ਸੱਚਾਈ ਦੇ ਬਹੁਤ ਨੇੜੇ ਹੈ ''ਉੜੀ ਦਿ ਸਰਜੀਕਲ ਸਟ੍ਰਾਈਕ''

Thursday, January 10, 2019 9:46 AM
ਸੱਚਾਈ ਦੇ ਬਹੁਤ ਨੇੜੇ ਹੈ ''ਉੜੀ ਦਿ ਸਰਜੀਕਲ ਸਟ੍ਰਾਈਕ''

ਬਾਲੀਵੁੱਡ 'ਚ ਨਵੇਂ ਕਲਾਕਾਰਾਂ ਵਿਚ ਸਭ ਤੋਂ ਟੇਲੈਂਟਿਡ ਕਹੇ ਜਾਣ ਵਾਲੇ ਐਕਟਰ ਵਿੱਕੀ ਕੌਸ਼ਲ ਆਪਣੀ ਅਗਲੀ ਫਿਲਮ 'ਉੜੀ-ਦਿ ਸਰਜੀਕਲ ਸਟ੍ਰਾਈਕ' ਨਾਲ ਇਕ ਵਾਰ ਮੁੜ ਦਰਸ਼ਕਾਂ ਨੂੰ ਰੋਮਾਂਚਿਤ ਕਰਨ ਲਈ ਤਿਆਰ ਹਨ। ਇਹ ਫਿਲਮ ਭਾਰਤ ਵਲੋਂ ਪਾਕਿਸਤਾਨ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਦੀ ਦਾਸਤਾਂ ਅਤੇ ਖੂਬਸੂਰਤੀ ਨਾਲ ਭਾਰਤੀ ਫੌਜ ਦੀ ਬਹਾਦਰੀ ਦੀ  ਗਾਥਾ ਬਿਆਨ ਕਰਦੀ ਹੈ। 18 ਸਤੰਬਰ 2016 ਨੂੰ ਉੜੀ ਹਮਲੇ ਵਿਚ ਭਾਰਤੀ ਫੌਜ ਦੇ  19 ਜਵਾਨ ਸ਼ਹੀਦ ਹੋਏ ਸਨ। ਉਸ ਦੇ ਜਵਾਬ ਵਿਚ ਭਾਰਤੀ ਫੌਜ ਨੇ  ਪਾਕਿਸਤਾਨ ਵਿਚ ਸਰਜੀਕਲ ਸਟ੍ਰਾਈਕ ਕੀਤੀ ਸੀ। ਫਿਲਮ ਉਸ ਰਾਤ ਦੀ ਕਹਾਣੀ ਨੂੰ ਪਰਦੇ 'ਤੇ ਵਿਖਾਉਂਦੀ ਹੈ। ਫਿਲਮ ਵਿਚ ਯਾਮੀ ਗੌਤਮ, ਪਰੇਸ਼ ਰਾਵਲ, ਕੀਰਤੀ ਕੁਲਹਾਰੀ ਅਤੇ ਮੋਹਿਤ ਰੈਣਾ ਦਾ ਅਹਿਮ ਰੌਲ ਹੈ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪੁੱਜੇ ਵਿੱਕੀ ਅਤੇ ਯਾਮੀ ਨੇ ਜਗ ਬਾਣੀ/ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। 

ਇਹ ਕਿਰਦਾਰ ਨਿਭਾਉਣਾ ਵੱਡੀ ਗੱਲ 
ਮੈਂ ਪਹਿਲੀ ਵਾਰ ਇੰਡੀਅਨ ਆਰਮੀ ਅਫਸਰ ਦਾ ਕਿਰਦਾਰ ਨਿਭਾਅ ਰਿਹਾ ਹਾਂ। ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਮੈਂ ਹਰ ਫਿਲਮ ਵਿਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਕੋਈ   ਮਿਲਟਰੀ ਬੇਸਡ ਫਿਲਮ ਬਣਦੀ ਹੈ ਤਾਂ ਇਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਸ ਦੇ ਨਾਲ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਇਸ ਫਿਲਮ ਤੋਂ ਪਤਾ ਲੱਗੇਗਾ ਕਿ ਸਾਡੀ ਆਰਮੀ ਦੇਸ਼ ਲਈ ਕਿਹੜਾ-ਕਿਹੜਾ ਬਲੀਦਾਨ ਦਿੰਦੀ ਹੈ ਅਤੇ ਕਿਸੇ ਨੂੰ ਕੁਝ ਦੱਸਦੀ ਤੱਕ ਨਹੀਂ ਹੈ। 

ਦੇਸ਼ 'ਚ ਘੱਟ ਬਣਦੀਆਂ ਹਨ ਦੇਸ਼ ਭਗਤੀ ਵਾਲੀਆਂ ਫਿਲਮਾਂ : ਯਾਮੀ ਗੌਤਮ
ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਕਿਰਦਾਰ ਮਿਲਿਆ। ਸਾਡੇ ਦੇਸ਼ ਵਿਚ ਦੇਸ਼ ਭਗਤੀ ਵਾਲੀਆਂ ਫਿਲਮਾਂ ਘੱਟ ਹੀ ਬਣਦੀਆਂ ਹਨ। ਮੈਂ ਇਸ ਫਿਲਮ ਵਿਚ ਇੰਟੈਲੀਜੈਂਸ ਅਫਸਰ ਦੇ ਰੋਲ ਵਿਚ ਹਾਂ ਜੋ ਪੈਰਾ-ਮਿਲਟਰੀ ਫੋਰਸ ਨਾਲ ਜੁੜਿਆ ਹੋਇਆ ਹੈ। ਮੈਂ ਇਸ ਕਿਰਦਾਰ ਵਿਚ ਢਲਣ ਲਈ ਡਾਇਰੈਕਟਰ ਆਦਿਤਿਆ ਧਰ ਕੋਲੋਂ ਬਹੁਤ ਸਾਰੇ ਸਵਾਲ ਪੁੱਛਦੀ ਸੀ ਕਿ ਮੈਨੂੰ ਹੋਰ ਕਿਹੜੀਆਂ ਫਿਲਮਾਂ ਵੇਖਣੀਆਂ ਚਾਹੀਦੀਆਂ ਹਨ, ਕਿਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਜਾਂ ਮੈਂ ਇਸ ਦੀ ਤਿਆਰੀ ਲਈ ਹੋਰ ਕੀ ਕੰਮ ਕਰਾਂ। ਉਨ੍ਹਾਂ ਮੈਨੂੰ ਇਹੀ ਕਿਹਾ ਕਿ ਕੋਈ ਵੀ ਕ੍ਰੈਕਟਰ ਤੁਸੀਂ ਬਾਹਰੋਂ ਨਹੀਂ ਲੱਭ ਸਕਦੇ। ਇਹ ਬਾਹਰੀ ਨਹੀਂ, ਅੰਦਰੂਨੀ ਹੋਣਾ ਚਾਹੀਦਾ ਹੈ।

ਡਾਇਰੈਕਟਰ ਆਦਿਤਿਆ ਧਰ 'ਤੇ ਭਰੋਸਾ
ਮੈਂ ਆਪਣੇ ਇਸ ਕਿਰਦਾਰ ਲਈ ਕਿਸੇ ਇੰਟੈਲੀਜੈਂਸ ਅਫਸਰ ਨੂੰ ਨਹੀਂ ਮਿਲੀ ਕਿਉਂਕਿ ਸੁਰੱਖਿਆ ਕਾਰਨਾਂ ਕਰ ਕੇ ਉਨ੍ਹਾਂ ਨੂੰ ਮਿਲਣਾ ਸੌਖਾ ਨਹੀਂ ਹੈ। ਉਨ੍ਹਾਂ ਨੂੰ ਆਪਣੀ ਪਛਾਣ ਲੁਕੋ ਕੇ ਰੱਖਣੀ ਪੈਂਦੀ ਹੈ। ਇਸ ਲਈ ਮੈਂ ਆਦਿਤਿਆ ਧਰ ਕੋਲੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਹੀ ਕੰਮ ਕੀਤਾ। ਆਦਿਤਿਆ ਨੇ ਆਰਮੀ ਅਤੇ ਐੱਨ. ਐੱਸ. ਏ. ਦੇ ਅਧਿਕਾਰੀਆਂ ਨਾਲ ਗੱਲਬਾਤ  ਕਰ ਕੇ ਕਾਫੀ ਖੋਜ ਕੀਤੀ ਸੀ। ਮੇਰੇ ਵਿਚਾਰ ਮੁਤਾਬਕ ਹਰ ਕਿਸੇ ਨੂੰ ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ ਹੈ, ਤਦ ਹੀ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਰਿਐਲਿਟੀ ਕੀ ਸੀ?

ਉਤਾਰ-ਚੜ੍ਹਾਅ ਜ਼ਿੰਦਗੀ ਦਾ ਹਿੱਸਾ 
ਮੈਂ ਹਮੇਸ਼ਾ ਜੋ ਚਾਹਿਆ, ਉਹੀ ਕੀਤਾ। ਮੇਰੇ ਹਿਸਾਬ ਨਾਲ ਤੁਹਾਨੂੰ ਖੁਦ 'ਤੇ ਭਰੋਸਾ ਹੋਣਾ ਚਾਹੀਦਾ ਹੈ ਅਤੇ ਆਪਣੇ-ਆਪ ਨੂੰ ਡਿਫਾਈਨ ਕਰਨਾ ਆਉਣਾ ਚਾਹੀਦਾ ਹੈ। ਇਹ ਕੁਆਲਿਟੀ ਤੁਹਾਡੇ ਵਿਚ ਹੋਵੇਗੀ ਤਾਂ ਤੁਹਾਨੂੰ ਅੱਗੇ ਵਧਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਬਾਕੀ ਉਤਾਰ-ਚੜ੍ਹਾਅ ਤਾਂ ਜ਼ਿੰਦਗੀ ਦਾ ਹਿੱਸਾ ਹਨ। ਤੁਸੀਂ ਕੀ ਸੋਚਦੇ ਹੋ ਅਤੇ ਕੀ ਕਰਨਾ ਚਾਹੁੰਦੇ ਹੋ, ਇਹ ਸਪੱਸ਼ਟ ਹੋਣਾ ਚਾਹੀਦਾ ਹੈ।

ਬੇਹੱਦ ਫੋਕਸਡ ਹੈ ਵਿੱਕੀ
ਯਾਮੀ ਨੇ ਦੱਸਿਆ ਕਿ ਜਦੋਂ 'ਮਸਾਣ' ਦੀ ਸਕ੍ਰੀਨਿੰਗ ਹੋਈ ਸੀ ਤਾਂ ਵਿੱਕੀ ਨੇ ਮੈਨੂੰ ਸੱਦਿਆ ਸੀ। ਉਦੋਂ ਅਸੀਂ ਇਕ ਹੀ ਬਿਲਡਿੰਗ ਦੇ ਕੰਪਲੈਕਸ ਵਿਚ ਰਹਿੰਦੇ ਸੀ। ਸਿਰਫ ਜਿਮ ਦੇ ਸਮੇਂ ਹੀ ਮਿਲਦੇ ਸੀ। ਮੈਂ ਜਦੋਂ 'ਮਸਾਣ' ਵੇਖੀ ਤਾਂ ਸਮਝ ਗਈ ਸੀ ਕਿ ਉਹ ਬੇਹੱਦ ਫੋਕਸਡ ਐਕਟਰ ਹੈ। ਉਦੋਂ ਤੋਂ ਹੀ ਮੈਂ ਉਸ ਨਾਲ ਕੰਮ ਕਰਨਾ ਚਾਹੁੰਦੀ ਸੀ।

ਸਕ੍ਰਿਪਟ ਪੜ੍ਹਨ ਪਿੱਛੋ ਹੀ ਸਭ ਕੁਝ ਜਾਣਿਆ
ਇਸ ਫਿਲਮ ਵਿਚ ਸਰਜੀਕਲ ਸਟ੍ਰਾਈਕ ਦੌਰਾਨ ਹੋਈਆਂ ਸਭ ਘਟਨਾਵਾਂ ਨੂੰ ਪੂਰੀ ਸੱਚਾਈ ਨਾਲ ਵਿਖਾਇਆ ਗਿਆ ਹੈ। ਸਰਜੀਕਲ ਸਟ੍ਰਾਈਕ ਦੀ ਘਟਨਾ ਦੌਰਾਨ ਜਿੰਨੇ ਵੀ ਜਵਾਨ ਸਨ, ਉਨ੍ਹਾਂ ਸਭ ਦੇ ਨਾਂ ਬਦਲ ਦਿੱਤੇ ਗਏ ਹਨ। ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਥੋੜ੍ਹੀ ਵੱਖਰੀ ਵਿਖਾਈ ਗਈ ਹੈ। ਸਰਕਾਰ ਅਤੇ ਮਿਲਟਰੀ ਕੋਲੋਂ ਸਭ ਕੁਝ ਚੈੱਕ ਕਰਵਾਇਆ ਗਿਆ ਕਿ ਅਸੀਂ ਫਿਲਮ ਵਿਚ ਕੀ ਵਿਖਾਉਣ ਵਾਲੇ ਹਾਂ। ਫਿਲਮ ਤਿਆਰ ਕਰਨ ਤੋਂ ਪਹਿਲਾਂ ਮੈਨੂੰ ਸਿਰਫ ਇਹ ਪਤਾ ਸੀ ਕਿ ਉੜੀ 'ਤੇ ਹਮਲਾ ਹੋਇਆ ਸੀ ਅਤੇ ਉਸ ਤੋਂ ਬਾਅਦ ਅਸੀਂ ਸਰਜੀਕਲ ਸਟ੍ਰਾਈਕ ਕੀਤੀ ਸੀ। ਇਸ ਦੌਰਾਨ ਕੀ ਹੋਇਆ, ਕਿਸ ਤਰ੍ਹਾਂ ਪਲਾਨਿੰਗ ਬਣੀ, ਇਹ ਸਭ ਨਹੀਂ ਪਤਾ ਸੀ। ਸਕ੍ਰਿਪਟ ਪੜ੍ਹਨ ਤੋਂ ਬਾਅਦ ਹੀ ਮੈਂ ਸਭ ਕੁਝ ਜਾਣਿਆ।

ਹਰ ਰੋਲ ਤੋਂ ਡਰੇ ਹੁੰਦੇ ਹਨ ਅਭਿਨੇਤਾ
ਵਿੱਕੀ ਨੇ ਦੱਸਿਆ ਕਿ ਬਤੌਰ ਅਭਿਨੇਤਾ ਹਰ ਕਿਰਦਾਰ ਨਿਭਾਉਣ ਤੋਂ ਪਹਿਲਾਂ ਮੈਂ ਡਰਿਆ ਹੁੰਦਾ ਹਾਂ। ਇਹ ਇਕ ਚੰਗੀ ਗੱਲ ਵੀ ਹੈ। ਇਕ ਐਕਟਰ ਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਉਸ ਦੀ ਮਿਹਨਤ ਰੰਗ ਲਿਆਉਂਦੀ ਹੈ। 

ਟੇਲੈਂਟ ਨਾਲ ਹੀ ਮਿਲਦਾ ਹੈ ਕੰਮ
ਮੈਂ ਕਦੇ ਨਹੀਂ ਸੋਚਿਆ ਸੀ ਕਿ ਐਕਟਰ ਬਣਾਂਗਾ। ਮੈਂ ਹਮੇਸ਼ਾ ਅੱਜ ਵਿਚ ਜਿਊਂਦਾ ਸੀ। ਬਚਪਨ ਵਿਚ ਮੈਨੂੰ 3 ਹੀ ਸ਼ੌਕ ਸਨ–ਫਿਲਮ ਵੇਖਣੀ, ਕ੍ਰਿਕਟ ਖੇਡਣੀ ਅਤੇ ਪ੍ਰੀਖਿਆਵਾਂ ਵਿਚ ਚੰਗੇ ਨੰਬਰ ਲੈਣੇ। ਮੇਰੇ ਪਾਪਾ ਨੇ ਮੈਨੂੰ ਪਹਿਲਾਂ ਹੀ ਸਮਝਾਇਆ ਕਿ ਬੇਟਾ ਮੈਂ ਪਿਤਾ ਹੋਣ ਦੇ ਨਾਤੇ ਹਮੇਸ਼ਾ ਤੇਰੇ ਨਾਲ ਹਾਂ, ਮੇਰੇ ਕਾਰਨ ਲੋਕ ਤੇਰੇ ਨਾਲ ਚਾਹ ਤਾਂ ਪੀ ਲੈਣਗੇ ਪਰ ਕੰਮ ਕੋਈ ਨਹੀਂ ਦੇਵੇਗਾ। ਮੈਂ ਇਹ ਦੱਸਣਾ ਚਾਹਾਂਗਾ ਕਿ ਇਹੀ ਸੱਚਾਈ ਹੈ, ਟੇਲੈਂਟ ਦੇ ਦਮ 'ਤੇ ਹੀ ਕੰਮ ਮਿਲਦਾ ਹੈ। 
 


Edited By

Sunita

Sunita is news editor at Jagbani

Read More