ਕਾਮੇਡੀ ਦੇ ਨਾਲ-ਨਾਲ ਦੇਸ਼ਭਗਤੀ ਵੀ ਦਿਖਾਏਗੀ ਪੰਜਾਬੀ ਫਿਲਮ ''ਠੱਗ ਲਾਈਫ''

7/18/2017 8:11:06 PM

21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਠੱਗ ਲਾਈਫ' ਦੀ ਟੀਮ ਮੰਗਲਵਾਰ ਨੂੰ 'ਜਗ ਬਾਣੀ' ਦੇ ਵਿਹੜੇ ਪਹੁੰਚੀ। ਫਿਲਮ 'ਚ ਕਾਮੇਡੀ ਦੇ ਨਾਲ-ਨਾਲ ਦੇਸ਼ਭਗਤੀ ਵੀ ਦਿਖਾਈ ਗਈ ਹੈ। ਫਿਲਮ ਨੂੰ ਲੈ ਕੇ 'ਜਗ ਬਾਣੀ' ਦੇ ਪੱਤਰਕਾਰ ਰਾਹੁਲ ਸਿੰਘ ਵਲੋਂ ਹਰੀਸ਼ ਵਰਮਾ, ਇਹਾਨਾ ਢਿੱਲੋਂ, ਜੱਸ ਬਾਜਵਾ ਤੇ ਰਾਜੀਵ ਠਾਕੁਰ ਨਾਲ ਖਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਕੁਝ ਅੰਸ਼—
PunjabKesari

ਸਵਾਲ : ਫਿਲਮ ਦਾ ਟਾਈਟਲ 'ਠੱਗ ਲਾਈਫ' ਬਹੁਤ ਆਕਰਸ਼ਕ ਹੈ, ਕਿਵੇਂ ਰੱਖਿਆ ਗਿਆ?
ਹਰੀਸ਼ ਵਰਮਾ :
ਫਿਲਮ ਦਾ ਟਾਈਟਲ ਡਾਇਰੈਕਟਰ ਮੁਕੇਸ਼ ਵੋਹਰਾ ਤੇ ਪ੍ਰੋਡਿਊਸਰ ਜੀ ਵਲੋਂ ਮਿਲ ਕੇ ਰੱਖਿਆ ਗਿਆ ਹੈ। ਟਾਈਟਲ ਦਾ ਸੁਝਾਅ ਉਂਝ ਸ਼ੈਰੀ ਮਾਨ ਨੇ ਮੁਕੇਸ਼ ਜੀ ਨੂੰ ਦਿੱਤਾ ਸੀ, ਜਿਹੜਾ ਸਾਡੀ ਫਿਲਮ ਦੀ ਕਹਾਣੀ ਲਈ ਬਿਲਕੁਲ ਢੁਕਵਾਂ ਹੈ।

ਸਵਾਲ : ਜੱਸ ਬਾਜਵਾ ਤੁਸੀਂ ਪਹਿਲੀ ਵਾਰ ਅਭਿਨੈ ਕਰ ਰਹੇ ਹੋ, ਤਜਰਬਾ ਕਿਹੋ-ਜਿਹਾ ਰਿਹਾ?
ਜੱਸ ਬਾਜਵਾ :
ਬਹੁਤ ਵਧੀਆ ਤਜਰਬਾ ਰਿਹਾ। ਇੰਨੇ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਬਾਕੀ ਲੋਕ ਦੇਖ ਕੇ ਦੱਸਣਗੇ ਕਿ ਉਨ੍ਹਾਂ ਨੂੰ ਮੇਰੀ ਅਦਾਕਾਰੀ ਕਿਹੋ-ਜਿਹੀ ਲੱਗੀ। ਜੇਕਰ ਉਨ੍ਹਾਂ ਦੀ ਫੀਡਬੈਕ ਵਧੀਆ ਮਿਲਦੀ ਹੈ ਤਾਂ ਹੀ ਅੱਗੋਂ ਕੋਈ ਹੋਰ ਫਿਲਮ ਕਰਾਂਗਾ।

ਸਵਾਲ : ਫਿਲਮ ਦੌਰਾਨ ਇਕ ਭਿਆਨਕ ਹਾਦਸਾ ਵੀ ਵਾਪਰਿਆ, ਉਸ ਬਾਰੇ ਦੱਸੋ?
ਇਹਾਨਾ ਢਿੱਲੋਂ : ਇਕ ਐਕਸ਼ਨ ਦ੍ਰਿਸ਼ ਦੌਰਾਨ ਮੈਂ ਮੋਟਰਸਾਈਕਲ 'ਤੇ ਸਟੰਟ ਕਰਨਾ ਸੀ। ਇਸ ਦੌਰਾਨ ਮੈਂ ਆਪਣਾ ਸੰਤੁਲਨ ਗੁਆ ਬੈਠੀ। ਮੈਂ 15-20 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਮੈਨੂੰ ਲੱਗਾ ਸ਼ਾਇਦ ਇਹ ਮੇਰੀ ਆਖਰੀ ਫਿਲਮ ਹੋਵੇਗੀ ਪਰ ਡਾਇਰੈਕਟਰ ਮੁਕੇਸ਼ ਵੋਹਰਾ ਨੇ ਤੁਰੰਤ ਹਿੰਮਤ ਦਿਖਾਉਂਦਿਆਂ ਖੱਡ 'ਚ ਛਲਾਂਗ ਮਾਰ ਦਿੱਤੀ। ਉਨ੍ਹਾਂ ਦੀ ਬਦੌਲਤ ਮੈਂ ਅੱਜ ਜ਼ਿੰਦਾ ਹਾਂ ਪਰ ਮੁਕੇਸ਼ ਦੀ ਲੱਤ 'ਤੇ ਜ਼ਰੂਰ ਸੱਟ ਲੱਗ ਗਈ ਸੀ ਤੇ ਉਨ੍ਹਾਂ ਨੇ ਫਿਲਮ ਦੀ ਬਾਕੀ ਸ਼ੂਟਿੰਗ ਵੀਲਚੇਅਰ 'ਤੇ ਬੈਠ ਕੇ ਪੂਰੀ ਕੀਤੀ।

ਸਵਾਲ : ਗਾਇਕ ਆਮ ਤੌਰ 'ਤੇ ਫਿਲਮਾਂ 'ਚ ਡੈਬਿਊ ਕਰਦੇ ਹਨ, ਤੁਹਾਡਾ ਫਿਲਮਾਂ ਤੋਂ ਗਾਇਕੀ ਵੱਲ ਰੁਖ਼ ਕਿਵੇਂ ਹੋਇਆ?
ਹਰੀਸ਼ ਵਰਮਾ :
ਗਾਇਕੀ ਮੇਰਾ ਬਚਪਨ ਤੋਂ ਹੀ ਸ਼ੌਕ ਸੀ। ਹਾਲਾਂਕਿ ਬਾਅਦ 'ਚ ਮੈਂ ਥਿਏਟਰ ਜੁਆਇਨ ਕੀਤਾ ਤੇ ਉਥੇ ਮੈਨੂੰ ਅਭਿਨੈ ਕਰਨ ਦਾ ਮੌਕਾ ਮਿਲਿਆ। ਥਿਏਟਰ 'ਚ ਵੀ ਮੈਂ ਬੈਕਗਰਾਊਂਡ ਆਵਾਜ਼ ਦਿੰਦਾ ਹੁੰਦਾ ਸੀ। ਜਦੋਂ ਪਹਿਲਾਂ ਗੀਤ ਕੱਢਿਆ ਤਾਂ ਲੋਕਾਂ ਨੇ ਪਸੰਦ ਕੀਤਾ, ਫਿਰ ਦੂਜੇ ਗੀਤ ਨੂੰ ਵੀ ਫੈਨਜ਼ ਨੇ ਪਿਆਰ ਦਿੱਤਾ, ਸੋ ਇਸੇ ਤਰ੍ਹਾਂ ਹੁਣ ਤੀਜਾ ਗੀਤ ਵੀ ਲੈ ਕੇ ਆ ਰਿਹਾ ਹਾਂ।

ਸਵਾਲ : ਫਿਲਮ 'ਚ ਤੁਸੀਂ ਐੱਮ. ਐੱਲ. ਏ. ਬਣਨਾ ਚਾਹੁੰਦੇ ਹੋ, ਅਸਲ ਜ਼ਿੰਦਗੀ 'ਚ ਰਾਜਨੀਤੀ ਵੱਲ ਆਉਣ ਦਾ ਪਲਾਨ ਹੈ?
ਹਰੀਸ਼ ਵਰਮਾ :
ਨਹੀਂ, ਕਦੇ ਵੀ ਨਹੀਂ। ਮੈਂ ਅਸਲ ਜ਼ਿੰਦਗੀ 'ਚ ਰਾਜਨੀਤੀ ਤੋਂ ਬਹੁਤ ਦੂਰ ਹਾਂ ਤੇ ਮੈਂ ਇਸ ਤੋਂ ਦੂਰ ਹੀ ਰਹਿਣਾ ਚਾਹੁੰਦਾ ਹਾਂ। ਮੈਨੂੰ ਇਸ ਡਿਪਾਰਟਮੈਂਟ 'ਚ ਕੁਝ ਵੀ ਨਹੀਂ ਆਉਂਦਾ।

ਸਵਾਲ : ਰਾਜੀਵ ਕੀ ਹੁਣ ਤੁਸੀਂ ਪੂਰੀ ਤਰ੍ਹਾਂ ਨਾਲ ਪੰਜਾਬੀ ਫਿਲਮਾਂ ਨੂੰ ਸਮਾਂ ਦੇਵੋਗੇ?
ਰਾਜੀਵ ਠਾਕੁਰ :
ਜੀ ਹਾਂ, ਬਿਲਕੁਲ। ਮੈਂ 'ਜਿੰਦੂਆ' ਤੇ 'ਲਹੌਰੀਏ' 'ਚ ਕੰਮ ਕੀਤਾ, ਜਿਹੜਾ ਦਰਸ਼ਕਾਂ ਨੂੰ ਪਸੰਦ ਆਇਆ। ਹੁਣ ਮੈਂ 'ਠੱਗ ਲਾਈਫ' 'ਚ ਅਹਿਮ ਭੂਮਿਕਾ ਨਿਭਾਅ ਰਿਹਾ ਹਾਂ। ਮੇਰੀਆਂ ਹੋਰ ਵੀ ਪੰਜਾਬੀ ਫਿਲਮਾਂ ਆਉਣਗੀਆਂ ਤੇ ਮੈਂ ਪੂਰਾ-ਪੂਰਾ ਸਮਾਂ ਪੰਜਾਬੀ ਫਿਲਮਾਂ ਨੂੰ ਦੇ ਰਿਹਾ ਹਾਂ।

ਸਵਾਲ : ਰਾਜੀਵ ਜੀ ਕਪਿਲ ਸ਼ਰਮਾ ਨਾਲ ਤੁਸੀਂ ਕੰਮ ਕੀਤਾ ਹੈ, ਉਨ੍ਹਾਂ ਦੀ ਕੋਈ ਇਕ ਗੱਲ ਜੋ ਤੁਹਾਨੂੰ ਬਹੁਤ ਵਧੀਆਲੱਗਦੀ ਹੈ?
ਰਾਜੀਵ ਠਾਕੁਰ :
ਕਪਿਲ ਸ਼ਰਮਾ ਦਾ ਸੈਂਸ ਆਫ ਹਿਊਮਰ ਬਹੁਤ ਹੀ ਵਧੀਆ ਹੈ। ਅਸੀਂ ਇਕੱਠੇ ਕਾਲਜ 'ਚ ਪੜ੍ਹਦੇ ਸੀ। ਜੇਕਰ ਅਸੀਂ ਕੋਈ ਗੱਲ ਸਾਹਮਣਿਓਂ ਸੋਚਦੇ ਹਾਂ ਤਾਂ ਉਹ ਸਾਈਡ ਤੋਂ ਸੋਚ ਕੇ ਹੱਲ ਕੱਢ ਲੈਂਦਾ ਹੈ। ਉਸ ਨੂੰ ਰੱਬ ਨੇ ਕੁਝ ਵੱਖਰਾ ਕਰਨ ਦਾ ਹੁਨਰ ਬਖਸ਼ਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News