'ਯਾਰਾ ਵੇ' ਫਿਲਮ ਦਾ ਟਰੇਲਰ ਜਾਰੀ, ਦਰਸ਼ਕਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

Tuesday, March 12, 2019 9:26 AM
'ਯਾਰਾ ਵੇ' ਫਿਲਮ ਦਾ ਟਰੇਲਰ ਜਾਰੀ, ਦਰਸ਼ਕਾਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

ਜਲੰਧਰ (ਬਿਊਰੋ) — ਪ੍ਰਸਿੱਧ ਗਾਇਕ ਗਗਨ ਕੋਕਰੀ ਅਤੇ ਯੁਵਰਾਜ ਹੰਸ ਦੀ ਅਦਾਕਾਰੀ ਵਾਲੀ ਫਿਲਮ 'ਯਾਰਾ ਵੇ', ਜੋ ਕਿ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਦਾ ਟਰੇਲਰ ਜਾਰੀ ਹੋ ਗਿਆ ਹੈ। ਟਰੇਲਰ ਵਿਚ ਜਿੱਥੇ ਵੰਡ ਦਾ ਦਰਦ ਦਿਸਦਾ ਹੈ, ਉਥੇ ਜ਼ਿੰਦਗੀ ਦੀ ਸਾਦਗੀ ਅਤੇ ਦੋਸਤਾਂ ਦੀ ਦੋਸਤੀ ਦਿਖਾਈ ਦੇ ਰਹੀ ਹੈ। ਟਰੇਲਰ ਦੱਸਦਾ ਹੈ ਕਿ ਵੰਡ ਦਾ ਸੰਤਾਪ ਕਿਵੇਂ ਭੁਗਤਣਾ ਪਿਆ। ਹੱਸਦੇ ਖੇਡਦੇ ਪਰਿਵਾਰ ਕਿਵੇਂ ਉੱਜੜ ਗਏ। ਚੰਗੇ ਭਲੇ ਵਸਦੇ ਪਿੰਡਾਂ ਦੇ ਪਿੰਡ ਕਿਵੇਂ ਤਬਾਹ ਹੋ ਗਏ।

ਜ਼ਿਕਰਯੋਗ ਹੈ ਕਿ ਗਗਨ ਕੋਕਰੀ ਦੀ ਇਹ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ ਗਗਨ 'ਲਾਟੂ' ਰਾਹੀਂ ਵੱਡੇ ਪਰਦੇ 'ਤੇ ਹਾਜ਼ਰ ਹੋ ਚੁੱਕੇ ਹਨ। ਫਿਲਮ ਵਿਚ ਰਘਬੀਰ ਬੋਲੀ ਦਾ ਅਹਿਮ ਕਿਰਦਾਰ ਹੈ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ, ਮੋਨਿਕਾ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਦੀ ਅਦਾਕਾਰੀ ਕਮਾਲ ਹੈ। ਫਿਲਮ ਦੇ ਪ੍ਰੋਡਿਊਸਰ ਬੱਲੀ ਸਿੰਘ ਕੱਕੜ ਹਨ, ਜਿਨ੍ਹਾਂ ਨੂੰ ਪੰਜਾਬੀ ਤੇ ਹਿੰਦੀ ਸਿਨੇਮੇ ਨਾਲ ਬੇਹੱਦ ਮੁਹੱਬਤ ਹੈ। ਫਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ, ਜਿਨ੍ਹਾਂ ਦਾ ਨਿਰਦੇਸ਼ਨ ਖੇਤਰ ਵਿਚ ਚੋਖਾ ਤਜਰਬਾ ਹੈ।

ਟਰੇਲਰ ਨੂੰ ਮਿਲ ਰਹੇ ਹੁੰਗਾਰੇ 'ਤੇ ਗਗਨ ਕੋਕਰੀ ਨੇ ਕਿਹਾ ਕਿ 'ਯਾਰਾ ਵੇ' ਦੇ ਟਰੇਲਰ ਨੂੰ ਜਿਵੇਂ ਪਹਿਲੇ ਹੀ ਦਿਨ ਹੁੰਗਾਰਾ ਮਿਲਿਆ, ਇਸ ਨਾਲ ਸਾਡੀ ਸਾਰੀ ਟੀਮ ਦੇ ਹੌਸਲੇ ਬੁਲੰਦ ਹੋਏ ਹਨ। ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਦਰਸ਼ਕਾਂ ਨੂੰ ਸਾਡਾ ਪਹਿਲਾ ਸੁਨੇਹਾ ਇੰਨਾ ਪਸੰਦ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 'ਯਾਰਾ ਵੇ' ਫਿਲਮ ਦੋਸਤਾਂ ਦੀ ਦੋਸਤੀ ਤੇ ਸਾਂਝ ਨੂੰ ਤਾਂ ਪੇਸ਼ ਕਰੇਗੀ ਹੀ, ਇਸ ਵਿਚਲਾ ਹਾਸਾ ਠੱਠਾ ਦਰਸ਼ਕਾਂ ਨੂੰ ਲੋਟ ਪੋਟ ਕਰ ਦੇਵੇਗਾ।


Edited By

Sunita

Sunita is news editor at Jagbani

Read More