'ਯਾਰਾ ਵੇ' ਦਾ ਟਾਈਟਲ ਟਰੈਕ ਰਿਲੀਜ਼, 5 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ ਫਿਲਮ

Friday, March 15, 2019 7:36 AM
'ਯਾਰਾ ਵੇ' ਦਾ ਟਾਈਟਲ ਟਰੈਕ ਰਿਲੀਜ਼, 5 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ ਫਿਲਮ

ਜਲੰਧਰ(ਬਿਊਰੋ)  – 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ‘ਯਾਰਾ ਵੇ’ ਦਾ ਟਾਈਟਲ ਗੀਤ ਅੱਜ ਰਿਲੀਜ਼ ਕਰ ਦਿੱਤਾ ਗਿਆ। ਇਸ ਗੀਤ ਨੂੰ ਫ਼ਿਰੋਜ਼ ਖਾਨ ਤੇ ਗੁਰਮੀਤ ਸਿੰਘ ਨੇ ਗਾਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਕੁੱਝ ਘੰਟਿਆਂ ਵਿਚ ਲੱਖਾਂ ਦੀ ਗਿਣਤੀ ਵਿਚ ਦਰਸ਼ਕਾਂ ਵੱਲੋਂ ਦੇਖਿਆ ਗਿਆ। ਫਿਲਮ ਦਾ ਸੰਗੀਤ ‘ਜੱਸ ਰਿਕਾਰਡਜ਼’ ਵੱਲੋਂ ਤਿਆਰ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ‘ਯਾਰਾ ਵੇ’ ਗਗਨ ਕੋਕਰੀ ਦੀ ਦੂਜੀ ਫ਼ਿਲਮ ਹੈ। ਉਨ੍ਹਾਂ ਨਾਲ ਯੁਵਰਾਜ ਹੰਸ ਨੇ ਜੁੰਡੀ ਦੇ ਮਿੱਤਰ ਦੀ ਸਾਂਝ ਨਿਭਾਈ ਹੈ। ਟਾਈਟਲ ਗੀਤ ਦੋ ਦੋਸਤਾਂ ਦੀ ਯਾਰੀ ਨਾਲ ਜੁੜਿਆ ਹੋਇਆ ਹੈ, ਜਿਹੜੇ ਕਦੇ ਦੂਰ ਨਹੀਂ ਹੋਣਾ ਚਾਹੁੰਦੇ। ਦੋਹਾਂ ਦੀ ਗੂੜ੍ਹੀ ਦੋਸਤੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ।


‘ਯਾਰਾ ਵੇ’ ਵਿਚ ਮੋਨਿਕਾ ਗਿੱਲ ਨੇ ਬਤੌਰ ਹੀਰੋਇਨ ਅਦਾਕਾਰਾ ਕੀਤੀ ਹੈ। ਇਸ ਤੋਂ ਇਲਾਵਾ ਰਘਬੀਰ ਬੋਲੀ, ਯੋਗਰਾਜ ਸਿੰਘ, ਨਿਰਮਲ ਰਿਸ਼ੀ, ਬੀ.ਐੱਨ. ਸ਼ਰਮਾ, ਸਰਦਾਰ ਸੋਹੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਪਾਲੀ ਸੰਧੂ ਅਤੇ ਰਾਣਾ ਜੰਗ ਬਹਾਦਰ ਦੀ ਲਾਜਵਾਬ ਅਦਾਕਾਰੀ ਹੈ। ਫ਼ਿਲਮ ਦੇ ਪਲੇਠੇ ਗੀਤ ਤੋਂ ਉਤਸ਼ਾਹਿਤ ਗਗਨ ਕੋਕਰੀ ਨੇ ਕਿਹਾ ਕਿ ਇਸ ਤੋਂ ਸਾਨੂੰ ਬੇਹੱਦ ਆਸਾਂ ਹਨ। ਫ਼ਿਲਮ 1947 ਦੇ ਦੌਰ ਦੀ ਗੱਲ ਕਰਦੀ ਹੈ, ਜਦੋਂ ਦੋ ਦੇਸ਼ਾਂ ਦੀ ਵੰਡ ਹੋਈ ਤਾਂ ਲੱਖਾਂ ਲੋਕਾਂ ਦਾ ਸਭ ਕੁੱਝ ਤਬਾਹ ਹੋ ਗਿਆ। ਉਸ ਤਬਾਹੀ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਰਿਸ਼ਤਿਆਂ ਦਾ ਹੋਇਆ। ਉਹ ਰਿਸ਼ਤੇ ਭਾਵੇਂ ਖੂਨ ਦੇ ਹੋਣ, ਭਾਵੇਂ ਦੋਸਤੀ ਦੇ। ਫ਼ਿਲਮ ਵਿਚ ਸਾਰੇ ਰੰਗ ਭਰੇ ਗਏ ਹਨ।

 


Edited By

Sunita

Sunita is news editor at Jagbani

Read More