'ਵਿਸ਼ਵਰੂਪ 2' : ਹੈਰਾਨ ਕਰ ਦੇਵੇਗਾ ਕਮਲ ਹਾਸਨ ਦਾ ਕਾਪ ਅੰਦਾਜ਼

8/8/2018 6:09:56 PM

ਸਾਊਥ ਦੇ ਸੁਪਰ ਸਟਾਰ ਕਮਲ ਹਾਸਨ ਫਿਲਮ 'ਵਿਸ਼ਵਰੂਪ 2' ਨਾਲ ਇਕ ਵਾਰ ਫਿਰ ਫਿਲਮੀ ਪਰਦੇ 'ਤੇ ਦਸਤਕ ਦੇਣ ਵਾਲੇ ਹਨ। ਇਹ ਫਿਲਮ ਸਾਲ 2013 'ਚ ਆਈ ਵਿਸ਼ਵਰੂਪਮ ਦੇ ਅੱਗੇ ਦੀ ਕਹਾਣੀ ਹੈ। ਕਮਲ ਹਾਸਨ ਦੀ ਲਿਖੀ ਕਹਾਣੀ ਤੇ ਉਨ੍ਹਾਂ ਦੇ ਹੀ ਨਿਰਦੇਸ਼ਨ 'ਚ ਬਣੀ ਇਹ ਫਿਲਮ ਹਿੰਦੀ ਤੇ ਤਾਮਿਲ 'ਚ ਓਰਿਜਨਲ ਸ਼ੂਟ ਕੀਤੀ ਗਈ ਹੈ ਤੇ ਤੇਲਗੂ 'ਚ ਇਸ ਨੂੰ ਡੱਬ ਕੀਤਾ ਗਿਆ ਹੈ। ਸਾਊਥ 'ਚ ਇਸ ਨੂੰ ਵਿਸ਼ਵਰੂਪਮ 2 ਨਾਂ ਦਿੱਤਾ ਗਿਆ ਹੈ। ਫਿਲਮ 'ਚ ਸ਼ੇਖਰ ਕਪੂਰ, ਰਾਹੁਲ ਬੋਸ, ਪੂਜਾ ਕੁਮਾਰ, ਜੈਦੀਪ ਅਹਿਲਾਵਤ, ਵਹੀਦਾ ਰਹਿਮਾਨ ਤੇ ਅਨੰਤ ਮਹਾਦੇਵਨ ਮੁੱਖ ਭੂਮਿਕਾਵਾਂ 'ਚ ਸ਼ਾਮਲ ਹਨ। ਪੂਜਾ ਕੁਮਾਰ ਨੇ ਸਾਊਥ ਦੀਆਂ ਫਿਲਮਾਂ ਦੇ ਨਾਲ-ਨਾਲ ਅਮਰੀਕੀ ਫਿਲਮਾਂ 'ਚ ਵੀ ਕੰਮ ਕੀਤਾ ਹੈ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਕਮਲ ਹਾਸਨ ਤੇ ਪੂਜਾ ਕੁਮਾਰ ਨੇ ਨਵੋਦਿਆ ਟਾਈਮਜ਼/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ।

ਪੇਸ਼ ਹਨ ਮੁੱਖ ਅੰਸ਼ :
ਹਾਰਡ ਕੋਰ ਐਕਸ਼ਨ ਫਿਲਮ ਹੈ ਵਿਸ਼ਵਰੂਪ 2
ਕਮਲ ਹਾਸਨ ਦੱਸਦੇ ਹਨ ਕਿ ਇਹ ਵਿਸ਼ਵਰੂਪਮ ਦਾ ਸੀਕਵਲ ਤੇ ਕਈ ਦ੍ਰਿਸ਼ਾਂ ਦੇ ਜ਼ਰੀਏ ਪ੍ਰੀਕਵਲ ਵੀ ਹੋਵੇਗਾ। ਇਹ ਮੇਜਰ ਵਸੀਮ ਅਹਿਮਦ ਕਸ਼ਮੀਰੀ ਦੀ ਬੈਕ ਸਟੋਰੀ 'ਤੇ ਫੋਕਸ ਕਰੇਗੀ ਕਿ ਕਿਸ ਤਰ੍ਹਾਂ ਨਾਲ ਉਹ ਰਾਅ ਏਜੰਟ ਬਣਿਆ। ਅਸੀਂ ਇਸ ਸੀਕਵਲ 'ਤੇ 6 ਸਾਲ ਤੋਂ ਪਲਾਨ ਕਰ ਰਹੇ ਹਾਂ। ਪਿਛਲੀ ਵਾਰ ਵਾਂਗ ਇਸ ਵਾਰ ਵੀ ਸਾਡੀ ਕੋਸ਼ਿਸ਼ ਵੱਧ ਤੋਂ ਵੱਧ ਰੀਅਲ ਰਹਿਣ ਦੀ ਹੈ। ਇਹ ਇਕ ਹਾਰਡ ਕੋਰ ਐਕਸ਼ਨ ਫਿਲਮ ਹੈ।


ਖੁਸ਼ਕਿਸਮਤੀ ਰਹੀ ਵਹੀਦਾ ਜੀ ਦੇ ਨਾਲ ਕੰਮ ਕਰਨਾ
ਕਮਲ ਹਾਸਨ ਨੇ ਦੱਸਿਆ ਕਿ ਵਹੀਦਾ ਰਹਿਮਾਨ ਜੀ ਦੇ ਨਾਲ ਕੰਮ ਕਰਨ ਦਾ ਅਨੁਭਵ ਸ਼ਾਨਦਾਰ ਰਿਹਾ। ਉਹ ਸਾਡੇ ਸੈੱਟ 'ਤੇ ਸਭ ਤੋਂ ਜਵਾਨ ਹੀਰੋਇਨ ਸੀ। ਉਹ ਦਿਲ ਤੋਂ ਅਜੇ ਵੀ ਬਹੁਤ ਜਵਾਨ ਹਨ। ਉਨ੍ਹਾਂ ਨਾਲ ਕੰਮ ਕਰਨਾ ਮੇਰੀ ਖੁਸ਼ਕਿਸਮਤੀ ਹੈ। ਉਨ੍ਹਾਂ ਮੇਰੇ ਬਾਰੇ 'ਚ ਅਜਿਹਾ ਬਹੁਤ ਕੁਝ ਕਿਹਾ ਜੋ ਮੇਰੇ ਲਈ ਕਿਸੇ ਬਹੁਤ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ। ਉਨ੍ਹਾਂ ਮੈਨੂੰ ਕਿਹਾ ਕਿ ਮੇਰੀਆਂ ਕੁਝ ਚੀਜ਼ਾਂ ਉਨ੍ਹਾਂ ਨੂੰ ਗੁਰੂਦੱਤ ਸਾਹਬ ਦੀ ਯਾਦ ਦਿਵਾਉਂਦੀਆਂ ਹਨ।


ਦੋ ਹਿੱਸਿਆਂ 'ਚ ਇਕ ਕਹਾਣੀ ਹੈ 'ਵਿਸ਼ਵਰੂਪ 2'
ਕਮਲ ਹਾਸਨ ਨੇ ਦੱਸਿਆ ਕਿ ਇਹ ਫਿਲਮ ਕਿਸੇ ਵਿਸ਼ੇਸ਼ ਦਰਸ਼ਕ ਵਰਗ ਲਈ ਨਹੀਂ ਹੈ। ਇਹ ਪੂਰੀ ਦੁਨੀਆ ਦੇ ਹਰ ਤਰ੍ਹਾਂ ਦੇ ਦਰਸ਼ਕਾਂ ਲਈ ਹੈ। ਇਸ ਫਿਲਮ ਦੀ ਖਾਸੀਅਤ ਹੈ ਕਿ ਇਹ ਫਿਲਮ ਸਥਾਨਕ ਸਮੱਸਿਆਵਾਂ ਨਾਲ ਵੀ ਜੁੜੀ ਹੈ ਤੇ ਇਸ 'ਚ ਗਲੋਬਲ ਮੁੱਦੇ ਵੀ ਦਿਖਾਏ ਗਏ ਹਨ। ਇਹ ਦੋ ਹਿੱਸਿਆਂ 'ਚ ਇਕ ਹੀ ਕਹਾਣੀ ਹੈ। ਇਹ ਇਕ ਜੀਓਪਾਲੀਟੀਕਲ ਫਿਲਮ ਹੈ। ਇਸ 'ਚ ਸਾਰਿਆਂ ਲਈ ਕੁਝ ਨਾ ਕੁਝ ਹੈ।


ਹਰ ਚੀਜ਼ 'ਚ ਤਾਲਮੇਲ ਰੱਖਣਾ ਜ਼ਰੂਰੀ
ਕਮਲ ਹਾਸਨ ਕਹਿੰਦੇ ਹਨ ਕਿ ਮੈਂ ਇਸ ਫਿਲਮ ਦਾ ਅਭਿਨੇਤਾ, ਨਿਰਦੇਸ਼ਕ ਤੇ ਨਿਰਮਾਤਾ ਤਿੰਨੋਂ ਹੀ ਹਾਂ। ਜੇ ਤੁਸੀਂ ਕਿਸੇ ਫਿਲਮ ਦੇ ਨਾਲ ਨਿਆਂ ਕਰਨਾ ਚਾਹੁੰਦੇ ਹੋ ਤਾਂ ਹਰ ਚੀਜ਼ 'ਚ ਤਾਲਮੇਲ ਰੱਖਣਾ ਜ਼ਰੂਰੀ ਹੁੰਦਾ ਹੈ। ਮੈਂ ਇਸ ਮਾਮਲੇ 'ਚ ਕਾਫੀ ਖੁਸ਼ਕਿਸਮਤ ਹਾਂ। ਮੈਂ ਕਲਾ ਨੂੰ ਬੇਹੱਦ ਗਹਿਰਾਈ ਨਾਲ ਸਮਝਦਾ ਹਾਂ। ਮੇਰਾ ਮੰਨਣਾ ਹੈ ਕਿ ਜੇ ਤੁਸੀਂ ਆਪਣੀ ਗੱਲ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਫਿਲਮ ਤੋਂ ਵਧੀਆ ਜ਼ਰੀਆ ਹੋਰ ਕੋਈ ਨਹੀਂ ਹੋ ਸਕਦਾ। ਫਿਲਮਾਂ ਦੇ ਜ਼ਰੀਏ ਅਸੀਂ ਆਪਣੀ ਗੱਲ ਨੂੰ ਹੱਸਦੇ-ਹੱਸਦੇ ਕਹਿ ਸਕਦੇ ਹਾਂ।


ਸਮੇਂ ਦੇ ਨਾਲ-ਨਾਲ ਮਜ਼ਬੂਤ ਹੋਏ ਮੇਰੇ ਵਿਚਾਰ
ਕਮਲ ਹਾਸਨ ਨੇ ਇਹ ਵੀ ਕਿਹਾ ਕਿ ਤੁਸੀਂ ਮੇਰੀ ਕੋਈ ਵੀ ਫਿਲਮ ਦੇਖ ਲਵੋ, ਸਾਰੀਆਂ ਫਿਲਮਾਂ 'ਚ ਸੂਬਿਆਂ ਦੇ ਹਿਸਾਬ ਨਾਲ ਹੋ ਰਹੀ ਰਾਜਨੀਤੀ ਦਾ ਮੈਸੇਜ ਹੈ। ਕਿਸੇ 'ਚ ਬੇਹੱਦ ਹਲਕੀ ਰਾਜਨੀਤੀ ਦੇਖਣ ਨੂੰ ਮਿਲੇਗੀ ਤੇ ਕਿਸੇ 'ਚ ਬਹੁਤ ਜ਼ਿਆਦਾ। ਹਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੇਰੇ ਵਿਚਾਰ ਸਮੇਂ ਦੇ ਨਾਲ-ਨਾਲ ਬੋਲਡ ਹੁੰਦੇ ਗਏ, ਜਿਸ ਦੀ ਝਲਕ ਤੁਸੀਂ ਮੇਰੀਆਂ ਫਿਲਮਾਂ 'ਚ ਦੇਖੀ ਹੋਵੇਗੀ। 'ਵਿਸ਼ਵਰੂਪ 2' 'ਚ ਮੇਰੇ ਇਹੀ ਵਿਚਾਰ ਕਾਫੀ ਖੁਲ੍ਹ ਕੇ ਸਾਹਮਣੇ ਆਏ ਹਨ।


ਦਮਦਾਰ ਕਿਰਦਾਰ 'ਚ ਆਵਾਂਗੀ ਨਜ਼ਰ : ਪੂਜਾ
ਵਿਸ਼ਵਰੂਪ 2 'ਚ ਮੇਰਾ ਕਿਰਦਾਰ ਬਹੁਤ ਹੀ ਦਮਦਾਰ ਹੈ। ਮੇਰੇ ਕਈ ਐਕਸ਼ਨ ਸੀਨ ਹਨ। ਉਂਝ ਤਾਂ ਅਭਿਨੇਤਰੀਆਂ ਦੇ ਫਿਲਮਾਂ 'ਚ ਬਹੁਤ ਛੋਟੇ-ਛੋਟੇ ਐਕਸ਼ਨ ਸੀਨ ਹੁੰਦੇ ਹਨ ਪਰ ਮੈਂ ਆਪਣੇ ਬਾਰੇ ਦੱਸਾਂ ਤਾਂ ਮੈਂ ਪੂਰੀ ਫਿਲਮ 'ਚ ਦਮਦਾਰ ਕਿਰਦਾਰ 'ਚ ਹਾਂ। ਸਭ ਤੋਂ ਵੱਡੀ ਗੱਲ ਕਮਲ ਸਰ ਵਰਗੇ ਅਭਿਨੇਤਾ ਨਾਲ ਕੰਮ ਕਰਨਾ ਖੁਸ਼ਕਿਸਮਤੀ ਦੀ ਗੱਲ ਹੈ। ਸ਼ੂਟਿੰਗ ਦੌਰਾਨ ਹਰ ਰੋਜ਼ ਉਨ੍ਹਾਂ ਤੋਂ ਕੁਝ ਨਾ ਕੁਝ ਸਿੱਖਣ ਲਈ ਮਿਲਦਾ ਸੀ। ਉਹ ਬਹੁਤ ਹੀ ਪ੍ਰੋਫੈਸ਼ਨਲ ਹਨ ਤੇ ਧੀਰਜ ਤਾਂ ਉਨ੍ਹਾਂ 'ਚ ਕੁੱਟ-ਕੁੱਟ ਕੇ ਭਰਿਆ ਹੈ।


ਖੁਦ ਕੀਤੇ ਅੰਡਰਵਾਟਰ ਐਕਸ਼ਨ ਸੀਨ
ਪੂਜਾ ਦੱਸਦੀ ਹੈ ਕਿ ਮੈਂ ਇਸ 'ਚ ਨਿਊਕਲੀਅਰ ਸਾਇੰਟਿਸਟ ਹਾਂ ਤੇ ਵਿਲੇ (ਰਾਹੁਲ ਬੋਸ) ਨੇ ਭਾਰਤ 'ਚ ਬੰਬ ਨੂੰ ਪਾਣੀ ਦੇ ਅੰਦਰ ਲੁਕੋਇਆ ਹੈ। ਮੈਂ ਉਸ ਨੂੰ ਲੱਭਣ 'ਚ ਮਦਦ ਕਰ ਕੇ ਡਿਫਿਊਜ਼ ਕਰਦੀ ਹਾਂ, ਜਿਸ ਲਈ ਅੰਡਰਵਾਟਰ ਐਕਸ਼ਨ ਕਰਨਾ ਸੀ ਤੇ ਮੈਨੂੰ ਸਕੂਬਾ ਡਾਈਵਿੰਗ ਆਉਂਦੀ ਹੈ, ਜਿਸ ਨਾਲ ਮੈਂ ਇਹ ਐਕਸ਼ਨ ਵਧੀਆ ਢੰਗ ਨਾਲ ਨਿਭਾਏ ਹਨ। ਪਹਿਲੇ ਹਿੱਸੇ 'ਚ ਜੋ ਵਿਲੇਨ ਸੀ, ਉਹ ਅਮਰੀਕਾ ਤੋਂ ਭੱਜ ਕੇ ਭਾਰਤ ਆ ਗਿਆ ਹੈ। ਕਮਲ ਸਰ ਤੇ ਮੈਂ ਉਸ ਦੇ ਪਿੱਛੇ ਹਾਂ।


ਸਾਰਿਆਂ ਨੂੰ ਪਸੰਦ ਆਏਗੀ ਇਹ ਫਿਲਮ
ਪੂਜਾ ਦੱਸਦੀ ਹੈ ਕਿ ਇਸ ਫਿਲਮ ਨੂੰ ਤੁਸੀਂ ਕਿਸੇ ਵਜ੍ਹਾ ਕਰ ਕੇ ਨਹੀਂ ਸਗੋਂ ਕਈ ਕਾਰਨਾਂ ਕਾਰਨ ਦੇਖ ਸਕਦੇ ਹੋ। ਇਸ 'ਚ ਰੋਮਾਂਸ, ਐਕਸ਼ਨ, ਡਰਾਮਾ, ਸਸਪੈਂਸ ਸਭ ਕੁਝ ਹੈ। ਇਸ ਤੋਂ ਇਲਾਵਾ ਫਿਲਮ 'ਚ ਮਾਂ-ਬੇਟੇ ਦੇ ਰਿਸ਼ਤੇ ਤੇ ਪਤੀ-ਪਤਨੀ ਦੇ ਸਬੰਧਾਂ ਨੂੰ ਵੀ ਬੇਹੱਦ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਮੈਨੂੰ ਉਮੀਦ ਹੈ ਕਿ ਇਹ ਫਿਲਮ ਸਾਰਿਆਂ ਨੂੰ ਪਸੰਦ ਆਏਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News