ਤਿੰਨ ਪੀੜ੍ਹੀਆਂ ਇਕੱਠੀਆਂ ਕੰਮ ਕਰਨਗੀਆਂ ਤਾਂ ਹੋਵੇਗਾ ਧਮਾਕਾ

Wednesday, August 29, 2018 9:16 AM
ਤਿੰਨ ਪੀੜ੍ਹੀਆਂ ਇਕੱਠੀਆਂ ਕੰਮ ਕਰਨਗੀਆਂ ਤਾਂ ਹੋਵੇਗਾ ਧਮਾਕਾ

ਧਰਮਿੰਦਰ, ਸੰਨੀ ਤੇ ਬੌਬੀ ਦਿਓਲ ਦੀ ਤਿਕੜੀ ਇਕ ਵਾਰ ਫਿਰ ਦਰਸ਼ਕਾਂ ਨੂੰ ਹਸਾਉਣ ਅਤੇ ਰੁਆਉਣ ਲਈ ਫਿਲਮੀ ਪਰਦੇ 'ਤੇ ਆ ਰਹੀ ਹੈ। ਇਸ ਫਿਲਮ ਦਾ ਪਹਿਲਾ ਪਾਰਟ ਸਾਲ 2011 'ਚ ਆਇਆ ਸੀ, ਜਿਸ ਨੇ ਬਾਕਸ ਆਫਿਸ 'ਤੇ ਧੂਮ ਮਚਾ ਦਿੱਤੀ ਸੀ। ਇਸ ਤੋਂ ਬਾਅਦ ਦੂਸਰਾ ਪਾਰਟ 2013 'ਚ ਰਿਲੀਜ਼ ਕੀਤਾ ਗਿਆ ਸੀ। ਇਸ ਨੂੰ ਵੀ ਦਰਸ਼ਕਾਂ ਨੇ ਠੀਕ-ਠਾਕ ਰਿਸਪੌਂਸ ਦਿੱਤਾ। ਹੁਣ ਇਹ ਤਿਕੜੀ ਤਕਰੀਬਨ 5 ਸਾਲ ਦੀ ਬਰੇਕ ਲੈ ਕੇ 'ਯਮਲਾ ਪਗਲਾ ਦੀਵਾਨਾ ਫਿਰ ਸੇ' ਲੈ ਕੇ ਇਕ ਨਵਾਂ ਧਮਾਕਾ ਕਰਨ ਆਈ ਹੈ। 31 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਵਿਚ ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ ਤੋਂ ਇਲਾਵਾ ਕ੍ਰਿਤੀ ਖਰਬੰਦਾ, ਬੀਨੂੰ ਢਿੱਲੋਂ ਤੇ ਜਾਨੀ ਲੀਵਰ ਹਨ। ਉਥੇ ਹੀ ਫਿਲਮ ਵਿਚ ਸਲਮਾਨ ਖਾਨ, ਸੋਨਾਕਸ਼ੀ ਸਿਨਹਾ ਅਤੇ ਰੇਖਾ ਕੈਮੀਓ ਰੋਲ 'ਚ ਹਨ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪੁੱਜੇ ਧਰਮਿੰਦਰ, ਸੰਨੀ, ਬੌਬੀ ਤੇ ਕ੍ਰਿਤੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
ਸੋਨਾਕਸ਼ੀ-ਸਲਮਾਨ ਨੇ ਲਾਏ ਫਿਲਮ 'ਚ ਚਾਰ ਚੰਨ : ਧਰਮਿੰਦਰ
'ਰੇਖਾ ਜੀ ਦੇ ਨਾਲ ਫਿਰ ਤੋਂ ਕੰਮ ਕਰਨਾ ਬਹੁਤ ਹੀ ਵਧੀਆ ਰਿਹਾ। ਉਨ੍ਹਾਂ ਦੇ ਇਸ ਗਾਣੇ ਵਿਚ ਹੋਣ ਨਾਲ ਅਸੀਂ ਵੀ ਜਵਾਨ ਹੋ ਗਏ। ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਅਸੀਂ ਛੋਟੇ ਜਿਹੇ ਬਗੀਚੇ ਵਿਚ ਨੱਚ ਰਹੇ ਸੀ ਅਤੇ ਹੁਣ ਅਸੀਂ ਪੂਰੇ ਵੱਡੇ ਜਿਹੇ ਬਾਗ ਵਿਚ ਨੱਚ ਰਹੇ ਹਾਂ, ਜਿਸ ਵਿਚ ਬਹੁਤ ਸਾਰੇ ਬੱਚੇ (ਸੋਨਾਕਸ਼ੀ ਤੇ ਸਲਮਾਨ) ਸਾਡੇ ਨਾਲ ਹਨ। ਇਨ੍ਹਾਂ ਨਾਲ ਫਿਲਮ 'ਚ ਚਾਰ ਚੰਨ ਲੱਗ ਗਏ।'
ਪੁਰਾਣੇ ਧਰਮਿੰਦਰ ਨੂੰ ਕਰਦਾ ਹਾਂ ਮਿਸ
'ਮੈਂ ਉਸ ਧਰਮਿੰਦਰ ਨੂੰ ਮਿਸ ਕਰਦਾ ਹਾਂ, ਜੋ ਕਦੇ ਐਕਟਰ ਬਣਨਾ ਚਾਹੁੰਦਾ ਸੀ ਪਰ ਫਿਰ ਜਦੋਂ ਲੋਕਾਂ ਤੋਂ ਮਿਲੇ ਪਿਆਰ ਬਾਰੇ ਸੋਚਦਾ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਮੈਂ ਬਹੁਤ ਵੱਡਾ ਐਕਟਰ ਬਣ ਚੁੱਕਾ ਹਾਂ। ਲੋਕਾਂ ਨੇ ਮੈਨੂੰ ਸੁਪਰਸਟਾਰ ਬਣਾਇਆ ਹੈ। ਬਾਕੀ ਮੈਂ ਇਸ ਦੀਵਾਨਗੀ ਨੂੰ ਕਾਇਮ ਰੱਖਣਾ ਚਾਹੁੰਦਾ ਹਾਂ। ਉਂਝ ਤਾਂ ਅਸਲ ਵਿਚ ਧਰਮਿੰਦਰ ਅਜੇ ਵੀ ਇਸੇ ਵਿਚ ਲੱਗਾ ਰਹਿੰਦਾ ਹੈ ਕਿ ਉਹ ਇਸ ਨਾਲੋਂ ਵੀ ਵਧੀਆ ਕੰਮ ਕਰੇ। ਦਰਅਸਲ, ਕੈਮਰਾ ਮੇਰੀ ਜ਼ਿੰਦਗੀ ਦਾ ਪਿਆਰ ਹੈ। ਜਦੋਂ ਵੀ ਇਸ ਦੇ ਸਾਹਮਣੇ ਆਉਣ ਦਾ ਮੌਕਾ ਮਿਲੇਗਾ ਮੈਂ ਕੰਮ ਕਰਾਂਗਾ।'
ਪਿੰਡ ਦੀ ਜ਼ਮੀਨ 'ਤੇ ਆਉਂਦਾ ਹੈ ਖੁੱਲ੍ਹਾ ਸਾਹ
'ਮੈਂ ਅੱਜ ਤਕ ਮੁੰਬਈ ਦੀ ਤੇਜ਼ ਰਫਤਾਰ ਲਾਈਫ ਵਿਚ ਐਡਜਸਟ ਨਹੀਂ ਕਰ ਸਕਿਆ। ਅੱਜ ਵੀ ਮੈਂ ਬਹੁਤ ਘੱਟ ਪਾਰਟੀਆਂ 'ਚ ਜਾਂਦਾ ਹਾਂ। ਸ਼ੁਰੂ-ਸ਼ੁਰੂ ਵਿਚ ਜਾਇਆ ਕਰਦਾ ਸੀ ਕਿ ਸਾਰੇ ਬੁਲਾ ਰਹੇ ਹਨ ਤਾਂ ਜਾਣਾ ਚਾਹੀਦਾ ਹੈ। ਮੈਨੂੰ ਜਾਨਵਰਾਂ, ਪੰਛੀਆਂ ਅਤੇ ਕੁਦਰਤ ਨਾਲ ਬਹੁਤ ਪਿਆਰ ਹੈ। ਇਸ ਦੇ ਲਈ ਮੈਨੂੰ ਸਮਾਂ ਕੱਢ ਕੇ ਪਿੰਡ ਜਾਣਾ ਪੈਂਦਾ ਹੈ, ਜੋ ਬਹੁਤ ਖੂਬਸੂਰਤ ਹੈ ਅਤੇ ਮੈਨੂੰ ਬਹੁਤ ਪਸੰਦ ਵੀ ਹੈ। ਉਥੇ ਮੇਰਾ ਦਮ ਨਹੀਂ ਘੁੱਟਦਾ ਬਲਕਿ ਉਸ ਜ਼ਮੀਨ 'ਤੇ ਮੈਨੂੰ ਖੁੱਲ੍ਹਾ ਸਾਹ ਆਉਂਦਾ ਹੈ। ਬਾਕੀ ਮੇਰਾ ਪਰਿਵਾਰ ਬਹੁਤ ਸੱਚਾ ਹੈ। ਸਾਰੇ ਜਾਣਦੇ ਹਨ ਕਿ ਸਾਡੇ ਅੰਦਰ ਕੁਝ ਵੀ ਬਨਾਉਟੀ ਨਹੀਂ ਹੈ।'
ਧਰਮਿੰਦਰ ਜੀ ਨੂੰ ਦੇਖ ਕੇ ਹੋਈ ਸੀ ਹੈਰਾਨ : ਕ੍ਰਿਤੀ ਖਰਬੰਦਾ
'ਜਦੋਂ ਅਸੀਂ ਧਰਮਿੰਦਰ ਜੀ ਨਾਲ ਹੈਦਰਾਬਾਦ ਵਿਚ ਸ਼ੂਟਿੰਗ ਕਰ ਰਹੇ ਸੀ ਤਾਂ ਉਥੇ ਦੂਰ-ਦੂਰ ਦੇ ਸ਼ਹਿਰਾਂ ਤੋਂ ਫੈਨਜ਼ ਉਨ੍ਹਾਂ ਨੂੰ ਮਿਲਣ ਆਏ ਹੁੰਦੇ ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਧਰਮਿੰਦਰ ਜੀ ਨੇ ਬਿਨਾਂ ਕੁਝ ਕਹੇ ਆਰਾਮ ਨਾਲ ਇਕ-ਇਕ ਨਾਲ ਫੋਟੋਆਂ ਖਿਚਵਾਈਆਂ। ਉਨ੍ਹਾਂ ਵਿਚ ਬਹੁਤ ਪੇਸ਼ੈਂਸ ਹੈ ਅਤੇ ਉਹ ਬਹੁਤ ਹੀ ਚੰਗੇ ਇਨਸਾਨ ਹਨ। ਉਨ੍ਹਾਂ ਕੋਲੋਂ ਬਹੁਤ 
ਕੁਝ ਸਿੱਖਣ ਨੂੰ ਮਿਲਿਆ।' ਮੈਂ ਕਦੇ ਸੋਚਿਆ ਨਹੀਂ ਕਿ ਇਸ ਤਰ੍ਹਾਂ ਇਕੱਠੇ ਕਈ ਦਿੱਗਜਾਂ (ਰੇਖਾ, ਧਰਮਿੰਦਰ, ਸੰਨੀ) ਦੇ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਮੈਂ ਆਪਣੀ ਖੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ।
ਕਾਫੀ ਸਮੇਂ ਤੋਂ ਦਿਮਾਗ 'ਚ ਸੀ 'ਰਾਫਤਾ-ਰਾਫਤਾ' : ਬੌਬੀ
'ਅਸੀਂ 'ਯਮਲਾ ਪਗਲਾ ਦੀਵਾਨਾ-1' ਤੋਂ ਸੋਚ ਰਹੇ ਸੀ ਕਿ 'ਰਾਫਤਾ-ਰਾਫਤਾ' ਗਾਣਾ ਫਿਲਮ ਵਿਚ ਫਿਰ ਤੋਂ ਲਵਾਂਗੇ ਪਰ ਉਹ ਹੁਣ 'ਯਮਲਾ ਪਗਲਾ ਦੀਵਾਨਾ ਫਿਰ ਸੇ' ਵਿਚ ਜਾ ਕੇ ਪੂਰਾ ਹੋਇਆ ਹੈ। ਸਲਮਾਨ ਤੇ ਰੇਖਾ ਜੀ ਨਾਲ ਕੰਮ ਕਰਨਾ ਬੇਹੱਦ ਮਜ਼ੇਦਾਰ ਰਿਹਾ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।'
ਪਾਪਾ ਦੀ ਕਾਮਿਕ ਟਾਈਮਿੰਗ ਸਭ ਤੋਂ ਵਧੀਆ
ਹਰ ਫਿਲਮ ਦਾ ਆਪਣਾ ਵੱਖਰਾ ਐਕਸਪੀਰੀਐਂਸ ਹੁੰਦਾ ਹੈ। ਜਦੋਂ ਅਸੀਂ ਸਾਰੇ 'ਯਮਲਾ ਪਗਲਾ ਦੀਵਾਨਾ-1' ਕਰ ਰਹੇ ਸੀ ਤਾਂ ਅਸੀਂ ਤਿੰਨਾਂ ਨੇ ਕਾਮੇਡੀ ਕਰਨੀ ਸੀ। ਸਾਡੇ ਤਿੰਨਾਂ ਵਿਚੋਂ ਪਾਪਾ ਦੀ ਕਾਮਿਕ ਟਾਈਮਿੰਗ ਸਭ ਤੋਂ ਵਧੀਆ ਹੁੰਦੀ ਸੀ। ਉਸ ਸਮੇਂ ਬਹੁਤ ਮਜ਼ਾ ਆਉਂਦਾ ਸੀ। ਪਹਿਲੇ ਪਾਰਟ ਵਿਚ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਸੀ। 'ਯਮਲਾ ਪਗਲਾ ਦੀਵਾਨਾ-2' ਵਿਚ ਅਸੀਂ ਇੰਗਲੈਂਡ 'ਚ ਸ਼ੂਟਿੰਗ ਕੀਤੀ। ਇਹ ਵੀ ਸਾਡੇ ਲਈ ਬਹੁਤ ਮਜ਼ੇਦਾਰ ਸੀ। ਹੁਣ ਇਸ ਵਾਰ ਅਸੀਂ ਜ਼ਿਆਦਾਤਰ ਸ਼ੂਟਿੰਗ ਹੈਦਰਾਬਾਦ ਤੇ ਮੁੰਬਈ ਵਿਚ ਕੀਤੀ ਹੈ। ਇਸ ਵਾਰ ਸਾਡੀ ਫੈਮਿਲੀ ਵਿਚ ਕਈ ਮੈਂਬਰ ਵਧ ਗਏ ਹਨ। ਸਾਰਿਆਂ ਨਾਲ ਕੰਮ ਕਰ ਕੇ ਬਹੁਤ ਚੰਗਾ ਲੱਗਾ।'
ਕਾਮੇਡੀ ਅਤੇ ਇਮੋਸ਼ਨ ਦਾ ਧਮਾਲ : ਸੰਨੀ ਦਿਓਲ
'ਯਮਲਾ ਪਗਲਾ ਦੀਵਾਨਾ' ਫ੍ਰੈਂਚਾਈਜ਼ੀ ਦੇ ਇਸ ਤੀਸਰੇ ਪਾਰਟ 'ਚ ਕਾਮੇਡੀ ਤੇ ਇਮੋਸ਼ਨ ਦਾ ਧਮਾਲ ਦੇਖਣ ਨੂੰ ਮਿਲੇਗਾ। ਪਹਿਲੇ ਦੋਵਾਂ ਪਾਰਟਸ ਨਾਲੋਂ ਇਸ ਵਾਰ ਜ਼ਿਆਦਾ ਵਧੀਆ ਸਟੋਰੀ ਹੈ ਅਤੇ ਸਾਰੇ ਕਿਰਦਾਰ ਪਹਿਲਾਂ ਨਾਲੋਂ ਜ਼ਿਆਦਾ ਮਜ਼ੇਦਾਰ ਹੋਣਗੇ, ਜੋ ਲੋਕਾਂ ਨੂੰ ਬਹੁਤ ਪਸੰਦ ਆਉਣਗੇ।
ਤਿੰਨ ਪੀੜ੍ਹੀਆਂ ਇਕੱਠੀਆਂ ਕੰਮ ਕਰਨਗੀਆਂ ਤਾਂ ਹੋਵੇਗਾ ਧਮਾਕਾ
ਆਪਣੇ ਬੇਟੇ ਬਾਰੇ ਗੱਲ ਕਰਦੇ ਹੋਏ ਸੰਨੀ ਕਹਿੰਦੇ ਹਨ, ''ਹਰ ਚੀਜ਼ ਦਾ ਸਮਾਂ ਹੁੰਦਾ ਹੈ। ਉਂਝ ਮੈਂ ਦਿਲੋਂ ਚਾਹੁੰਦਾ ਹਾਂ ਕਿ ਅਸੀਂ ਚਾਰੇ ਇਕੱਠੇ ਇਕ ਫਿਲਮ ਕਰੀਏ। ਮੇਰਾ ਬੇਟਾ ਜਦੋਂ ਡੈਬਿਊ ਕਰੇਗਾ, ਉਦੋਂ ਦੇਖਦੇ ਹਾਂ ਕੀ ਹੁੰਦਾ ਹੈ। ਬਾਕੀ ਤਾਂ ਜਦੋਂ ਤਿੰਨੋਂ ਪੀੜ੍ਹੀਆਂ ਇਕੱਠੀਆਂ ਕੰਮ ਕਰਨਗੀਆਂ ਤਾਂ ਕੁਝ ਧਮਾਕੇਦਾਰ ਹੋਣਾ ਸੰਭਵ ਹੈ।''
ਬੇਹੱਦ ਮੁਸ਼ਕਿਲ ਹੈ ਰੀਮੇਕ ਬਣਾਉਣਾ
ਆਪਣੀਆਂ ਫਿਲਮਾਂ ਦੇ ਰੀਮੇਕ ਬਣਾਉਣ ਦੀ ਚਰਚਾ ਸਬੰਧੀ ਸੰਨੀ ਕਹਿੰਦੇ ਹਨ ਕਿ ਕਰੈਕਟਰ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੈਨੂੰ ਵੀ ਆਪਣੀਆਂ ਕਈ ਫਿਲਮਾਂ ਬਹੁਤ ਪਸੰਦ ਹਨ, ਜਿਨ੍ਹਾਂ ਦਾ ਮੈਂ ਰੀਮੇਕ ਬਣਾਉਣਾ ਚਾਹੁੰਦਾ ਹਾਂ ਪਰ ਉਨ੍ਹਾਂ ਫਿਲਮਾਂ ਨੂੰ ਇਕ ਵਾਰ ਫਿਰ ਤੋਂ ਬਣਾਉਣਾ ਬੇਹੱਦ ਮੁਸ਼ਕਿਲ ਹੈ।'
 


Edited By

Sunita

Sunita is news editor at Jagbani

Read More