Movie Review : ਦਿਲਜੀਤ ਦੁਸਾਂਝ ਤੇ ਅਨੁਰਾਗ ਸਿੰਘ ਦਾ ਮਾਸਟਰਪੀਸ ''ਸੁਪਰ ਸਿੰਘ''

6/16/2017 2:07:10 PM

ਜਲੰਧਰ— ਦਿਲਜੀਤ ਦੁਸਾਂਝ ਤੇ ਸੋਨਮ ਬਾਜਵਾ ਸਟਾਰਰ ਫਿਲਮ 'ਸੁਪਰ ਸਿੰਘ' ਅੱਜ ਦੁਨੀਆ ਭਰ 'ਚ ਰਿਲੀਜ਼ ਹੋ ਗਈ ਹੈ। ਫਿਲਮ ਪੰਜਾਬੀ ਸਿਨੇਮਾ ਦੀ ਪਹਿਲੀ ਸੁਪਰਹੀਰੋ ਵਾਲੀ ਫਿਲਮ ਹੈ, ਜਿਸ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਜੇਤੂ ਡਾਇਰੈਕਟਰ ਅਨੁਰਾਗ ਸਿੰਘ ਨੇ ਕੀਤਾ ਹੈ। ਫਿਲਮ ਨੂੰ ਬਾਲਾਜੀ ਮੋਸ਼ਨ ਪਿਕਚਰਜ਼ ਤੇ ਅਨੁਰਾਗ ਸਿੰਘ-ਪਵਨ ਗਿੱਲ ਦੀ ਬ੍ਰੈਟ ਫਿਲਮਜ਼ ਵਲੋਂ ਮਿਲ ਕੇ ਪ੍ਰੋਡਿਊਸ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕਿਹੋ-ਜਿਹੀ ਹੈ ਫਿਲਮ 'ਸੁਪਰ ਸਿੰਘ—

ਕਹਾਣੀ ਤੇ ਕੰਸੈਪਟ
ਫਿਲਮ ਦੀ ਕਹਾਣੀ ਬਾਰੇ ਇਹ ਚਰਚਾ ਸੀ ਕਿ ਕਿਤੇ ਨਾ ਕਿਤੇ 'ਸੁਪਰ ਸਿੰਘ' ਬਾਲੀਵੁੱਡ ਫਿਲਮ 'ਫਲਾਇੰਗ ਜੱਟ' ਨਾਲ ਮਿਲਦੀ ਹੈ ਪਰ ਅਜਿਹਾ ਬਿਲਕੁਲ ਨਹੀਂ ਹੈ। ਫਿਲਮ ਦੀ ਆਪਣੀ ਇਕ ਮਜ਼ਬੂਤ ਤੇ ਵੱਖਰੀ ਕਹਾਣੀ ਹੈ। ਫਿਲਮ 'ਚ ਪੱਗ ਦੀ ਅਹਿਮੀਅਤ ਦਰਸਾਈ ਗਈ ਹੈ। ਕਹਾਣੀ ਪੱਗ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਦਿਲਜੀਤ ਨੇ ਬਿਲਕੁਲ ਸਹੀ ਕਿਹਾ ਸੀ ਕਿ 'ਸੁਪਰ ਸਿੰਘ' ਕੋਲ ਅਜਿਹੀ ਸ਼ਕਤੀ ਹੈ, ਜਿਹੜੀ ਨਾ ਤਾਂ ਕਿਸੇ ਹਾਲੀਵੁੱਡ ਦੇ ਸੁਪਰਹੀਰੋ ਕੋਲ ਹੈ ਤੇ ਨਾ ਹੀ ਬਾਲੀਵੁੱਡ ਦੇ ਸੁਪਰਹੀਰੋ ਕੋਲ। ਇਹ ਕਿਹੜੀ ਸ਼ਕਤੀ ਹੈ, ਇਸ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ। ਕੰਸੈਪਟ ਵੱਖਰਾ ਤਾਂ ਹੈ ਹੀ, ਇਸ ਦੇ ਨਾਲ ਸ਼ਾਨਦਾਰ ਵੀ ਹੈ। ਅਨੁਰਾਗ ਸਿੰਘ ਨੇ ਬਹੁਤ ਹੀ ਵਧੀਆ ਕਹਾਣੀ ਤੇ ਕੰਸੈਪਟ 'ਤੇ ਕੰਮ ਕੀਤਾ ਹੈ ਤੇ ਇਸ ਤਰ੍ਹਾਂ ਦੀ ਫਿਲਮ ਪਹਿਲਾਂ ਨਾ ਤਾਂ ਬਾਲੀਵੁੱਡ 'ਚ ਬਣੀ ਤੇ ਨਾ ਹੀ ਪਾਲੀਵੁੱਡ 'ਚ।

ਐਕਟਿੰਗ
ਦਿਲਜੀਤ ਦੀ ਅਦਾਕਾਰੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। 'ਉੜਤਾ ਪੰਜਾਬ' ਤੇ 'ਫਿਲੌਰੀ' ਵਰਗੀਆਂ ਬਾਲੀਵੁੱਡ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਦਿਲਜੀਤ 'ਸੁਪਰ ਸਿੰਘ' ਲਈ ਇਕ ਪ੍ਰਫੈਕਟ ਸਟਾਰ ਹਨ। ਸੋਨਮ ਨੇ ਵੀ ਦਿਲਜੀਤ ਨਾਲ ਵਧੀਆ ਕੈਮਿਸਟਰੀ ਸ਼ੇਅਰ ਕੀਤੀ ਹੈ। ਦੋਵਾਂ ਤੋਂ ਇਲਾਵਾ ਫਿਲਮ 'ਚ ਪਵਨ ਮਲਹੋਤਰਾ, ਨਵਨਿੰਦਰ ਬਹਿਲ, ਰਾਣਾ ਰਣਬੀਰ ਤੇ ਜਤਿੰਦਰ ਕੌਰ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫਿਲਮ 'ਚ ਦਿਲਜੀਤ ਦਾ ਕਾਮੇਡੀ ਅੰਦਾਜ਼ ਦੇਖਣ ਨੂੰ ਤਾਂ ਮਿਲ ਹੀ ਰਿਹਾ ਹੈ, ਨਾਲ ਹੀ ਉਨ੍ਹਾਂ ਨੇ ਕੁਝ ਭਾਵੁਕ ਕਰਨ ਵਾਲੇ ਸੀਨਜ਼ 'ਚ ਵੀ ਜਾਨ ਪਾ ਦਿੱਤੀ ਹੈ।

ਡਾਇਰੈਕਸ਼ਨ ਤੇ ਸਕ੍ਰੀਨਪਲੇਅ
ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ, ਜਦਕਿ ਸਕ੍ਰੀਨਪਲੇਅ ਦੀ ਜ਼ਿੰਮੇਵਾਰੀ ਧੀਰਜ ਰਤਨ ਨੇ ਨਿਭਾਈ ਹੈ। ਅਨੁਰਾਗ ਹਾਲਾਂਕਿ ਕੁਝ ਚੋਣਵੀਆਂ ਫਿਲਮਾਂ ਹੀ ਕਰਦੇ ਹਨ ਪਰ ਜਿਹੜੀ ਵੀ ਫਿਲਮ ਉਹ ਕਰਦੇ ਹਨ, ਉਸ 'ਚ ਪੂਰੀ ਤਰ੍ਹਾਂ ਨਾਲ ਜਾਨ ਪਾ ਦਿੰਦੇ ਹਨ। ਡਾਇਰੈਕਸ਼ਨ ਪੱਖੋਂ ਫਿਲਮ ਮਜ਼ਬੂਤ ਹੈ। ਫਿਲਮ ਦਾ ਸਕ੍ਰੀਨਪਲੇਅ ਦਮਦਾਰ ਹੈ। ਪੰਜਾਬ ਦੀ ਪਹਿਲੀ ਸੁਪਰਹੀਰੋ ਵਾਲੀ ਫਿਲਮ ਲਈ ਅਨੁਰਾਗ ਸਿੰਘ ਤੇ ਧੀਰਜ ਰਤਨ ਦੀ ਜੋੜੀ ਨਾਲੋਂ ਬਿਹਤਰ ਕੰਮ ਸ਼ਾਇਦ ਹੀ ਕੋਈ ਹੋਰ ਕਰ ਸਕਦਾ।

ਡਾਇਲਾਗਸ
ਫਿਲਮ ਦੇ ਡਾਇਲਾਗਸ ਰੁਪਿੰਦਰ ਇੰਦਰਜੀਤ ਤੇ ਜਗਦੀਪ ਸਿੰਘ ਨੇ ਲਿਖੇ ਹਨ। ਦਿਲਜੀਤ ਦੇ ਨਾਲ-ਨਾਲ ਸੋਨਮ ਬਾਜਵਾ ਦੀ ਵੀ 'ਸੁਪਰ ਸਿੰਘ' 'ਚ ਵਧੀਆ ਡਾਇਲਾਗ ਡਲਿਵਰੀ ਹੈ। ਫਿਲਮ 'ਚ ਅਜਿਹੇ ਕਈ ਸੀਨਜ਼ ਹਨ, ਜਿਥੇ ਕਾਮੇਡੀ ਦੇ ਨਾਲ-ਨਾਲ ਪ੍ਰਭਾਵਿਤ ਕਰਨ ਵਾਲੇ ਮਜ਼ਬੂਤ ਡਾਇਲਾਗਸ ਦੇਖਣ ਨੂੰ ਮਿਲਣਗੇ।

ਵੀ. ਐੱਫ. ਐਕਸ.
ਫਿਲਮ ਦੇ ਵੀ. ਐੱਫ. ਐਕਸ. ਅਸਲ ਲੋਕੇਸ਼ਨਾਂ 'ਤੇ ਸ਼ੂਟ ਕੀਤੇ ਗਏ ਸੀਨਜ਼ 'ਚ ਹੀ ਫਿੱਟ ਕੀਤੇ ਗਏ ਹਨ। ਜਿੰਨੇ ਵੀ ਵੀ. ਐੱਫ. ਐਕਸ. ਫਿਲਮ 'ਚ ਦੇਖਣ ਨੂੰ ਮਿਲ ਰਹੇ ਹਨ, ਉਨ੍ਹਾਂ ਨੂੰ ਕਿਤੇ ਵੀ ਮਾੜਾ ਨਹੀਂ ਕਿਹਾ ਜਾ ਸਕਦਾ। ਬਾਲੀਵੁੱਡ ਦੇ ਮੁਕਾਬਲੇ ਪੰਜਾਬੀ ਸੁਪਰਹੀਰੋ ਵਾਲੀ ਫਿਲਮ 'ਚ ਅਜਿਹੇ ਵੀ. ਐੱਫ. ਐਕਸ. ਵਰਤੇ ਜਾਣਾ ਬਹੁਤ ਹੀ ਵਧੀਆ ਗੱਲ ਹੈ।

ਸੰਗੀਤ
ਫਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਸਾਰੇ ਹੀ ਗੀਤਾਂ ਨੂੰ ਬੇਹੱਦ ਪਿਆਰ ਮਿਲਿਆ ਹੈ। 'ਹਵਾ ਵਿਚ', 'ਕਲੀਆਂ ਕੁਲੀਆਂ', 'ਹੋ ਗਿਆ ਟੱਲੀ', 'ਗਲੌਰੀਅਸ ਗੱਲ੍ਹਾਂ' ਤੇ 'ਸੁਪਰ ਸਿੰਘ ਜੀ ਆਏ ਆ' ਸਾਰੇ ਹੀ ਗੀਤ ਲੋਕਾਂ ਦੀ ਜ਼ੁਬਾਨ 'ਤੇ ਹਨ। ਫਿਲਮ ਦਾ ਬੈਕਗਰਾਊਂਡ ਸੰਗੀਤ ਵੀ ਮਨੋਰੰਜਨ ਕਰਦਾ ਹੈ।

ਕੁਲ ਮਿਲਾ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਭ ਤੋਂ ਮਹਿੰਗੇ ਬਜਟ ਵਾਲੀ ਪਹਿਲੀ ਪੰਜਾਬੀ ਸੁਪਰਹੀਰੋ ਫਿਲਮ 'ਸੁਪਰ ਸਿੰਘ' ਦਰਸ਼ਕਾਂ ਦੀ ਕਚਿਹਰੀ 'ਚ ਖਰੀ ਉਤਰੀ ਹੈ। ਫਿਲਮ ਦੌਰਾਨ ਅਜਿਹੇ ਕਈ ਸੀਨਜ਼ ਸਾਨੂੰ ਦੇਖਣ ਨੂੰ ਮਿਲੇ, ਜਿਥੇ ਦਰਸ਼ਕਾਂ ਨੇ ਖੂਬ ਤਾੜੀਆਂ ਮਾਰੀਆਂ। ਇਹ ਫਿਲਮ ਇਕ ਵਾਰ ਨਹੀਂ, ਸਗੋਂ ਵਾਰ-ਵਾਰ ਦੇਖੀ ਜਾ ਸਕਦੀ ਹੈ। ਇਕ ਮਨੋਰੰਜਨ ਭਰਪੂਰ ਸਮਾਜਿਕ ਸੁਨੇਹਾ ਦੇਣ ਵਾਲੀ ਤੇ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ 'ਸੁਪਰ ਸਿੰਘ' ਫਿਲਮ ਬਾਕਸ ਆਫਿਸ 'ਤੇ ਵੀ ਵਧੀਆ ਪ੍ਰਦਰਸ਼ਨ ਕਰੇਗੀ ਤੇ ਪੰਜਾਬੀ ਸਿਨੇਮਾ 'ਚ ਨਵਾਂ ਕੀਰਤੀਮਾਨ ਸਥਾਪਿਤ ਕਰੇਗੀ।
— ਰਾਹੁਲ ਸਿੰਘ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News