''ਰਣਵੀਰ-ਦੀਪਿਕਾ ਦੇ ਵਿਆਹ ''ਚ ਨਹੀਂ ਹੋਈ ਗੁਰ ਮਰਿਆਦਾ ਦੀ ਉਲੰਘਣਾ''

11/18/2018 2:18:16 PM

ਰੋਮ (ਕੈਂਥ)— 15 ਨਵੰਬਰ ਨੂੰ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਦੇ ਇਟਲੀ ਦੇ ਲੇਕ ਕੋਮੋ ਵਿਖੇ ਹੋਏ ਵਿਆਹ ਦੌਰਾਨ ਗੁਰ ਮਰਿਆਦਾ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਸੀ। ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਤੇ ਹੋਰ ਸਿੱਖ ਸੰਗਤ ਨੇ ਵਿਰੋਧ ਜਤਾਇਆ ਸੀ ਕਿ ਰਣਵੀਰ-ਦੀਪਿਕਾ ਦੇ ਵਿਆਹ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਹੋਟਲ ਵਿਖੇ ਲਿਆਂਦਾ ਗਿਆ, ਜਿਥੇ ਵਿਆਹ ਸਮਾਗਮ ਚੱਲ ਰਿਹਾ ਸੀ। ਹਾਲਾਂਕਿ ਇਸ ਮਾਮਲੇ 'ਤੇ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੌਰੀ ਨੇ ਸਪੱਸ਼ਟੀਕਰਨ ਦਿੱਤਾ ਹੈ।

ਸੁਰਿੰਦਰਜੀਤ ਸਿੰਘ ਪੰਡਰੀ ਨੇ ਕਿਹਾ, 'ਇਹ ਖਬਰ ਸਰਾਸਰ ਝੂਠ ਹੈ ਕਿ ਰਣਵੀਰ-ਦੀਪਿਕਾ ਦੇ ਵਿਆਹ 'ਚ ਗੁਰ ਮਰਿਆਦਾ ਦੀ ਉਲੰਘਣਾ ਹੋਈ ਹੈ। ਸੱਚਾਈ ਇਹ ਹੈ ਕਿ ਵਿਆਹ ਦੀਆਂ ਰਸਮਾਂ ਤੋਂ ਕੁਝ ਸਮਾਂ ਪਹਿਲਾਂ ਦੀਪਿਕਾ-ਰਣਵੀਰ ਆਪਣੇ ਪਰਿਵਾਰ ਸਮੇਤ ਫਲੈਰੋ ਗੁਰੂ ਘਰ ਵਿਖੇ ਆਏ ਸਨ ਤੇ ਉਨ੍ਹਾਂ ਨੇ ਆਨੰਦ ਕਾਰਜ ਕਰਵਾਉਣ ਲਈ ਗੁਰੂ ਘਰ ਦੀ ਕਮੇਟੀ ਨੂੰ ਬੇਨਤੀ ਕੀਤੀ ਸੀ। ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਆਨੰਦ ਕਾਰਜ ਦੀ ਰਸਮ ਨੂੰ ਮੀਡੀਆ 'ਚ ਨਾ ਆਉਣ ਦਿੱਤਾ ਜਾਵੇ। 15 ਨਵੰਬਰ ਨੂੰ ਇਸ ਜੋੜੀ ਦਾ ਆਨੰਦ ਕਾਰਜ ਪੂਰਨ ਗੁਰ ਮਰਿਯਾਦਾ ਤੇ ਸਤਿਕਾਰ ਭਾਵਨਾ ਨਾਲ ਹੋਇਆ ਹੈ।'

ਦੱਸਣਯੋਗ ਹੈ ਕਿ ਇਟਲੀ 'ਚ ਵਿਆਹ ਕਰਵਾਉਣ ਤੋਂ ਬਾਅਦ ਰਣਵੀਰ ਤੇ ਦੀਪਿਕਾ ਅੱਜ ਭਾਰਤ ਪਹੁੰਚ ਚੁੱਕੇ ਹਨ। ਏਅਰਪੋਰਟ 'ਤੇ ਦੋਵਾਂ ਦਾ ਫੈਨਜ਼ ਵਲੋਂ ਨਿੱਘਾ ਸੁਆਗਤ ਕੀਤਾ ਗਿਆ। ਸਹੁਰੇ ਘਰ 'ਚ ਵੀ ਦੀਪਿਕਾ ਦਾ ਗ੍ਰਹਿ ਪ੍ਰਵੇਸ਼ ਹੋ ਚੁੱਕਾ ਹੈ। ਹੁਣ ਰਣਵੀਰ-ਦੀਪਿਕਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪਹਿਲੀ ਰਿਸੈਪਸ਼ਨ ਪਾਰਟੀ 21 ਨਵੰਬਰ ਨੂੰ ਬੰਗਲੌਰ ਵਿਖੇ ਹੋਵੇਗੀ, ਜਦਕਿ ਦੂਜੀ 28 ਨਵੰਬਰ ਨੂੰ ਮੁੰਬਈ ਵਿਖੇ ਹੋਵੇਗੀ, ਜਿਥੇ ਬਾਲੀਵੁੱਡ ਦੀਆਂ ਮਸ਼ਹੂਰ ਸ਼ਖਸੀਅਤਾਂ ਸ਼ਾਮਲ ਹੋਣਗੀਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News