ਦਰਸ਼ਕਾਂ ਦੇ ਭਰਵੇਂ ਹੁੰਗਾਰੇ ਤੋਂ ਬਾਅਦ ਸਰਕਾਰ ਤੋਂ ‘ਊੜਾ ਆੜਾ’ ਦੇਖਣਾ ਲਾਜ਼ਮੀ ਕਰਨ ਦੀ ਮੰਗ

Saturday, February 2, 2019 8:55 AM
ਦਰਸ਼ਕਾਂ ਦੇ ਭਰਵੇਂ ਹੁੰਗਾਰੇ ਤੋਂ ਬਾਅਦ ਸਰਕਾਰ ਤੋਂ ‘ਊੜਾ ਆੜਾ’ ਦੇਖਣਾ ਲਾਜ਼ਮੀ ਕਰਨ ਦੀ ਮੰਗ

ਚੰਡੀਗੜ੍ਹ  (ਬਿਊਰੋ) - ਪੰਜਾਬੀ ਸਿਨੇਮਾ ਆਪਣੇ ਸੁਨਹਿਰੀ ਯੁੱਗ ਵਿਚੋਂ ਲੰਘ ਰਿਹਾ ਹੈ ਤੇ ਕਿੰਨੀਆਂ ਹੀ ਪੰਜਾਬੀ ਫਿਲਮਾਂ ਕਲਾ ਦੇ ਨਵੇਂ ਮਿਆਰ ਰਚ ਰਹੀਆਂ ਹਨ। ਜਿਥੇ ਪੰਜਾਬੀ ਫਿਲਮਾਂ ਦਰਸ਼ਕਾਂ ਨੂੰ ਹਸਾਉਣ ਵੱਲ ਜ਼ੋਰ ਦੇ ਰਹੀਆਂ ਹਨ, ਉਥੇ ਹੀ ਇਕ ਫਿਲਮ ਰਿਲੀਜ਼ ਹੋਈ ਹੈ, ਜੋ ਮਨੋਰੰਜਨ ਦੇ ਨਾਲ-ਨਾਲ ਇਕ ਵਧੀਆ ਸੰਦੇਸ਼ ਵੀ ਦੇ ਰਹੀ ਹੈ ਫਿਲਮ ਊੜਾ-ਆੜਾ। ਇਸ ਫਿਲਮ ਵਿਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਵਿਚ ਹਨ।

  ਪੰਜਾਬੀ ਦੀ ਮਹੱਤਤਾ ਨੂੰ ਮਨੋਰੰਜਕ ਢੰਗ ਨਾਲ ਕੀਤਾ ਪੇਸ਼ 

ਸ਼ਿਤਿਜ ਚੌਧਰੀ ਵਲੋਂ ਡਾਇਰੈਕਟ ਕੀਤੀ ਇਹ ਫਿਲਮ ਨਰੇਸ਼ ਕਥੂਰੀਆ ਨੇ ਲਿਖੀ ਹੈ। ਫਰਾਈਡੇ ਰਸ਼ ਮੋਸ਼ਨ ਪਿਕਚਰਸ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਮੁਨੀਸ਼ ਸਾਹਨੀ ਦੀ ਕੰਪਨੀ ਓਮਜੀ ਗਰੁੱਪ ਨੇ ਇਸ ਫਿਲਮ ਦਾ ਵਿਸ਼ਵਭਰ ਵਿਚ ਵਿਤਰਣ ਕੀਤਾ ਹੈ।ਇਸ ਫਿਲਮ ਦੀ ਕਹਾਣੀ ਇਕ ਬਹੁਤ ਹੀ ਗੰਭੀਰ ਮੁੱਦਾ ਹੈ, ਜਿਸ ਵਿਚ ਪੰਜਾਬੀ ਦੀ ਮਹੱਤਤਾ ਨੂੰ ਬਹੁਤ ਹੀ ਮਨੋਰੰਜਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਪੂਰੇ ਵਿਸ਼ਵਭਰ ਵਿਚੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਬਾਅਦ ਹੁਣ ਸਰਕਾਰ ਨੂੰ ਵੀ ਇਸ ਫਿਲਮ ਨੂੰ ਹਰ ਇਕ ਨੂੰ ਦੇਖਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਜਿਵੇਂ ਸਾਰੇ ਸਕੂਲ ਅਤੇ ਸਰਕਾਰੀ ਵਿਭਾਗਾਂ ਨੂੰ।

ਇਸ ਬਾਰੇ ਗੱਲ ਕਰਦੇ ਹੋਏ ਕੁਝ ਦਰਸ਼ਕਾਂ ਨੇ ਕਿਹਾ ਕਿ ਇਹ ਫਿਲਮ ਬਹੁਤ ਹੀ ਬਾਕਮਾਲ ਹੈ। ਇਸ ਵਿਚ ਸਿਰਫ ਇਹ ਦਿਖਾਇਆ ਗਿਆ ਹੈ ਕਿ ਬੱਚੇ ਹਰ ਭਾਸ਼ਾ ਸਿੱਖਣ ਪਰ ਆਪਣੀ ਮਾਂ ਬੋਲੀ ਭੁੱਲ ਕੇ ਨਹੀਂ। ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ ਆਪਣੇ ਪੰਜਾਬੀ ਵਿਭਾਗ ਵਿਚ ਸਾਰੇ ਸਕੂਲਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਇਹ ਫਿਲਮ ਦੇਖਣ ਲਈ ਉਤਸ਼ਾਹਿਤ ਕਰਨ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਫਿਲਮ ਨੂੰ ਦੇਖ ਸਕਣ। ਇਸ ਤੋਂ ਇਲਾਵਾ ਇਹ ਫਿਲਮ ਪ੍ਰਾਈਵੇਟ ਸਕੂਲਾਂ ਵਿਚ ਵੀ ਦਿਖਾਈ ਜਾਣੀ ਚਾਹੀਦੀ ਹੈ ਤਾਂ ਜੋ ਉਥੇ ਵੀ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੀ ਮਹੱਤਤਾ ਬਾਰੇ ਪਤਾ ਲੱਗ ਸਕੇ।


Edited By

Sunita

Sunita is news editor at Jagbani

Read More