ ਹੋਣ ਲਈ ਨਾਲ-ਨਾਲ ਐਕਸਪਲੋਰ ਕਰਨਾ ਵੀ ਓਨਾ ਹੀ ਜ਼ਰੂਰੀ ਹੈ।

ਚੰਗੇ ਕੰਮ ਦੇ ਇੰਤਜ਼ਾਰ ’ਚ ਸੀ-ਮ੍ਰਿਣਾਲ ਠਾਕੁਰ

ਫਿਲਮ ‘ਲਵ ਸੋਨੀਆ’ ਤੋਂ ਬਾਅਦ ਮੈਂ ਘਰ ’ਚ ਹੀ ਸੀ। ਕਈ ਅਡੀਸ਼ਨ ਵੀ ਦਿੱਤੇ ਪਰ ਕਿਸੇ ਚੰਗੇ ਕੰਮ ਦੇ ਇੰਤਜ਼ਾਰ ’ਚ ਸੀ। ਇਹ ਮੈਨੂੰ ਸੁਪਰ 30 ’ਚ ਮਿਲ ਗਿਆ। ਇਸ ’ਚ ਮੇਰਾ ਕਿਰਦਾਰ ਪਟਨਾ ਦੀ ਇਕ ਤੇਜ਼ ਤਰਾਰ ਲੜਕੀ ਦਾ ਹੈ, ਜਿਸ ਦਾ ਨਾਂ ਸੁਪ੍ਰਿਯਾ ਹੈ ਅਤੇ ਉਹ ਆਪਣੇ ਪਾਪਾ ਨੂੰ ਆਨੰਦ ਕੁਮਾਰ ਨਾਲ ਵਿਆਹ ਲਈ ਮਿਲਾਉਣ ਲੈ ਜਾਂਦੀ ਹੈ।

ਗੁਆਉਣ ਤੋਂ ਜ਼ਿਆਦਾ ਸਿੱਖਣ ’ਚ ਸੀ ਜ਼ਿਆਦਾ ਦਿਲਚਸਪੀ

ਜਦੋਂ ਮੈਂ ਇਸ ਫਿਲਮ ਦੀ ਕਹਾਣੀ ਸੁਣੀ ਤਾਂ ਮੈਨੂੰ ਲੱਗਾ ਕਿ ਇਹ ਭਾਵੇਂ ਆਨੰਦ ਸਰ ’ਤੇ ਕੇਂਦਰਿਤ ਹੈ। ਕਈ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਤੁਹਾਡਾ ਕਿਰਦਾਰ ਇਸ ’ਚ ਗੁਆਚ ਤਾਂ ਨਹੀਂ ਜਾਵੇਗਾ। ਸੱਚ ਕਹਾਂ ਤਾਂ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ। ਮੇਰੀ ਦਿਲਚਸਪੀ ਤਾਂ ਗੁਆਉਣ ਤੋਂ ਜ਼ਿਆਦਾ ਸਿੱਖਣ ’ਚ ਸੀ ਅਤੇ ਸੱਚ ’ਚ ਇਸੇ ਤਰ੍ਹਾਂ ਹੋਇਆ।

ਹੈਰਾਨ ਸੀ ਮੈਂ ਰਿਤਿਕ ਦਾ ਕੰਮ ਦੇਖ ਕੇ

ਮ੍ਰਿਣਾਲ ਕਹਿੰਦੀ ਹੈ ਕਿ ਸ਼ੁਰੂਆਤ ’ਚ ਮੇਰਾ ਅਤੇ ਰਿਤਿਕ ਦਾ ਪਹਿਲਾ ਸੀਨ ਸੀ। ਉਸ ਸਮੇਂ ਸੈੱਟ ’ਤੇ ਮੈਂ ਰਿਤਿਕ ਦਾ ਕੰਮ ਦੇਖਦੀ ਤਾਂ ਹੈਰਾਨ ਰਹਿ ਜਾਂਦੀ ਸੀ। ਉਨ੍ਹਾਂ ’ਚ ਕੁਝ ਤਾਂ ਹੈ ਜੋ ਉਹ ਛੋਟੀਆਂ-ਛੋਟੀਆਂ ਚੀਜ਼ਾਂ ਕਰਦੇ ਹਨ, ਬਹੁਤ ਵੱਖਰੀਆਂ ਹਨ। ਉਸ ਸਮੇਂ ਮੈਂ ਸੋਚਦੀ ਸੀ ਕਿ ਜੇਕਰ ਇਕ ਦਰਸ਼ਕ ਦੇ ਤੌਰ ’ਤੇ ਮੈਂ ਇਹ ਫਿਲਮ ਦੇਖਦੀ ਤਾਂ ਇਹ ਸਭ ਮਿਸ ਕਰ ਦਿੰਦੀ। ਪਰਿਵਾਰ ਨੂੰ ਮੇਰੇ ਫੈਸਲੇ ’ਤੇ ਪੂਰਾ ਭਰੋਸਾ ਹੈ। ਮ੍ਰਿਣਾਲ ਨੇ ਦੱਸਿਆ ਕਿ ਲਵ ਸੋਨੀਆ ’ਚ ਮੇਰੇ ਕੰਮ ਨੂੰ ਮਿਲੇ ਚੰਗੇ ਰਿਸਪੌਂਸ ਤੋਂ ਬਾਅਦ ਮੇਰੇ ਪਰਿਵਾਰ ਨੂੰ ਮੇਰੇ ’ਤੇ ਭਰੋਸਾ ਹੋ ਗਿਆ ਤੇ ਮੈਂ ਜੋ ਵੀ ਫਿਲਮ ਸਾਈਨ ਕਰਾਂਗੀ ਅਤੇ ਜੋ ਵੀ ਫੈਸਲਾ ਲਵਾਂਗੀ, ਸੋਚ ਸਮਝ ਕੇ ਹੀ ਕਰਾਂਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News