ਪ੍ਰਭਾਵਸ਼ਾਲੀ ਸੰਗੀਤ ਸਮਾਗਮ ਮੌਕੇ ਲੋਕ ਗਾਇਕ ਬਲਵੀਰ ਢਿੱਲੋਂ ਦੀ ਐਲਬਮ ''ਕਸਤੂਰੀ'' ਦੀ ਹੋਈ ਘੁੰਡ ਚੁਕਾਈ

10/17/2017 5:31:53 PM

ਲੰਡਨ, (ਰਾਜਵੀਰ ਸਮਰਾ)— ਅੱਜ ਕਿੰਗਸਵੇ ਬੈਂਕੁਇਟ ਹਾਲ ਹੰਸਲੋ ਵਿਖੇ ਕਰਵਾਏ ਗਏ ਸ਼ਾਨਦਾਰ ਸਮਾਗਮ ਮੌਕੇ ਯੂ. ਕੇ. ਦੇ ਉੱਭਰਦੇ ਲੋਕ ਗਾਇਕ ਬਲਵੀਰ ਢਿੱਲੋਂ ਦੀ ਪਰਿਵਾਰਕ ਗੀਤਾਂ ਨਾਲ ਸਜੀ 'ਕਸਤੂਰੀ' ਐਲਬਮ ਦੀ ਘੁੰਡ ਚੁਕਾਈ ਹੋਈ। ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਘੁੰਡ ਚੁਕਾਈ ਦੀ ਰਸਮ ਨਿਭਾਉਂਦਿਆਂ ਕਿਹਾ ਕਿ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ਲੋਕ ਗਾਇਕ ਬਲਵੀਰ ਢਿੱਲੋਂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਲਵੀਰ ਢਿੱਲੋਂ ਦੀ ਐਲਬਮ 'ਕਸਤੂਰੀ' ਪੰਜਾਬੀ ਸੰਗੀਤ ਪ੍ਰੇਮੀਆਂ ਨੂੰ ਦੀਵਾਲੀ ਤੋਹਫ਼ੇ ਵਜੋਂ ਹੀ ਦਿੱਤੀ ਗਈ ਹੈ। ਇਸੇ ਤਰ੍ਹਾਂ ਉੱਘੇ ਕਲਾ ਤੇ ਖੇਡ ਪ੍ਰਮੋਟਰ ਅਮਨਦੀਪ ਸਿੰਘ ਘੁੰਮਣ (ਪ੍ਰਧਾਨ ਮਹਾਰਾਜਾ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਲੰਡਨ) ਨੇ ਸਮਾਗਮ 'ਚ ਪਹੁੰਚੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਤਨ ਤੇ ਮਨ ਨਾਲ ਸੇਵਾ ਕਰਨ ਵਾਲੇ ਹਰੇਕ ਕਲਾਕਾਰ ਤੇ ਹਰੇਕ ਖੇਡ ਪ੍ਰਮੋਟਰ ਦਾ ਸਨਮਾਨ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਆਪਣੀ ਪੰਜਾਬੀ ਐਲਬਮ 'ਕਸਤੂਰੀ' ਦੇ ਰਿਲੀਜ਼ ਸਮਾਗਮ ਮੌਕੇ ਲੋਕ ਗਾਇਕ ਬਲਵੀਰ ਢਿੱਲੋਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਦੋਂ ਸਰੋਤੇ ਕਿਸੇ ਗੀਤ ਜਾਂ ਐਲਬਮ ਨੂੰ ਪਸੰਦ ਕਰਦੇ ਹਨ ਤਾਂ ਹਰੇਕ ਕਲਾਕਾਰ ਨੂੰ ਦਿਲੀਂ ਖੁਸ਼ੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਐਲਬਮ 'ਕਸਤੂਰੀ' 'ਚ ਸਾਰੇ ਗੀਤ ਉਨ੍ਹਾਂ ਦੇ ਹੀ ਲਿਖੇ ਗਏ ਹਨ ਤੇ ਐਲਬਮ ਦਾ ਸੰਗੀਤ ਕੇ. ਵੀ. ਸਿੰਘ ਨੇ ਤਿਆਰ ਕੀਤਾ ਹੈ ਤੇ ਐਲਬਮ ਦੇ ਸਾਰੇ ਗੀਤ ਸਰੋਤਿਆਂ ਦੇ ਦਿਲਾਂ 'ਚ ਤਰੰਗ ਛੇੜਨਗੇ। ਐਲਬਮ 'ਕਸਤੂਰੀ' ਦੀ ਘੁੰਡ ਚੁਕਾਈ ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਲੰਡਨ ਅਸੈਂਬਲੀ ਡਾ. ਉਂਕਾਰ ਸਹੋਤਾ, ਸਾਬਕਾ ਮੇਅਰ ਸਚਿਨ ਗੁਪਤਾ, ਕਾਂਗਰਸੀ ਆਗੂ ਜੋਗਾ ਸਿੰਘ ਢੰਡਵਾਲ, ਕੌਂਸਲਰ ਰਾਜੂ ਸੰਸਾਰਪੁਰੀ, ਰੇਡੀਓ ਪੇਸ਼ਕਾਰ ਵਰਿੰਦਰ ਵਿਰਕ, ਰਣਧੀਰ ਵਿਰਕ, ਬਿੱਟੂ ਖੰਗੂੜਾ, ਉਮਰਾਓ ਸਿੰਘ ਅਟਵਾਲ, ਮੋਨੂੰ ਡੁੱਗਰੀ ਤੇ ਬਲਵਿੰਦਰ ਸਿੰਘ ਰੰਧਾਵਾ, ਰੇਡੀਓ ਪੇਸ਼ਕਾਰ ਪਰਮਜੀਤ ਪੰਮੀ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗੀਤ ਪ੍ਰੇਮੀ ਹਾਜ਼ਰ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News