ਜੋ ਹਾਲੀਵੁੱਡ ਦੇ ਸੁਪਰਹੀਰੋਜ਼ ਕੋਲ ਨਹੀਂ, ਉਹ 'ਸੁਪਰ ਸਿੰਘ' ਕੋਲ : ਦਿਲਜੀਤ ਦੁਸਾਂਝ

6/14/2017 2:51:24 PM

ਜਲੰਧਰ, (ਰਾਹੁਲ ਸਿੰਘ)— ਅਸੀਂ ਬਚਪਨ ਤੋਂ ਹੀ ਸੁਪਰਹੀਰੋ ਵਾਲੀਆਂ ਫਿਲਮਾਂ ਦੇਖਦੇ ਆਏ ਹਾਂ ਤੇ ਇਕ ਗੱਲ ਦੀ ਉਡੀਕ ਸਾਨੂੰ ਹਮੇਸ਼ਾ ਤੋਂ ਰਹਿੰਦੀ ਸੀ ਕਿ ਪੰਜਾਬੀ ਫਿਲਮ ਜਗਤ ਦਾ ਵੀ ਕੋਈ ਆਪਣਾ ਸੁਪਰਹੀਰੋ ਹੋਣਾ ਚਾਹੀਦਾ ਹੈ। ਖੈਰ ਹੁਣ ਇਹ ਉਡੀਕ ਖਤਮ ਹੋਣ ਜਾ ਰਹੀ ਹੈ ਕਿਉਂਕਿ ਪੰਜਾਬੀ ਫਿਲਮ ਜਗਤ ਨੂੰ ਦਿਲਜੀਤ ਦੁਸਾਂਝ ਦੇ ਰੂਪ 'ਚ ਆਪਣਾ ਸੁਪਰਹੀਰੋ ਮਿਲ ਗਿਆ ਹੈ। ਜੀ ਹਾਂ, 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ 'ਸੁਪਰ ਸਿੰਘ' ਪੰਜਾਬ ਦੀ ਪਹਿਲੀ ਸੁਪਰਹੀਰੋ ਵਾਲੀ ਫਿਲਮ ਹੈ। 'ਸੁਪਰ ਸਿੰਘ' ਸਬੰਧੀ ਦਿਲਜੀਤ, ਸੋਨਮ ਤੇ ਅਨੁਰਾਗ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ, ਜੋ ਹੇਠ ਲਿਖੇ ਅਨੁਸਾਰ ਹੈ—

ਸਵਾਲ : 'ਸੁਪਰ ਸਿੰਘ' ਬਣਾਉਣ ਦਾ ਕੰਸੈਪਟ ਦਿਮਾਗ 'ਚ ਕਿਵੇਂ ਆਇਆ?
ਅਨੁਰਾਗ ਸਿੰਘ : ਮੇਰੀ ਬੜੀ ਦੇਰ ਤੋਂ ਇੱਛਾ ਸੀ ਕਿ ਪੱਗ ਵਾਲਾ ਸਰਦਾਰ ਪੰਜਾਬੀ ਸੁਪਰਹੀਰੋ ਹੋਣਾ ਚਾਹੀਦਾ ਹੈ। ਮੈਂ ਜਦੋਂ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ, ਉਦੋਂ ਦਿਲ ਕਰਦਾ ਸੀ ਕਿ ਪੰਜਾਬੀ ਤੇ ਦੇਸੀ ਸੁਪਰਹੀਰੋ ਹੋਵੇ। ਅਖੀਰ ਸਾਨੂੰ ਹੁਣ ਮੌਕਾ ਮਿਲਿਆ ਤੇ ਆਪਣਾ ਪੰਜਾਬੀ ਸੁਪਰਹੀਰੋ ਬਣਾ ਦਿੱਤਾ।

ਸਵਾਲ : ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖਦੇ ਹੋਏ ਕਾਸਟੀਊਮ ਡਿਜ਼ਾਈਨ ਹੋਇਆ?
ਦਿਲਜੀਤ ਦੁਸਾਂਝ : ਪਹਿਲਾਂ ਮੈਂ ਕਹਾਣੀ ਸੁਣੀ। ਉਸ ਤੋਂ ਬਾਅਦ ਇਕ ਚੈਲੰਜ ਸੀ ਕਿ ਕਾਸਟੀਊਮ ਕਿਹੋ-ਜਿਹਾ ਹੋਵੇਗਾ। ਮੈਂ ਦਸਤਾਰ ਵੀ ਬੰਨ੍ਹਦਾ ਹਾਂ, ਚਿਹਰੇ 'ਤੇ ਮਾਸਕ ਵੀ ਲਗਾਉਣਾ ਸੀ, ਕਾਸਟੀਊਮ ਵੀ ਬਣਾਉਣਾ ਸੀ। ਇਸ ਦੇ ਨਾਲ ਸਾਡੇ ਕੋਲ ਬਜਟ ਵੀ ਸੀਮਤ ਸੀ। ਫਿਰ ਵੀ ਅਸੀਂ ਕੋਸ਼ਿਸ਼ ਕੀਤੀ। ਸਾਡੀ ਟੀਮ ਨੇ ਤੇ ਅਨੁਰਾਗ ਸਿੰਘ ਨੇ ਹੀ ਕਾਸਟੀਊਮ ਡਿਜ਼ਾਈਨ ਕੀਤਾ ਹੈ।

ਸਵਾਲ : 'ਸੁਪਰ ਸਿੰਘ' ਪੰਜਾਬ ਦੀ ਸਭ ਤੋਂ ਮਹਿੰਗੀ ਫਿਲਮ ਹੈ, ਕਿੰਨੀ ਮੁਸ਼ਕਿਲ ਆਈ?
ਅਨੁਰਾਗ ਸਿੰਘ : ਫਿਲਮ 'ਚ ਸਪੈਸ਼ਲ ਇਫੈਕਟਸ ਦੀ ਵਰਤੋਂ ਹੋਈ, ਜਿਸ ਕਾਰਨ ਇਹ ਫਿਲਮ ਮਹਿੰਗੀ ਬਣੀ। ਸਪੈਸ਼ਲ ਇਫੈਕਟਸ ਲਈ ਅਲੱਗ ਤੋਂ ਬਜਟ ਰੱਖਿਆ। ਬਾਕਸ ਆਫਿਸ 'ਤੇ ਪੰਜਾਬੀ ਫਿਲਮਾਂ ਦੀ ਇੰਨੀ ਕਮਾਈ ਨਹੀਂ ਹੁੰਦੀ, ਇਸ ਲਈ ਕੋਈ ਰਾਜ਼ੀ ਨਹੀਂ ਹੋ ਰਿਹਾ ਸੀ ਪਰ ਅਖੀਰ ਬਾਲਾਜੀ ਮੋਸ਼ਨ ਪਿਕਚਰਜ਼ ਨੇ ਫੈਸਲਾ ਕੀਤਾ ਕਿ ਉਹ ਇਸ 'ਚ ਪੈਸੇ ਲਗਾਉਣਗੇ।

ਸਵਾਲ : ਬਾਲੀਵੁੱਡ ਤੇ ਹਾਲੀਵੁੱਡ ਨਾਲੋਂ ਕਿੰਨਾ ਅਲੱਗ ਹੈ 'ਸੁਪਰ ਸਿੰਘ'?
ਦਿਲਜੀਤ ਦੁਸਾਂਝ : 'ਸੁਪਰ ਸਿੰਘ' ਤੇ ਬਾਕੀ ਸੁਪਰਹੀਰੋਜ਼ 'ਚ ਬਹੁਤ ਫਰਕ ਹੈ। ਸਾਡੇ ਵਾਲਾ ਸੁਪਰਹੀਰੋ ਰੋਟੀਆਂ ਵੀ ਬਣਾ ਲੈਂਦਾ ਹੈ। ਇਸ ਤੋਂ ਇਲਾਵਾ ਉਹ ਸ਼ਰਮਾਉਂਦਾ ਵੀ ਹੈ। ਇਹ ਚੀਜ਼ਾਂ ਬਹੁਤ ਘੱਟ ਹੁੰਦੀਆਂ ਹਨ ਬਾਕੀ ਸੁਪਰਹੀਰੋਜ਼ 'ਚ। ਇਕ ਹੋਰ ਕੁਆਲਿਟੀ ਅਨੁਰਾਗ ਭਾਜੀ ਨੇ 'ਸੁਪਰ ਸਿੰਘ' 'ਚ ਪਾਈ ਹੈ, ਜਿਹੜੀ ਨਾ ਤਾਂ ਹਾਲੀਵੁੱਡ ਵਾਲਿਆਂ ਕੋਲ ਹੈ ਤੇ ਨਾ ਹੀ ਬਾਲੀਵੁੱਡ ਵਾਲਿਆਂ ਕੋਲ, ਇਹ ਸਿਰਫ ਪੰਜਾਬੀਆਂ ਕੋਲ ਹੀ ਹੈ।

ਸਵਾਲ : ਸੱਜਣ ਸਿੰਘ ਨੇ ਤੁਹਾਡੀ ਫਿਲਮ ਦਾ ਪੋਸਟਰ ਰਿਲੀਜ਼ ਕੀਤਾ, ਉਹ ਤਜਰਬਾ ਕਿਹੋ-ਜਿਹਾ ਸੀ?
ਦਿਲਜੀਤ ਦੁਸਾਂਝ : ਹਰਜੀਤ ਸਿੰਘ ਸੱਜਣ ਇਕ ਸੁਪਰਹੀਰੋ ਹਨ। ਉਨ੍ਹਾਂ ਨੇ ਸਾਡੀ ਫਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਸੀ। ਉਹ ਕੈਨੇਡਾ ਦੇ ਰੱਖਿਆ ਮੰਤਰੀ ਹਨ। ਮੈਨੂੰ ਲੱਗਦਾ ਹੈ ਕਿ ਜਿਸ ਦੇ ਨਾਂ ਦੇ ਪਿੱਛੇ ਸਿੰਘ ਲੱਗਦਾ ਹੈ ਤੇ ਜਿਹੜੇ ਦਸਤਾਰ ਸਜਾਉਂਦੇ ਹਨ, ਉਹ ਸਾਰੇ ਸੁਪਰਹੀਰੋ ਹਨ ਤੇ ਅਸਲ ਜ਼ਿੰਦਗੀ 'ਚ ਸੱਜਣ ਸਿੰਘ ਦੀ ਜਿਸ ਤਰ੍ਹਾਂ ਦੀ ਸ਼ਖਸੀਅਤ ਹੈ, ਉਹ ਕਿਸੇ ਸੁਪਰਹੀਰੋ ਤੋਂ ਘੱਟ ਨਹੀਂ ਹੈ।

ਸਵਾਲ : ਫਿਲਮ 'ਚ ਕਿੰਨੇ ਕੁ ਵੀ. ਐੱਫ. ਐਕਸ. ਵਰਤੇ ਗਏ?
ਅਨੁਰਾਗ ਸਿੰਘ : ਸਾਰੀ ਫਿਲਮ ਅਸਲ ਲੋਕੇਸ਼ਨਾਂ 'ਤੇ ਸ਼ੂਟ ਹੋਈ, ਇਸ ਤੋਂ ਬਾਅਦ ਵੀ. ਐੱਫ. ਐਕਸ. ਦਾ ਕੰਮ ਪੂਰਾ ਕੀਤਾ ਗਿਆ। ਵੀ. ਐੱਫ. ਐਕਸ. ਲਈ ਕੋਈ ਵੱਖਰਾ ਸੈੱਟ ਬਣਾ ਕੇ ਸ਼ੂਟ ਨਹੀਂ ਕੀਤਾ ਗਿਆ, ਜਿਸ ਕਾਰਨ ਮਿਹਨਤ ਥੋੜ੍ਹੀ ਜ਼ਿਆਦਾ ਲੱਗੀ।

ਸਵਾਲ : ਫਿਲਮਾਂ ਤੇ ਅਸਲ ਜ਼ਿੰਦਗੀ ਦੇ ਤੁਹਾਡੇ ਫੇਵਰੇਟ ਸੁਪਰਹੀਰੋਜ਼ ਕਿਹੜੇ-ਕਿਹੜੇ ਹਨ?
ਸੋਨਮ ਬਾਜਵਾ : ਮੈਨੂੰ ਬਚਪਨ ਤੋਂ ਸ਼ਕਤੀਮਾਨ ਬਹੁਤ ਪਸੰਦ ਹੈ। ਅਸਲ ਜ਼ਿੰਦਗੀ 'ਚ ਮੈਂ ਆਪਣੀ ਮਾਂ ਨੂੰ ਸੁਪਰਹੀਰੋ ਮੰਨਦੀ ਹਾਂ।
ਦਿਲਜੀਤ ਦੁਸਾਂਝ : ਮੈਨੂੰ ਵੀ ਸ਼ਕਤੀਮਾਨ ਹੀ ਪਸੰਦ ਹੈ ਤੇ ਆਪਣੀ ਅਸਲ ਜ਼ਿੰਦਗੀ ਦੇ ਸੁਪਰਹੀਰੋ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਹਰਜੀਤ ਸਿੰਘ ਸੱਜਣ ਮੇਰੇ ਲਈ ਸੁਪਰਹੀਰੋ ਹਨ।
ਅਨੁਰਾਗ ਸਿੰਘ : ਮੈਂ ਛੋਟੇ ਹੁੰਦਿਆਂ ਸੁਪਰਮੈਨ ਨੂੰ ਪਸੰਦ ਕਰਦਾ ਸੀ। ਫਿਰ ਮੈਨੂੰ ਬੈਟਮੈਨ ਵਧੀਆ ਲੱਗਾ ਤੇ ਹੁਣ 'ਸੁਪਰ ਸਿੰਘ' ਮੇਰਾ ਫੇਵਰੇਟ ਹੈ।

'ਹਰ ਸ਼ਖਸ, ਜਿਸ ਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਤੇ ਜਿਹੜਾ ਦਸਤਾਰ ਸਜਾਉਂਦਾ ਹੈ, ਉਹ ਸੁਪਰਹੀਰੋ ਹੈ। ਸੁਪਰ ਸਿੰਘ ਪੰਜਾਬ ਦਾ ਆਪਣਾ ਪਹਿਲਾ ਦੇਸੀ ਸੁਪਰਹੀਰੋ ਹੈ। ਪੰਜਾਬੀ ਸਿਨੇਮਾ ਨੂੰ ਦਰਸ਼ਕਾਂ ਨੇ ਹਮੇਸ਼ਾ ਪਿਆਰ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਸੁਪਰ ਸਿੰਘ ਵਰਗੀ ਪਹਿਲੀ ਸੁਪਰਹੀਰੋ ਫਿਲਮ ਨੂੰ ਵੀ ਲੋਕ ਪਸੰਦ ਕਰਨਗੇ।'
— ਦਿਲਜੀਤ ਦੁਸਾਂਝ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News