ਹਸਾਉਣ-ਫਸਾਉਣ ਲਈ ਆ ਗਈ 'ਠੱਗ ਲਾਈਫ'

7/18/2017 3:07:50 PM

ਜਲੰਧਰ (ਸੋਨੂੰ)— ਲੋਕਾਂ ਨੂੰ ਠੱਗ ਕੇ ਪੈਸੇ ਕਮਾਉਣ ਵਰਗੇ ਵਿਸ਼ੇ 'ਤੇ ਬਣੀ ਪੰਜਾਬੀ ਫਿਲਮ 'ਠੱਗ ਲਾਈਫ' ਦੀ ਸਟਾਰ ਕਾਸਟ ਟੀਮ ਅੱਜ ਜਲੰਧਰ ਪਹੁੰਚੀ। 'ਤੇਗ' ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਬਣੀ ਪ੍ਰਸਿੱਧ ਕਲਾਕਾਰ ਅਤੇ ਲੇਖਰ ਮੁਕੇਸ਼ ਵੋਹਰਾ ਵਲੋਂ ਬਤੌਰ ਨਿਰਦੇਸ਼ਕ ਡਾਇਰੈਕਟ ਕੀਤੀ ਗਈ ਇਹ ਪਰਿਵਾਰਕ ਡਰਾਮਾ ਭਰਪੂਰ ਫਿਲਮ ਆਉਣ ਵਾਲੀ 21 ਜੁਲਾਈ ਨੂੰ ਰਿਲੀਜ਼ ਹੋਵੇਗੀ। ਫਿਲਮ ਪੇਂਡੂ ਅਤੇ ਸ਼ਹਿਰੀ ਰਹਿਣ-ਸਹਿਣ ਦਾ ਇਕ ਨਵਾਂ ਦ੍ਰਿਸ਼ ਪੇਸ਼ ਕਰੇਗੀ।
ਇੰਟਰਵਿਊ ਦੌਰਾਨ ਫਿਲਮ 'ਚ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਤਿੰਨ ਨੌਜਵਾਨ ਲੜਕੇ ਅਤੇ ਇਕ ਲੜਕੀ 'ਤੇ ਆਧਾਰਿਤ ਇਸ ਫਿਲਮ 'ਚ ਜਵਾਨੀ ਦੇ ਸਮੇਂ ਉਕਤ ਨੌਜਵਾਨ ਲੜਕੇ ਤੇ ਲੜਕੀ ਵਲੋਂ ਆਪਣੀਆਂ ਇਛਾਵਾਂ ਦੀ ਪੂਰਤੀ ਲਈ ਅਮੀਰ ਲੋਕਾਂ ਨੂੰ ਠੱਗ ਕੇ ਪੈਸੇ ਕਮਾਉਣ ਵਰਗੇ ਵਿਸ਼ੇ ਨੂੰ ਪੇਸ਼ ਕੀਤਾ ਗਿਆ ਹੈ। ਅਜਿਹੇ ਦਲਦਲ 'ਚ ਫਸੇ ਉਕਤ ਨੌਜਵਾਨ ਅਜਿਹੀ ਸਥਿਤੀ 'ਚ ਫਸ ਜਾਂਦੇ ਹਨ ਕਿ ਉਨ੍ਹਾਂ 'ਤੇ ਅੱਤਵਾਦੀ ਹੋਣ ਦਾ ਦੋਸ਼ ਲੱਗ ਜਾਂਦਾ ਹੈ ਅਤੇ ਉਨ੍ਹਾਂ ਨੂੰ ਜੇਲ ਜਾਣਾ ਪੈਂਦਾ ਹੈ।
ਜਾਣਕਾਰੀ ਮੁਤਾਬਕ ਕਾਮੇਡੀ ਜਗਤ ਦੇ ਅਸਮਾਨ 'ਚ ਧਰੁਵ ਤਾਰੇ ਵਾਂਗ ਚਮਕਦੇ ਹਾਸਰਸ ਕਲਾਕਾਰ ਰਾਜੀਵ ਠਾਕੁਰ ਫਿਲਮ 'ਠੱਗ ਲਾਈਫ' 'ਚ ਪੰਜਾਬੀ ਸਿਆਸੀ ਆਗੂਆਂ ਦੀ ਮਿਮੀਕਰੀ ਕਰਦੇ ਦਰਸ਼ਕਾਂ ਨੂੰ ਸਿਆਸਤ ਦੀਆਂ ਬਾਰੀਕੀਆਂ ਬਾਰੇ ਦੱਸਣਗੇ। ਭਾਰਤ ਹੀ ਨਹੀਂ ਦੁਨੀਆ ਦੇ ਕਈ ਦੇਸ਼ਾਂ ਦੇ ਲੋਕ ਰਾਜੀਵ ਠਾਕੁਰ ਦੀ ਕਾਮੇਡੀ ਦੇ ਪ੍ਰਸ਼ੰਸਕ ਹਨ। ਇਸ ਤੋਂ ਇਲਾਵਾ ਸੋਨੀ ਟੀ. ਵੀ. ਦੇ ਪ੍ਰਸਿੱਧ ਕਾਮੇਡੀ ਸ਼ੋਅ 'ਦੀ ਕਪਿਲ ਸ਼ਰਮਾ ਸ਼ੋਅ' 'ਚ ਕੰਮ ਕਰ ਕੇ ਆਪਣੀ ਕਲਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਰਾਜੀਵ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਜੱਸ ਬਾਜਵਾ ਅਹਿਮ ਭੂਮਿਕਾ ਨਿਭਾਅ ਰਹੇ ਹਨ। 'ਰੂਚੀ' ਦੇ ਕਿਰਦਾਰ 'ਚ ਭੂਮਿਕਾ ਨਿਭਾਅ ਰਹੀ ਇਹਾਨਾ ਢਿੱਲੋਂ ਫਿਲਮ 'ਚ ਸੁਪਰਸਟਾਰ ਬਣਨ ਲਈ ਸੰਘਰਸ ਕਰਦੀ ਨਜ਼ਰ ਆਵੇਗੀ।
ਜੱਸ ਬਾਜਵਾ ਵੀ ਇਸ ਫਿਲਮ ਦਾ ਮਹੱਤਵਪੂਰਨ ਪਾਤਰ ਹੈ। ਉਹ ਆਪਣੀ ਪਹਿਲੀ ਪੰਜਾਬੀ ਫਿਲਮ 'ਚ ਇਕ ਚੰਗੇ ਕਲਾਕਾਰ ਦੀ ਬਰਾਬਰੀ ਕਰਦੇ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਕਿ ਨਿਰਦੇਸ਼ਕ ਮੁਕੇਸ਼ ਵੋਹਰਾ ਦੇ ਨਾਲ ਕੰਮ ਕਰਨਾ ਮੇਰੇ ਲਈ ਸ਼ਾਨਦਾਰ ਤਜ਼ਰਬਾ ਸੀ। ਸਹੀ ਸ਼ਾਟ ਲੈਣ ਲਈ ਉਨ੍ਹਾਂ ਇਕ ਹੀ ਸੀਨ ਦੇ 15-15 ਟੇਕ ਕਰਵਾਏ ਹਨ।
ਦੱਸਣਯੋਗ ਹੈ ਕਿ ਫਿਲਮ 'ਚ ਹਰੀਸ਼ ਵਰਮਾ ਨੂੰ ਵਿਧਾਇਕ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਨੌਜਵਾਨਾਂ ਦਾ ਅਗਵਾਈ ਕਰਦੇ ਦਿਖਾਇਆ ਗਿਆ ਹੈ। ਬਾਲੀਵੁੱਡ 'ਚ ਆਪਣੀ ਵਧੀਆ ਅਦਾਕਾਰੀ ਦਾ ਸਿੱਕਾ ਅਜ਼ਮਾ ਚੁੱਕੇ ਵਰਜੇਸ਼ ਹੀਰਜੀ ਨੇ ਆਪਣੀ ਪਹਿਲੀ ਪੰਜਾਬੀ ਫਿਲਮ 'ਚ ਇਕ ਨਵੀਂ ਪਛਾਣ ਬਣਾਈ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਕਰਮਜੀਤ ਅਨਮੋਲ, ਹਰਦੀਪ ਗਿੱਲ, ਹੌਬੀ ਧਾਲੀਵਾਲ, ਰਾਣਾ ਜੰਗ ਬਹਾਦੁਰ, ਹਰਿੰਦਰ ਭੁੱਲਰ, ਧੀਰਜ ਅਤੇ ਦੀਪ ਆਦਿ ਨੇ ਵੀ ਆਪਣੀ ਭੂਮਿਕਾ ਨਿਭਾਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News