ਯਾਰੀ ਦੇ ਅਣਮੁੱਲੇ ਪਿਆਰ ਨੂੰ ਦਿਖਾਏਗੀ ''ਯਾਰਾ ਵੇ''

3/30/2019 9:04:12 AM

ਪੰਜਾਬੀ ਫਿਲਮ 'ਯਾਰਾ ਵੇ' ਦੁਨੀਆ ਭਰ 'ਚ 5 ਅਪ੍ਰੈਲ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਗਨ ਕੋਕਰੀ, ਮੋਨਿਕਾ ਗਿੱਲ, ਯੁਵਰਾਜ ਹੰਸ ਤੇ ਰਘਵੀਰ ਬੋਲੀ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਲਿਖਿਆ ਤੇ ਡਾਇਰੈਕਟ ਰਾਕੇਸ਼ ਮਹਿਤਾ ਨੇ ਕੀਤਾ ਹੈ ਤੇ ਪ੍ਰੋਡਿਊਸਰ ਬੱਲੀ ਸਿੰਘ ਹਨ। ਫਿਲਮ ਦੀ ਸਟਾਰ ਕਾਸਟ ਇਨ੍ਹੀਂ ਦਿਨੀਂ 'ਯਾਰਾ ਵੇ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸੇ ਸਿਲਸਿਲੇ 'ਚ ਗਗਨ ਕੋਕਰੀ ਤੇ ਮੋਨਿਕਾ ਗਿੱਲ 'ਜਗ ਬਾਣੀ' ਦੇ ਦਫਤਰ ਪੁੱਜੇ, ਜਿਥੇ ਉਨ੍ਹਾਂ ਨੇ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਨਾਲ ਫਿਲਮ ਨੂੰ ਲੈ ਕੇ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਵਾਲ : 'ਯਾਰਾ ਵੇ' ਫਿਲਮ 'ਚ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?

ਮੋਨਿਕਾ ਗਿੱਲ : 'ਯਾਰਾ ਵੇ' 'ਚ ਕੰਮ ਕਰਕੇ ਬਹੁਤ ਵਧੀਆ ਲੱਗਾ। ਫਿਲਮ 'ਚ ਤਿੰਨ ਦੋਸਤਾਂ ਦੀ ਯਾਰੀ 'ਤੇ ਆਧਾਰਿਤ ਹੈ। ਦੋਸਤੀ ਦਾ ਪਿਆਰ ਕਿੰਨਾ ਪਵਿੱਤਰ ਹੁੰਦਾ ਹੈ, ਇਹ ਫਿਲਮ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਰੋਮਾਂਸ ਫਿਲਮ ਦਾ ਸਬ-ਪਲਾਟ ਹੈ, ਜੋ ਫਿਲਮ ਨੂੰ ਅੱਗੇ ਵਧਾਉਂਦਾ ਹੈ।

ਸਵਾਲ : ਤੁਹਾਡੇ ਲਈ ਯਾਰੀ ਦੀ ਪਰਿਭਾਸ਼ਾ ਕੀ ਹੈ?

ਗਗਨ ਕੋਕਰੀ : ਧਰਮ, ਜਾਤ-ਪਾਤ ਤੋਂ ਉੱਪਰ ਉਠ ਕੇ, ਬਿਨਾਂ ਸੋਚੇ-ਸਮਝੇ ਇਕ-ਦੂਜੇ ਦੀ ਮਦਦ, ਬਿਨਾਂ ਸੋਚੇ-ਸਮਝੇ ਇਕ-ਦੂਜੇ ਨਾਲ ਪਿਆਰ ਕਰਨਾ, ਉਸ ਨੂੰ ਯਾਰੀ ਕਹਿੰਦੇ ਹਨ। ਕਿਸੇ ਤਰ੍ਹਾਂ ਦਾ ਮਤਲਬ ਨਾ ਰੱਖੇ ਬਿਨਾਂ ਇਕ-ਦੂਜੇ ਦੀ ਮਦਦ ਕਰਨਾ ਉਸ ਨੂੰ ਯਾਰੀ ਕਹਿੰਦੇ ਹਨ। ਯਾਰੀ ਦੇ ਅਣਮੁੱਲੇ ਪਿਆਰ ਨੂੰ ਇਸ ਫਿਲਮ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ 'ਚ ਇਹੀ ਦਿਖਾਇਆ ਗਿਆ ਹੈ ਕਿ ਯਾਰੀ ਸਭ ਤੋਂ ਉੱਪਰ ਹੈ ਤੇ ਕਿਵੇਂ ਧਰਮ ਦੇ ਨਾਂ 'ਤੇ ਯਾਰਾਂ ਨੂੰ ਅਲੱਗ ਕੀਤਾ ਜਾਂਦਾ ਹੈ।

ਸਵਾਲ : ਵੰਡ ਦੀ ਕੋਈ ਅਜਿਹੀ ਕਹਾਣੀ ਜੋ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣੀ?

ਗਗਨ ਕੋਕਰੀ : ਅਸੀਂ ਵੀ ਪਾਕਿਸਤਾਨ ਤੋਂ ਆਏ ਹਾਂ। ਮੈਂ ਸੰਧੂ ਪਰਿਵਾਰ ਨਾਲ ਸਬੰਧ ਰੱਖਦਾ ਹਾਂ। ਜ਼ਿਆਦਾਤਰ ਸੰਧੂ ਪੰਜਾਬ 'ਚ ਪਾਕਿਸਤਾਨ ਤੋਂ ਆਏ ਹਨ। ਸਾਨੂੰ ਮੋਗਾ ਨਜ਼ਦੀਕ ਕੋਕਰੀ ਪਿੰਡ ਵਿਖੇ ਜ਼ਮੀਨ ਮਿਲੀ। ਪਿੰਡ ਕਰਕੇ ਮੇਰੇ ਨਾਂ ਨਾਲ ਕੋਕਰੀ ਲੱਗਦਾ ਹੈ। ਸਾਡੇ ਬਜ਼ੁਰਗ ਆਪਣਾ ਘਰ ਛੱਡ ਕੇ ਪੰਜਾਬ ਆਏ। ਕਈ ਪਰਿਵਾਰ ਇੰਝ ਵੰਡ ਦੌਰਾਨ ਭਾਰਤ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਭਾਰਤ ਆਏ। ਕਿਸੇ ਲਈ ਘਰ ਛੱਡਣਾ ਬਹੁਤ ਮੁਸ਼ਕਿਲ ਕੰਮ ਹੁੰਦਾ ਹੈ। ਕੁਝ ਤਾਂ ਆਪਣਾ ਘਰ ਛੱਡ ਕੇ ਇਕ ਪਾਸਿਓਂ ਚੱਲੇ ਪਰ ਦੂਜੇ ਪਾਸੇ ਪਹੁੰਚੇ ਨਹੀਂ। ਅਜਿਹੀਆਂ ਕਈ ਤਰ੍ਹਾਂ ਦੀਆਂ ਕਹਾਣੀਆਂ ਫਿਲਮ 'ਚ ਵੀ ਦੇਖਣ ਨੂੰ ਮਿਲਣਗੀਆਂ।

ਸਵਾਲ : ਫਿਲਮ 'ਚ ਤੁਸੀਂ 'ਨਸੀਬੋ' ਨਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੇ ਹੋ। ਉਸ ਬਾਰੇ ਕੁਝ ਦੱਸੋ?

ਮੋਨਿਕਾ ਗਿੱਲ : ਨਸੀਬੋ ਦਾ ਕਿਰਦਾਰ ਮੇਰੀ ਦਾਦੀ ਨਾਲ ਬਹੁਤ ਮਿਲਦਾ-ਜੁਲਦਾ ਹੈ। ਮੇਰੀ ਦਾਦੀ ਸੰਗਦੇ ਹਨ ਤੇ ਥੋੜ੍ਹੇ ਬੜਬੋਲੇ ਵੀ ਹਨ। ਨਸੀਬੋ ਹੂ-ਬ-ਹੂ ਉਸੇ ਤਰ੍ਹਾਂ ਦਾ ਕਿਰਦਾਰ ਬਣਾਇਆ ਗਿਆ ਹੈ।

ਸਵਾਲ : ਪੀਰੀਅਡ ਡਰਾਮਾ ਫਿਲਮ ਕਰਨਾ ਕਿੰਨਾ ਕੁ ਮੁਸ਼ਕਿਲ ਹੁੰਦਾ ਹੈ?

ਮੋਨਿਕਾ ਗਿੱਲ : 'ਯਾਰਾ ਵੇ' ਤੋਂ ਪਹਿਲਾਂ ਪੰਜਾਬੀ ਫਿਲਮਾਂ 'ਚ ਮੈਂ ਅਰਬਨ ਕਿਰਦਾਰ ਨਿਭਾਏ। 'ਯਾਰਾ ਵੇ' ਦੀ ਸ਼ੂਟਿੰਗ ਤੋਂ ਪਹਿਲਾਂ ਮੈਂ ਬਾਲੀਵੁੱਡ ਫਿਲਮ 'ਪਲਟਨ' ਕੀਤੀ ਸੀ। ਮੈਂ 'ਪਲਟਨ' 'ਚ ਹਰਜੋਤ ਕੌਰ ਦਾ ਕਿਰਦਾਰ ਨਿਭਾਇਆ ਸੀ। ਮੇਰੇ ਨਾਨਕੇ-ਦਾਦਕੇ ਪਾਕਿਸਤਾਨ ਨਾਲ ਸਬੰਧ ਰੱਖਦੇ ਹਨ। ਸੋ ਮੈਂ ਜਦੋਂ ਕਹਾਣੀ ਸੁਣੀ ਤਾਂ ਮੈਨੂੰ ਲੱਗਾ ਕਿ ਇਹ ਫਿਲਮ ਮੈਨੂੰ ਕਰਨੀ ਚਾਹੀਦੀ ਹੈ ਕਿਉਂਕਿ ਸਾਦੇ ਕੱਪੜੇ ਤੇ ਸਿਰ 'ਤੇ ਚੁੰਨੀ ਲੈਣੀ ਅੱਜਕਲ ਫਿਲਮਾਂ 'ਚ ਘੱਟ ਦੇਖਣ ਨੂੰ ਮਿਲਦੀ ਹੈ। ਮੁਸ਼ਕਿਲ ਘੱਟ ਤੇ ਮਸਤੀ ਭਰਿਆ ਸਫਰ ਫਿਲਮ ਦਾ ਜ਼ਿਆਦਾ ਰਿਹਾ।

ਸਵਾਲ : ਭਲਵਾਨੀ ਵੀ ਫਿਲਮ 'ਚ ਤੁਸੀਂ ਕੀਤੀ, ਉਹ ਕਿੰਨਾ ਮੁਸ਼ਕਿਲ ਰਿਹਾ?

ਗਗਨ ਕੋਕਰੀ : ਫਿਲਮ 'ਚ ਮੇਰਾ ਕਿਰਦਾਰ ਭੋਲੇ-ਭਾਲੇ ਬੰਦੇ ਦਾ ਹੈ। ਉਸ ਨੂੰ ਆਸ਼ਕੀ ਦੇ ਗੁਰ ਸਿਖਾਏ ਜਾ ਰਹੇ ਹਨ। ਨਸੀਬੋ ਦੇ ਪਿਤਾ ਨੂੰ ਭਲਵਾਨ ਪਸੰਦ ਹਨ। ਰਾਕੇਸ਼ ਸਰ ਨੇ ਪਹਿਲਾਂ ਹੀ ਕਿਹਾ ਸੀ ਕਿ ਸਾਨੂੰ ਪੁਰਾਣਾ ਭਲਵਾਨ ਚਾਹੀਦਾ ਹੈ, ਅੱਜ ਦਾ ਭਲਵਾਨ ਨਹੀਂ ਚਾਹੀਦਾ, ਜਿਸ ਦੇ ਸਿਕਸ ਪੈਕ ਐਬਸ ਹੋਣ। ਜਿਨ੍ਹਾਂ ਨਾਲ ਮੇਰੀ ਕੁਸ਼ਤੀ ਸੀ, ਉਹ ਪ੍ਰੋਫੈਸ਼ਨਲ ਭਲਵਾਨ ਸਨ। ਉਨ੍ਹਾਂ ਨੂੰ ਵੀ ਹੁੰਦਾ ਹੈ ਕਿ ਅਸੀਂ ਆਪਣੀ ਭਲਵਾਨੀ ਕਲਾਕਾਰਾਂ ਨੂੰ ਦਿਖਾਈਏ। ਭਲਵਾਨੀ ਕਰਦਿਆਂ ਕੁਝ ਸੱਟਾਂ ਵੀ ਲੱਗੀਆਂ।

ਸਵਾਲ : ਪੀਰੀਅਡ ਫਿਲਮਾਂ ਤੁਹਾਡੀ ਆਪਣੀ ਪਸੰਦ ਹੈ ਜਾਂ ਸਕ੍ਰਿਪਟ ਨੂੰ ਤਰਜੀਹ ਦਿੰਦੇ ਹੋ?

ਗਗਨ ਕੋਕਰੀ : ਇਹ ਸਾਰੀ ਖੇਡ ਸਕ੍ਰਿਪਟ ਦੀ ਹੈ। ਮੈਂ ਹਮੇਸ਼ਾ ਸਕ੍ਰਿਪਟ ਹੀ ਦੇਖਦਾ ਹਾਂ। ਉਸ ਦੇ 'ਚ ਭਾਵੇਂ ਮੈਨੂੰ 50 ਸਾਲ ਅੱਗੇ ਭਵਿੱਖ ਵਾਲੀ ਫਿਲਮ ਮਿਲੇ, ਜੇ ਸਕ੍ਰਿਪਟ ਵਧੀਆ ਹੋਵੇਗੀ ਤਾਂ ਮੈਂ ਕਰਾਂਗਾ। ਇਸ ਫਿਲਮ ਦੀ ਸਕ੍ਰਿਪਟ ਮੈਨੂੰ ਵਧੀਆ ਲੱਗੀ। ਮੈਂ ਤਾਂ ਤੀਜੀ ਫਿਲਮ ਵੀ ਪੀਰੀਅਡ ਕਰ ਲਵਾਂਗਾ ਜੇ ਸਕ੍ਰਿਪਟ ਵਧੀਆ ਹੋਵੇਗੀ। ਇਸ ਤੋਂ ਇਲਾਵਾ ਮੈਂ ਬਾਇਓਪਿਕ ਕਰਨ 'ਚ ਬਹੁਤ ਦਿਲਚਸਪੀ ਰੱਖਦਾ ਹਾਂ।

ਸਵਾਲ : ਰਾਕੇਸ਼ ਮਹਿਤਾ ਬਾਕੀ ਡਾਇਰੈਕਟਰਾਂ ਨਾਲੋਂ ਕਿਵੇਂ ਅਲੱਗ ਹਨ?

ਮੋਨਿਕਾ ਗਿੱਲ : ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ। ਸਾਡੇ ਸਿਰਫ ਰੀਟੇਕ ਹੁੰਦੇ ਸਨ ਕਿਉਂਕਿ ਗਗਨ ਆਪਣੀ ਲਾਈਨ ਜਾਣਬੁਝ ਕੇ ਨਹੀਂ ਬੋਲਦੇ ਸਨ। ਰਾਕੇਸ਼ ਸਰ ਨੂੰ ਪਤਾ ਹੁੰਦਾ ਸੀ ਕਿ ਕਿਹੜਾ ਸੀਨ ਰੱਖਣਾ ਹੈ। ਜ਼ਿਆਦਾ ਟਾਈਮ ਜਾਂਦਾ ਸੀ ਸਿਰਫ ਗਗਨ ਦੀ ਮਸਤੀ 'ਚ। ਗਗਨ ਫੋਨ 'ਤੇ ਬਿਜ਼ੀ ਰਹਿੰਦੇ ਸਨ ਤੇ ਇਕ ਸੀਨ ਦੌਰਾਨ ਗਗਨ ਨੇ 22 ਰੀਟੇਕ ਲਏ, ਜਿਸ ਦਾ ਕਾਰਨ ਸੀ ਗਗਨ ਦੀ ਮਸਤੀ।

ਸਵਾਲ : ਫਿਲਮ ਦੀ ਸ਼ੂਟਿੰਗ ਕਿਥੇ ਹੋਈ ਤੇ ਸੈੱਟ ਕਿੰਨੇ ਸਮੇਂ 'ਚ ਤਿਆਰ ਹੋਇਆ?

ਗਗਨ ਕੋਕਰੀ : ਬਨੂੜ ਦੇ ਨਜ਼ਦੀਕੀ ਪਿੰਡ ਵਿਖੇ ਫਿਲਮ ਦੀ ਸ਼ੂਟਿੰਗ ਹੋਈ। ਸੈੱਟ ਨੂੰ ਬਣਾਉਣ 'ਚ ਲਗਭਗ 6 ਮਹੀਨੇ ਦਾ ਸਮਾਂ ਲੱਗਾ। ਅੱਜ ਵੀ ਉਥੇ ਸੈੱਟ ਮੌਜੂਦ ਹੈ। ਉਥੇ ਜਾ ਕੇ ਇੰਝ ਲੱਗਦਾ ਸੀ ਕਿ ਅਸੀਂ ਅਸਲ 'ਚ 1947 'ਚ ਪਹੁੰਚ ਗਏ ਹਾਂ। ਇਹ ਚੀਜ਼ ਪਰਦੇ 'ਤੇ ਵੀ ਤੁਹਾਨੂੰ ਆਪਣੇ ਵੱਲ ਖਿੱਚ ਕੇ ਰੱਖੇਗੀ।

'ਬਹੁਤ ਸਾਰੇ ਲੋਕਾਂ ਨੇ ਫਿਲਮ ਨੂੰ ਬਣਾਉਣ ਲਈ ਮਿਹਨਤ ਕੀਤੀ ਹੈ ਤੇ ਉਮੀਦ ਹੈ ਕਿ ਤੁਸੀਂ 5 ਅਪ੍ਰੈਲ ਨੂੰ ਇਹ ਫਿਲਮ ਦੇਖੋਗੇ ਤੇ ਸਾਡੀ ਮਿਹਨਤ ਨੂੰ ਫਲ ਲਗਾਓਗੇ। ਪੂਰੇ ਪਰਿਵਾਰ ਨਾਲ ਫਿਲਮ ਦੇਖ ਕੇ ਆਓ।'
—ਮੋਨਿਕਾ ਗਿੱਲ

'ਯਾਰਾ ਵੇ ਫਿਲਮ ਤੁਸੀਂ ਆਪਣੇ ਮਾਤਾ-ਪਿਤਾ, ਬੱਚਿਆਂ ਤੇ ਯਾਰਾਂ-ਦੋਸਤਾਂ ਨਾਲ ਦੇਖਣ ਜਾਓ। ਉਨ੍ਹਾਂ ਨੂੰ ਉਹ ਸਮਾਂ ਜ਼ਰੂਰ ਯਾਦ ਆਏਗਾ, ਜੋ ਉਨ੍ਹਾਂ ਨੇ ਹੰਡਾਇਆ ਤੇ ਬੱਚੇ ਫਿਲਮ ਦੇਖਣ ਤੋਂ ਬਾਅਦ ਆਪਣੇ ਬਜ਼ੁਰਗਾਂ ਨੂੰ ਇਹ ਜ਼ਰੂਰ ਪੁੱਛਣਗੇ ਕਿ ਸੱਚੀ ਇੰਝ ਹੋਇਆ ਸੀ। ਨਿੱਕੀਆਂ-ਨਿੱਕੀਆਂ ਚੀਜ਼ਾਂ 'ਚ ਕਾਮੇਡੀ ਵੀ ਦੇਖਣ ਨੂੰ ਮਿਲੇਗੀ। ਧੱਕੇ ਨਾਲ ਕਾਮੇਡੀ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।'
—ਗਗਨ ਕੋਕਰੀ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News