ਸਨਹੌਜ਼ੇ 'ਚ ਵਾਰਿਸ ਭਰਾਵਾਂ ਦਾ ਸ਼ੋਅ ਸਫਲਤਾ ਦੇ ਨਵੇਂ ਝੰਡੇ ਗੱਡਣ 'ਚ ਰਿਹਾ ਸਫਲ

5/23/2018 11:43:51 AM

ਸਨਹੌਜ਼ੇ (ਬਿਊਰੋ)— ਅਮਰੀਕਾ ਵਸਦੇ ਪੰਜਾਬੀਆਂ ਨੂੰ ਆਪਣੀ ਗਾਇਕੀ ਨਾਲ ਝੂਮਣ ਲਈ ਮਜਬੂਰ ਕਰ ਰਹੇ ਵਾਰਿਸ ਭਰਾਵਾਂ ਦੇ ਹਰ ਸ਼ੋਅ ਨੂੰ ਮਿਲ ਰਹੀ ਸਫਲਤਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਭਾਵੇਂ ਕਈ ਲੋਕਾਂ ਵਲੋਂ ਗੀਤ-ਸੰਗੀਤ ਦੇ ਬਦਲੇ ਮਿਜ਼ਾਜ ਦੀ ਗੱਲ ਉਭਾਰੀ ਜਾ ਰਹੀ ਹੈ ਪਰ ਚੰਗੀ ਗਾਇਕੀ ਤੇ ਸ਼ਾਇਰੀ ਨੂੰ ਲੋਕ ਅੱਜ ਵੀ ਓਨਾ ਹੀ ਪਸੰਦ ਕਰਦੇ ਹਨ ਜਿੰਨਾ ਕਿ ਪਹਿਲਾਂ ਕਰਦੇ ਸਨ। ਇਸ ਗੱਲ ਦਾ ਨਮੂਨਾ ਟਰਿੱਪਲ ਐੱਸ ਕੰਪਨੀ ਵਲੋਂ ਸਾਨ ਫਰਾਂਸਿਸਕੋ ਦੇ ਲਾਗੇ ਸ਼ਹਿਰ ਸਨਹੋਜ਼ੇ ਦੇ ਸ਼ੋਅ 'ਚ ਦੇਖਣ ਨੂੰ ਮਿਲਿਆ, ਜਿਥੇ ਵਾਰਿਸ ਭਰਾਵਾਂ ਨੂੰ ਸੁਣਨ ਲਈ ਇਹ ਸ਼ੋਅ ਦੋ ਹਫਤੇ ਪਹਿਲਾਂ ਹੀ ਸੋਲਡ ਆਊਟ ਹੋ ਗਿਆ ਸੀ। 
ਸ਼ੋਅ ਦੇਖਣ ਪਹੁੰਚੇ ਦਰਸ਼ਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਇਸ ਸ਼ੋਅ  ਦੀ ਵਿਲੱਖਣਤਾ ਇਹ ਸੀ ਕਿ ਵਾਰਿਸ ਭਰਾਵਾਂ ਨੇ ਕਮਰਸ਼ੀਅਲ ਗਾਇਕੀ ਦੇ ਨਾਲ-ਨਾਲ ਉੱਤਮ ਸ਼ਾਇਰੀ ਦੀ ਪੇਸ਼ਕਾਰੀ ਵੀ ਦਿਲ ਨਾਲ ਕੀਤੀ। ਦਰਸ਼ਕਾਂ ਨਾਲ ਖਚਾਖਚ ਭਰੇ ਹਾਲ 'ਚ ਵਾਰਿਸ ਭਰਾਵਾਂ ਨੂੰ ਦੇਖਣ-ਸੁਣਨ ਦੀ ਉਤਸੁਕਤਾ ਪਲ-ਪਲ ਹੋਰ ਵਧ ਰਹੀ ਸੀ। ਤਿੰਨਾਂ ਭਰਾਵਾਂ ਵਲੋਂ ਰੱਬ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਸੰਗਤਾਰ ਨੇ ਮਾਈਕ ਸੰਭਾਲਿਆ ਤੇ ਹਾਜ਼ਰੀਨ ਨਾਲ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕਰਦਿਆਂ ਗੀਤ ਪੇਸ਼ ਕੀਤਾ, ਇਸ ਤੋਂ ਬਾਅਦ ਵਾਰੀ ਆਈ ਕਮਲ ਹੀਰ ਦੀ, ਕਮਲ ਨੇ ਸੱਤ-ਅੱਠ ਗੀਤ ਗਾਏ, ਜਿਨ੍ਹਾਂ 'ਚ 'ਜੱਟ ਪੂਰਾ ਦੇਸੀ ਸੀ' 'ਡਾਕਰ ਜ਼ਮੀਨ', ਕੈਂਠੇ ਵਾਲਾ', 'ਮਹੀਨਾ ਭੈੜਾ ਮਈ ਦਾ' ਸਮੇਤ ਬਹੁਤ ਸਾਰੇ ਨਵੇਂ ਤੇ ਪੁਰਾਣੇ ਗੀਤ ਗਾ ਕੇ ਹਾਜ਼ਰ ਸਰੋਤਿਆ ਨੂੰ ਕੀਲਿਆ।
ਸ਼ੋਅ ਦੇ ਅਖੀਰ 'ਚ ਵਾਰੀ ਆਈ ਆਪਣੀ ਬੁਲੰਦ ਆਵਾਜ਼ ਨਾਲ 'ਖਾਧੀਆਂ ਖੁਰਾਕਾਂ ਕੰਮ ਆਉਣੀਆਂ,' 'ਧੀਆਂ ਬਚਾਓ, ਰੁੱਖ ਲਗਾਓ', ਪਾਣੀ ਦਾ ਸਤਿਕਾਰ ਕਰੋ' ਆਦਿ ਸਾਹਿਤਕ ਤੇ ਸਭਿਆਚਾਰਕ ਗੀਤ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਉਣ ਵਾਲੇ ਤੇ ਪੰਜਾਬੀ ਲੋਕ ਗਾਇਕੀ ਦੇ ਵਾਰਿਸ ਕਹਾਉਂਦੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਦੀ। ਸਟੇਜ ਸੰਭਾਲਣ ਤੋਂ ਬਾਅਦ ਮਨਮੋਹਨ ਵਾਰਿਸ ਨੇ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ,' 'ਚੀਨਾ ਜੱਟ ਦਾ ਬਨੇਰੇ 'ਤੇ,' 'ਸੱਜਣਾ ਦੀ ਫੁੱਲਕਾਰੀ ਦੇ', ' ਸੱਚ ਨਹੀਂ ਦੱਸਦੀ' ਸਮੇਤ ਹੋਰ ਕਈ ਨਵੇਂ ਤੇ ਪੁਰਾਣੇ ਗੀਤਾਂ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ। 
ਸਮਾਪਤੀ ਮੌਕੇ ਪ੍ਰਬੰਧਕਾਂ ਵਲੋਂ ਤਿੰਨਾਂ ਭਰਾਵਾਂ ਨੂੰ ਗਾਇਕੀ 'ਚ ਉਨ੍ਹਾਂ ਵਲੋਂ ਪਾਏ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਅਤੇ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਵਲੋਂ ਲਿਖੀ ਨਵੀਂ ਕਿਤਾਬ 'ਤਸਵੀਰ' ਨੂੰ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ਼ੋਅ ਦੇ ਪ੍ਰਬੰਧਕ ਸੰਤੋਖ ਸਿੰਘ ਜੱਜ, ਸੁਖਦੇਵ ਸਿੰਘ ਗਰੇਵਾਲ, ਸਤਨਾਮ ਸਿੰਘ ਬੱਲ, ਪਰਮਿੰਦਰ ਸਿੰਘ ਢਿੱਲੋਂ ਹਾਲੈਂਡ, ਪ੍ਰਸਿੱਧ ਗੀਤਕਾਰ ਮੰਗਲ ਹਠੂਰ, ਨਿਰਮਲਜੀਤ ਸਿੰਘ ਸਹੋਤਾ ਐੱਸ. ਪੀ., ਕੁਮਾਰ ਜੀ, ਅਮਲੋਕ ਸਿੰਘ ਗਾਖਲ, ਗੁਰਦਿਆਲ ਸਿੰਘ ਬੱਲ ਰਮੀਦੀ, ਅਮਰਜੀਤ ਸਿੰਘ ਬੰਟੀ ਤੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਵਿਸ਼ੇਸ਼ ਰੂਪ 'ਚ ਹਾਜ਼ਰ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News