ਕਨਫਿਊਜ਼ਨ ਤੇ ਮਸਤੀ ਦਾ ਡਬਲ ਡੋਜ਼ ਦੇਵੇਗੀ ''ਕੈਰੀ ਆਨ ਜੱਟਾ 2''

5/27/2018 9:39:26 AM

ਜਲੰਧਰ(ਬਿਊਰੋ)— ਅੱਜਕਲ ਹਰ ਪਾਸੇ ਫਿਲਮ 'ਕੈਰੀ ਆਨ ਜੱਟਾ 2' ਦੇ ਚਰਚੇ ਹਨ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਿਲਮ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ, ਜਿਸ ਦੇ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ। ਫਿਲਮ ਦੀ ਟੀਮ ਪ੍ਰਮੋਸ਼ਨ ਦੇ ਸਿਲਸਿਲੇ 'ਚ ਅੱਜ 'ਜਗ ਬਾਣੀ' ਦੇ ਦਫਤਰ ਪੁੱਜੀ। ਇਸ ਦੌਰਾਨ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਵੱਲੋਂ ਫਿਲਮ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼
6 ਸਾਲਾਂ ਬਾਅਦ ਫਿਲਮ ਦਾ ਸੀਕੁਅਲ ਆ ਰਿਹਾ ਹੈ। ਇਸ ਪਿੱਛੇ ਕੀ ਵਜ੍ਹਾ ਸੀ?
ਗਿੱਪੀ ਗਰੇਵਾਲ : ਮੈਂ ਜਿਹੜੀ ਵੀ ਫਿਲਮ ਦੀ ਪ੍ਰਮੋਸ਼ਨ ਲਈ ਜਾਂਦਾ ਸੀ, ਮੈਨੂੰ ਇਹੀ ਪੁੱਛਿਆ ਜਾਂਦਾ ਸੀ ਕਿ 'ਕੈਰੀ ਆਨ ਜੱਟਾ 2' ਕਦੋਂ ਆਉਣੀ ਹੈ। ਮੈਨੂੰ ਇੰਝ ਲੱਗਣ ਲੱਗ ਗਿਆ ਸੀ ਕਿ ਫਿਲਮ ਹੁਣ ਬਣਾਉਣੀ ਹੀ ਪੈਣੀ ਹੈ ਤੇ ਜੇ ਫਿਲਮ ਬਣਾਉਣੀ ਹੈ ਤਾਂ ਦੱਬ ਕੇ ਤਿਆਰੀ ਕੀਤੀ ਜਾਵੇ। ਸਕ੍ਰਿਪਟ ਚੁਣਨ ਲਈ ਸਾਡੀ ਟੀਮ ਨੇ ਬੈਠ ਕੇ ਬਹੁਤ ਮਿਹਨਤ ਕੀਤੀ। ਮੈਂ ਸਮੀਪ ਨੂੰ ਕਹਿੰਦਾ ਸੀ ਕਿ 99 'ਤੇ ਰਹਿ ਗਏ ਤਾਂ ਅਸੀਂ ਫੇਲ ਹਾਂ, ਸਾਨੂੰ 101 'ਤੇ ਜਾਣਾ ਪਵੇਗਾ। ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਤੇ ਪੁਰਾਣੀ ਫਿਲਮ ਨਾਲੋਂ ਕਿਤੇ ਉਪਰ ਇਸ ਦਾ ਲੈਵਲ ਲੈ ਕੇ ਗਏ ਹਾਂ। ਜਿਨ੍ਹਾਂ ਨੂੰ ਪਹਿਲੀ ਫਿਲਮ ਵਧੀਆ ਲੱਗੀ ਸੀ, ਉਨ੍ਹਾਂ ਨੂੰ ਤਾਂ ਇਹ ਬਾ-ਕਮਾਲ ਲੱਗੇਗੀ।
ਫਿਲਮ 'ਚ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਅ ਰਹੇ ਹੋ?
ਸੋਨਮ ਬਾਜਵਾ : ਮੇਰਾ ਕਿਰਦਾਰ ਤਾਂ ਸਿੱਧੀ-ਸਾਦੀ ਕੁੜੀ ਦਾ ਹੈ। ਫਿਲਮ 'ਚ ਸਾਰੇ ਸ਼ਾਤਿਰ ਲੋਕ ਹਨ। ਇਨ੍ਹਾਂ ਨੇ ਕੁੜੀ ਦੀ ਸ਼ਰੀਫੀ ਦਾ ਨਾਜਾਇਜ਼ ਫਾਇਦਾ ਚੁੱਕਿਆ ਹੈ। ਮੈਨੂੰ ਤੁਸੀਂ ਟਰੇਲਰ 'ਚ ਵੀ ਦੇਖਿਆ ਹੋਣਾ ਕਿ ਕੁਝ ਸਮਝ ਹੀ ਨਹੀਂ ਆ ਰਿਹਾ। ਮੈਂ ਤਾਂ ਵਿਆਹ ਕਰਵਾਉਣਾ ਚਾਹੁੰਦੀ ਸੀ, ਉਹ ਕਰਵਾਇਆ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਇਹ ਤੁਸੀਂ ਫਿਲਮ 'ਚ ਦੇਖੋਗੇ।
ਸਭ ਤੋਂ ਵੱਧ ਸੈੱਟ 'ਤੇ ਡਾਇਲਾਗਸ ਸੁਣ ਕੇ ਕੌਣ ਹੱਸਦਾ ਸੀ?
ਗਿੱਪੀ ਗਰੇਵਾਲ : ਕੋਈ ਵੀ ਡਾਇਲਾਗ ਸੈੱਟ 'ਤੇ ਜੇਕਰ ਬੋਲਿਆ ਜਾਂਦਾ ਸੀ ਤਾਂ ਸੋਨਮ ਜ਼ਰੂਰ ਹੱਸਦੀ ਸੀ, ਖਾਸ ਕਰ ਕੇ ਜਦੋਂ ਜਸਵਿੰਦਰ ਭੱਲਾ ਦਾ ਡਾਇਲਾਗ ਹੁੰਦਾ ਸੀ ਤਾਂ ਸੋਨਮ ਬਹੁਤ ਹੱਸਦੀ ਸੀ। ਕਦੇ-ਕਦੇ ਤਾਂ ਇੰਝ ਹੁੰਦਾ ਸੀ ਕਿ ਜਸਵਿੰਦਰ ਭੱਲਾ ਡਾਇਲਾਗ ਨਹੀਂ ਵੀ ਬੋਲਦੇ ਤਾਂ ਵੀ ਸੋਨਮ ਹੱਸਦੀ ਰਹਿੰਦੀ ਸੀ।
ਆਮ ਤੌਰ 'ਤੇ ਟਰੇਲਰ 'ਚ ਹੀ ਜ਼ਬਰਦਸਤ ਸੀਨਜ਼ ਦਿਖਾ ਦਿੱਤੇ ਜਾਂਦੇ ਹਨ। ਤੁਸੀਂ ਕੀ ਕਹੋਗੇ ਇਸ ਬਾਰੇ?
ਗਿੱਪੀ ਗਰੇਵਾਲ : ਮੇਰੀ ਇਸ ਗੱਲ ਨੂੰ ਲੈ ਕੇ ਸ਼ਿਕਾਇਤ ਸੀ। ਮੈਂ ਸਮੀਪ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਕਿ ਜਿੰਨੀ ਵਧੀਆ ਫਿਲਮ ਹੈ, ਓਨਾ ਵਧੀਆ ਟਰੇਲਰ ਨਹੀਂ ਹੈ। ਮੈਂ ਪਹਿਲਾਂ ਆਪਣੇ-ਆਪ ਇਕ ਟਰੇਲਰ ਕਟਵਾਇਆ ਸੀ। ਮੈਨੂੰ ਲੱਗਦਾ ਸੀ ਕਿ ਜਦੋਂ ਇਹ ਟਰੇਲਰ ਰਿਲੀਜ਼ ਹੋਵੇਗਾ ਤਾਂ ਹਰ ਪਾਸੇ ਧੁੰਮਾਂ ਪੈ ਜਾਣਗੀਆਂ। ਫਿਲਮ ਬਾਰੇ ਮੈਨੂੰ ਕਹਿਣ ਲੱਗੇ ਕਿ ਇਸ ਨਾਲ ਸਸਪੈਂਸ ਖੁੱਲ੍ਹ ਜਾਵੇਗਾ। ਫਿਰ ਜਿਸ ਤਰ੍ਹਾਂ ਪੁਰਾਣੀ ਫਿਲਮ ਦਾ ਟਰੇਲਰ ਕੱਟਿਆ ਸੀ, ਉਸੇ ਤਰ੍ਹਾਂ ਇਸ ਫਿਲਮ ਦਾ ਟਰੇਲਰ ਕੱਟਿਆ ਗਿਆ। ਟਰੇਲਰ 'ਚ ਜਿੰਨੀ ਕਨਫਿਊਜ਼ਨ ਤੇ ਮਸਤੀ ਦਿਖਾਈ ਗਈ ਹੈ, ਫਿਲਮ 'ਚ ਇਸ ਤੋਂ ਡਬਲ ਦੇਖਣ ਨੂੰ ਮਿਲੇਗੀ।
'ਕੈਰੀ ਆਨ ਜੱਟਾ 2' ਤੋਂ ਬਾਅਦ ਹੋਰ ਕਿਹੜੀ ਫਿਲਮ ਦਾ ਸੀਕੁਅਲ ਬਣਾ ਰਹੇ ਹੋ?
ਗਿੱਪੀ ਗਰੇਵਾਲ : ਇਸ ਫਿਲਮ ਤੋਂ ਬਾਅਦ ਮੇਰੀ ਫਿਲਮ 'ਮੰਜੇ ਬਿਸਤਰੇ 2' ਆ ਰਹੀ ਹੈ। ਉਸ ਫਿਲਮ ਦਾ ਪਲਾਟ ਵੀ ਅਲੱਗ ਹੋਵੇਗਾ। ਨਵੇਂ ਸਿਰੇ ਤੋਂ ਫਿਲਮ ਬਣੇਗੀ। 'ਕੈਰੀ ਆਨ ਜੱਟਾ' ਵਾਂਗ ਜਿਵੇਂ 'ਕੈਰੀ ਆਨ ਜੱਟਾ 2' 'ਚ ਫਿਲਮ ਦੇ ਕਿਰਦਾਰ ਪੁਰਾਣੇ ਹਨ, ਉਸੇ ਤਰ੍ਹਾਂ 'ਮੰਜੇ ਬਿਸਤਰੇ' ਵਾਂਗ 'ਮੰਜੇ ਬਿਸਤਰੇ 2' 'ਚ ਵੀ ਫਿਲਮ ਦੇ ਕਿਰਦਾਰ ਪੁਰਾਣੇ ਹਨ। ਦੋਵਾਂ ਸੀਕੁਅਲਾਂ 'ਚ ਸਿਰਫ ਕਹਾਣੀ ਨਵੀਂ ਹੈ।
ਫਿਲਮ ਦੀ ਸ਼ੂਟਿੰਗ ਕਿਥੇ ਹੋਈ ਤੇ ਕਿੰਨੇ ਦਿਨਾਂ 'ਚ ਪੂਰੀ ਹੋਈ?
ਗਿੱਪੀ ਗਰੇਵਾਲ : ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਤੇ ਉਸ ਦੇ ਆਲੇ-ਦੁਆਲੇ ਹੋਈ ਹੈ। ਜਿਵੇਂ ਪਿਛਲੀ ਫਿਲਮ 'ਚ ਘਰ ਦੇ ਅੰਦਰਲੇ ਜ਼ਿਆਦਾ ਸੀਨਜ਼ ਦਿਖਾਏ ਗਏ, ਇਸ 'ਚ ਵੀ ਉਸੇ ਤਰ੍ਹਾਂ ਘਰ ਅੰਦਰ ਜ਼ਿਆਦਾ ਫਿਲਮ ਬਣਾਈ ਗਈ ਹੈ। ਫਿਲਮ ਦੀ ਸ਼ੂਟਿੰਗ 45-50 ਦਿਨਾਂ 'ਚ ਖਤਮ ਹੋਈ। ਸਭ ਨੂੰ ਪਤਾ ਫਿਲਮ ਦੀ ਸਟਾਰਕਾਸਟ ਕਾਫੀ ਵੱਡੀ ਸੀ, ਇਸ ਲਈ ਕਈ ਵਾਰ ਛੋਟੇ ਜਿਹੇ ਸੀਨ ਨੂੰ ਫਿਲਮਾਉਂਦਿਆਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News