ਯੰਗਵੀਰ ਆਪਣੇ ਲੇਟੈਸਟ ਗੀਤ 'ਭੈਣ ਦੀ ਸ਼ਿੱਕੀ' ਨਾਲ ਵਿਵਾਦਾਂ 'ਚ, ਅਸ਼ਲੀਲਤਾ ਤੇ ਹਿੰਸਾ ਨੂੰ ਕਰ ਰਿਹੈ ਪ੍ਰਮੋਟ

Saturday, October 6, 2018 5:58 PM
ਯੰਗਵੀਰ ਆਪਣੇ ਲੇਟੈਸਟ ਗੀਤ 'ਭੈਣ ਦੀ ਸ਼ਿੱਕੀ' ਨਾਲ ਵਿਵਾਦਾਂ 'ਚ, ਅਸ਼ਲੀਲਤਾ ਤੇ ਹਿੰਸਾ ਨੂੰ ਕਰ ਰਿਹੈ ਪ੍ਰਮੋਟ

ਜਲੰਧਰ (ਬਿਊਰੋ)— ਪੰਜਾਬੀ ਗਾਇਕ ਯੰਗਵੀਰ ਆਪਣੇ ਨਵੇਂ ਗੀਤ 'ਭੈਣ ਦੀ ਸ਼ਿੱਕੀ' ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਹਨ। ਜਦੋਂ ਤੋਂ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਉਸੇ ਸਮੇਂ ਤੋਂ ਇਹ ਗੀਤ ਆਪਣੇ ਅਸ਼ਲੀਲ ਟਾਈਟਲ ਨੂੰ ਲੈ ਕੇ ਵਿਵਾਦਾਂ 'ਚ ਛਾਇਆ ਹੋਇਆ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਿੰਗਰਜ਼, ਜੋ ਆਪਣੇ ਗੀਤਾਂ 'ਚ ਨਸ਼ੇ ਅਤੇ ਹਥਿਆਰਾਂ ਦਾ ਜ਼ਿਕਰ ਕਰਦੇ ਅਤੇ ਲੱਚਰ ਗੀਤ ਗਾਉਂਦੇ ਸਨ, ਉਨ੍ਹਾਂ ਖਿਲਾਫ ਕਾਰਵਾਈ ਦੀ ਗੱਲ ਆਖੀ ਗਈ ਸੀ, ਜਿਸ ਤੋਂ ਬਾਅਦ ਗਾਇਕਾਂ ਨੂੰ ਉਚਿਤ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਸਨ। ਯੰਗਵੀਰ ਦੇ ਇਸ ਗੀਤ ਦੇ ਬੋਲ ਨੌਜਵਾਨਾਂ 'ਚ ਅਸ਼ਲੀਲਤਾ, ਹਿੰਸਾ ਨੂੰ ਪ੍ਰਮੋਟ ਕਰਦੇ ਹਨ। ਇਸ ਦੇ ਉਲਟ ਗੀਤ ਦੇ ਮੇਕਰਸ ਨੇ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ, ''ਇਹ ਗੀਤ ਅਸ਼ਲੀਲਤਾ ਤੇ ਹਿੰਸਾ ਨੂੰ ਪ੍ਰਮੋਟ ਨਹੀਂ ਕਰਦਾ ਸਗੋਂ ਇਹ ਇਕ ਕਾਮੇਡੀ ਸੌਂਗ ਹੈ।

ਲੋਕਾਂ ਨੇ ਵੀ ਇਸ ਗੀਤ ਦੇ ਸਿਰਲੇਖ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਤੇ ਕਿਹਾ ਹੈ ਕਿ ਇਹ ਇਕ ਇਤਰਾਜ਼ਯੋਗ ਟਾਈਟਲ ਹੈ ਅਤੇ ਸਿੰਗਰਾਂ ਨੂੰ ਅਜਿਹੇ ਗੀਤ ਗਾਉਣ ਤੋਂ ਬੱਚਣਾ ਚਾਹੀਦਾ ਹੈ, ਜੋ ਹਥਿਆਰ, ਹਿੰਸਾ ਜਾਂ ਕਿਸੇ ਵੀ ਇਤਰਾਜ਼ਯੋਗ ਸ਼ਬਦਾਂ ਨੂੰ ਪ੍ਰਮੋਟ ਕਰਦੇ ਹੈ। ਇਹ ਨੌਜਵਾਨਾਂ 'ਚ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਖੇਤਰੀ ਕੈਂਪਸ, ਸਾਬਕਾ ਡੀਨ, ਅਕਾਦਮਿਕ ਮਾਮਲਿਆਂ ਅਤੇ ਸਪੈਸ਼ਲ ਡਿਊਟੀ 'ਤੇ ਮੌਜੂਦਾ ਅਧਿਕਾਰੀ ਡਾ. ਕਮਲੇਸ਼ ਸਿੰਘ ਦੁੱਗਲ, ਜੋ ਇਕ ਪ੍ਰਸਿੱਧ ਲੇਖਕ ਹਨ, ਨੇ ਕਿਹਾ ਕਿ ਸਿੰਗਰਜ਼ ਵਲੋਂ ਗਾਏ ਜਾਣ ਵਾਲੇ ਅਜਿਹੇ ਗੀਤ ਪੰਜਾਬੀ ਚੈਨਲਾਂ 'ਤੇ ਪੰਜਾਬੀ ਮਾਂ ਬੋਲੀ ਨੂੰ ਠੇਸ ਪਹੁੰਚਾ ਰਹੇ ਹਨ।

ਜ਼ਿਕਰਯੋਗ ਹੈ ਕਿ ਟੀਜ਼ਰ 'ਚ ਯੰਗਵੀਰ ਤੇ ਵਿੱਕੀ ਗਿੱਲ ਕੈਦੀਆਂ ਵਾਲੇ ਕੱਪੜਿਆਂ 'ਚ ਹਨ, ਜਿਨ੍ਹਾਂ ਨੂੰ ਪੁਲਸ ਥਾਣੇ ਲਿਆਂਦਾ ਗਿਆ ਹੈ। ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਗੀਤ ਨੂੰ ਡਾਇਰੈਕਟ ਸੁਖਦੀਪ ਸੁੱਖੀ ਨੇ ਕੀਤਾ ਹੈ। ਇਸ ਦੇ ਪ੍ਰੋਡਿਊਸਰ ਵਿਵੇਕ ਓਹਰੀ ਹਨ ਤੇ ਗੀਤ ਯੈਲੋ ਮਿਊਜ਼ਿਕ ਦੇ ਬੈਨਰ ਹੇਠ ਬਹੁਤ ਜਲਦ ਰਿਲੀਜ਼ ਹੋਵੇਗਾ।


Edited By

Chanda Verma

Chanda Verma is news editor at Jagbani

Read More