ਵਾਰਿਸ ਭਰਾਵਾਂ ਦਾ ਸ਼ੋਅ ਵਿਰਸੇ ਦੀ ਬਾਤ ਪਾਉਂਦਾ ਪੰਜਾਬ ਨੂੰ ਚੇਤਿਆਂ ਵਿੱਚ ਵਸਾ ਗਿਆ

9/1/2019 7:18:50 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਵਿਰਾਸਤ ਇੰਟਰਟੇਨਮੈਂਟ ਤੇ ਮੈੱਕਲਾਨ ਕਾਲਜ ਵਲੋ 'ਪੰਜਾਬੀ ਵਿਰਸਾ 2019' ਬਹੁਤ ਹੀ ਉਤਸ਼ਾਹ ਨਾਲ ਸਲੀਮਨ ਸਪੋਰਟਸ ਕਲੱਬ ਚੈਂਡਲਰ ਵਿਖੇ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ ਤੇ ਫ਼ਤਿਹ ਪ੍ਰਤਾਪ ਸਿੰਘ ਵਲੋਂ ਸਾਂਝੇ ਤੌਰ 'ਤੇ ਐਤਵਾਰ ਸ਼ਾਮ ਨੂੰ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਸ਼ੋਅ ’ਚ ਸਥਾਨਕ ਕਲਾਕਾਰਾਂ ਉਪਰੰਤ ਬੀਤੇ ਢਾਈ ਦਹਾਕਿਆਂ ਤੋਂ ਪਰਿਵਾਰਿਕ ਤੇ ਉਸਾਰੂ ਗੀਤਾਂ ਦੇ ਪਹਿਰੇਦਾਰ ਤੇ ਪੰਜਾਬੀਆਂ ਦੇ ਮਾਣਮੱਤੇ ਹਰਮਨ ਪਿਆਰੇ ਪੰਜਾਬੀ ਗਾਇਕੀ ’ਚ ਵਿਰਸੇ ਦੇ ਵਾਰਿਸ ਵਜੋ ਜਾਣੇ ਜਾਦੇ ਵਾਰਿਸ ਭਰਾ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਸਾਂਝੇ ਤੌਰ 'ਤੇ ਗੀਤ ‘ਅਸੀ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ’, 'ਇਕੋ ਘਰ ਨਹੀਂ ਜੰਮਣਾ ਮੁੜ ਟੱਬਰ ਦੇ ਜੀਆਂ ਨੇ', ‘ਹੋਰ ਕੋਈ ਥਾਂ ਲੈ ਨਹੀਂ ਸਕਦਾ ਸਕੇ ਭਰਾਵਾਂ ਦੀ’, ਪੇਸ਼ ਕੀਤਾ ਤਾਂ ਸਰੋਤਿਆਂ 'ਚ ਜੋਸ਼ ਭਰ ਦਿੱਤਾ।ਉਪਰੰਤ ਸੰਗਤਾਰ ਨੇ ਆਪਣੀ ਗਾਇਕੀ ਰਾਹੀਂ ਗੀਤ 'ਮੈਤੋਂ ਈ-ਮੇਲਾ ਤੇਰੀਆਂ ਡੀਲੀਟ ਹੋ ਗਈਆਂ', ਤੇ ਸ਼ੇਅਰੋ-ਸ਼ਾਇਰੀ ਦੁਆਰਾ ਸਰੋਤਿਆਂ ਨੂੰ ਮੰਤਰ ਮੁਗਧ ਕਰਕੇ ਹਾਜ਼ਰੀ ਲਗਵਾਈ। ਇਸ ਤੋਂ ਬਾਅਦ ਕਮਲ ਹੀਰ ਨੇ ਸਟੇਜ 'ਤੇ ਆਪਣੇ ਨਵੇ ਤੇ ਪੁਰਾਣੇ ਗੀਤਾਂ 'ਨਿੱਤ ਨਵੇਂ ਨਾ ਯਾਰ ਬਣਾ ਸਪੀਡਾਂ ਘੱਟ ਕਰ ਲੈ', 'ਰਾਤੀਂ ਉਹਦੀ ਫੋਟੋ ਵੇਖੀ ਫੇਸਬੁੱਕ ਤੇ ਮੈਂ, 'ਕਮਲੀ ਕਮਲੀ', 'ਜਿੰਦੇਂ ਨੀ ਜਿੰਦੇਂ', ਤੇ ਕੈਂਠੇ ਵਾਲਾ’, ਆਦਿ ਨਾਲ ਦਸਤਕ ਦਿੱਤੀ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜ-ਗੜਾਹਟ ਵਿਚ ਗੂਜ ਉੱਠਿਆ।

ਕਮਲ ਹੀਰ ਦੇ ਸੁਰੀਲੇ ਸੁਰਾਂ ਤੇ ਸੰਗੀਤ ਦੀ ਤਾਲ ਨਾਲ ਸਰੋਤਿਆਂ ਨੂੰ ਆਪ ਮੁਹਾਰੇ ਨੱਚਣ ਟੱਪਣ ਲਈ ਮਜਬੂਰ ਕਰੀ ਰੱਖਿਆ ਤੇ ਮਾਹੌਲ ਵਿੱਚ ਸੰਗੀਤਮਈ ਗਰਮਾਹਟ ਭਰ ਦਿੱਤੀ। ਅਖੀਰ ’ਚ ਪੰਜਾਬੀਆਂ ਦੇ ਹਰਮਨ ਪਿਆਰੇ ਮਹਿਬੂਬ ਗਾਇਕ ਤੇ ਵਿਰਸੇ ਦੇ ਵਾਰਿਸ ਮਨਮੋਹਣ ਵਾਰਿਸ ਨੇ ਜਦੋਂ ਸਟੇਜ ’ਤੇ ਆਪਣੇ ਨਵੇਂ ਤੇ ਪੁਰਾਣੇ ਸੱਭਿਆਚਰਕ ਗੀਤਾਂ ਜਿਨ੍ਹਾਂ ’ਚ 'ਕਿਤੇ ਕੱਲੀ ਬਹਿ ਕੇ ਸੋਚੀਂ ਨੀ', 'ਪੇਂਡੂ ਹੋਣ ਦੀ ਨਾ ਕਦੇ ਸੰਗ ਮੰਨੀਏ', ‘ਕੋਕਾ ਕਰਕੇ ਧੋਖਾ’, 'ਨੀਂਦ ਡਰਾਈਵਰ ਨੂੰ ਨਾ ਆਵੇ', 'ਨਾ ਕੱਢੀਏ ਮਾਂ ਦੀ ਗਾਲ ਕਦੇ', ‘ਸੁੱਚਾ ਸੂਰਮਾ’, ‘ਫੁਲਕਾਰੀ’, 'ਦੋ ਤਾਰਾ ਵੱਜਦਾ', ਆਦਿ ਗੀਤਾਂ ਅਤੇ ਪੰਜਾਬ ਦੀ ਜਵਾਨੀ, ਕਿਸਾਨੀ ਤੇ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਿਆਂ ਪੰਜਾਬ ਤੇ ਪੰਜਾਬੀਅਤ ਦੇ ਪਿਆਰ ਤੇ ਸਾਝ ਦਾ ਸੁਨੇਹਾਂ ਦਿੰਦਿਆਂ ਪੰਜਾਬ ਨੂੰ ਚੇਤਿਆਂ ਵਿੱਚ ਵਸਾ ਦਿੱਤਾ ਤਾ ਹਾਲ ਵਿੱਚ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆਂ ਤੇ ਸਰੋਤਿਆਂ ਨੂੰ ਦੇਰ ਰਾਤ ਤੱਕ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਪੰਜਾਬੀ ਵਿਰਸਾ ਸ਼ੋਅ ਨੂੰ ਸਿਖਰਾ ਤੱਕ ਪਹੁੰਚਾ ਕੇ ਭਰਪੂਰ ਮੰਨੋਰੰਜਨ ਕੀਤਾ।

ਜਿਕਰਯੋਗ ਹੈ ਕਿ ਵਾਰਿਸ ਭਰਾਵਾਂ ਦੇ ਸ਼ੋਅ ’ਚ ਵੱਡੀ ਗਿਣਤੀ ਵਿੱਚ ਆਏ ਹੋਏ ਪਰਿਵਾਰਾਂ ਨੇ ਸਾਬਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ।ਪਲਾਜ਼ਮਾਂ ਕੰਪਨੀ ਦੇ ਡਾਇਰੈਕਟਰ ਤੇ ਪੰਜਾਬੀ ਜਾਗ੍ਰਿਤੀ ਮੰਚ ਦੇ ਸਕੱਤਰ ਦੀਪਕ ਬਾਲੀ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਵਾਰਿਸ ਭਰਾਵਾਂ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਦੁਨੀਆਂ ਭਰ ’ਚ ਕੀਤੇ ਜਾ ਰਹੇ ਸ਼ੋਅ ਸਰੋਤਿਆਂ ਦੇ ਭਰਵੇ ਹੁੰਗਾਰੇ ਨਾਲ ਲਗਾਤਾਰ ਸੋਲਡ ਆਊਟ ਜਾ ਰਹੇ ਹਨ ਜੋ ਕਿ ਸ਼ੁਭ ਸ਼ਗਨ ਹੈ।ਵਾਰਿਸ ਭਰਾਵਾਂ ਦਾ ‘ਪੰਜਾਬੀ ਵਿਰਸਾ ਸ਼ੋਅ’ ਵਿਰਸੇ ਦੀ ਬਾਤ ਪਾਉਦਾ ਹੋਇਆ ਅਮਿੱਟ ਪੈੜਾਂ ਛੱਡਦਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ।ਮੰਚ ਦਾ ਸੰਚਾਲਨ ਦੀਪਕ ਬਾਲੀ ਵਲੋਂ ਸ਼ੇਅਰੋ-ਸ਼ਾਇਰੀ ਦੁਆਰਾ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunny Mehra

This news is Edited By Sunny Mehra

Related News