ਸੀਕ੍ਰੇਟ ਮਿਸ਼ਨ 'ਚ ਥ੍ਰਿਲ ਦਾ ਤੜਕਾ ਹੈ 'ਪ੍ਰਮਾਣੂ'

5/24/2018 9:56:41 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਮਸ਼ਹੂਰ ਅਦਾਕਾਰ ਤੇ ਫਿਲਮਕਾਰ ਜਾਨ ਅਬ੍ਰਾਹਮ ਆਪਣੀ ਆਉਣ ਵਾਲੀ ਫਿਲਮ 'ਪ੍ਰਮਾਣੂ : ਦਿ ਸਟੋਰੀ ਆਫ ਪੋਖਰਣ' ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਇਹ ਫਿਲਮ 1998 ਵਿਚ ਹੋਏ ਪੋਖਰਣ ਪ੍ਰਮਾਣੂ ਪ੍ਰੀਖਣ ਦੀ ਕਹਾਣੀ 'ਤੇ ਆਧਾਰਿਤ ਹੈ। ਫਿਲਮ ਦੇ ਲੀਡ ਰੋਲ ਵਿਚ ਜਾਨ ਅਬ੍ਰਾਹਮ ਅਤੇ ਉਨ੍ਹਾਂ ਦੇ ਆਪੋਜ਼ਿਟ ਅਦਾਕਾਰਾ ਡਾਇਨਾ ਪੇਂਟੀ ਹੈ। 25 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ। ਦਿੱਲੀ ਪਹੁੰਚੀ ਫਿਲਮ ਦੀ ਸਟਾਰ ਕਾਸਟ ਨੇ 'ਨਵੋਦਿਆ ਟਾਈਮਜ਼/ਜਗ ਬਾਣੀ' ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ : 
ਲੋਕਾਂ ਨੂੰ ਇਸਦੀ ਜਾਣਕਾਰੀ ਨਹੀਂ
ਮੈਨੂੰ ਲਗਦਾ ਹੈ ਕਿ 1998 ਦੇ ਪੋਖਰਣ ਪ੍ਰੀਖਣ ਨੇ ਭਾਰਤ ਨੂੰ ਰੀਡਿਫਾਈਨ ਕੀਤਾ ਸੀ। ਪੂਰੀ ਦੁਨੀਆ ਵਿਚ ਇਸ ਮੂਮੈਂਟ ਤੋਂ ਬਾਅਦ ਭਾਰਤ ਦਾ ਨਾਂ ਇਕ ਵੱਡੀ ਤਾਕਤ ਦੇ ਰੂਪ ਵਿਚ ਉੱਭਰਿਆ। ਮੇਰਾ ਮੰਨਣਾ ਹੈ ਕਿ ਇਸ ਕਹਾਣੀ 'ਤੇ ਫਿਲਮ ਬਣਨੀ ਇਸ ਲਈ ਜ਼ਰੂਰੀ ਸੀ ਕਿ ਅੱਧੇ ਤੋਂ ਵੱਧ ਭਾਰਤੀ ਅੱਜ ਵੀ ਪ੍ਰਮਾਣੂ ਦਾ ਮਤਲਬ ਨਹੀਂ ਜਾਣਦੇ। ਇਹ ਵੀ ਨਹੀਂ ਜਾਣਦੇ ਕਿ ਪੋਖਰਣ ਵਿਚ ਕੀ ਹੋਇਆ ਸੀ। ਸਿਰਫ ਨੌਜਵਾਨ ਹੀ ਨਹੀਂ, 30 ਤੋਂ 35 ਸਾਲ ਦੇ ਲੋਕਾਂ ਨੂੰ ਵੀ ਇਸਦੀ ਜਾਣਕਾਰੀ ਨਹੀਂ ਹੈ।
ਬੇਹੱਦ ਕਾਬਿਲ ਹਨ ਨਵੇਂ ਐਕਟਰਸ
ਇਕ ਪ੍ਰੋਡਿਊਸਰ ਹੋਣ ਦੇ ਨਾਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਫਿਲਮ ਇੰਡਸਟਰੀ ਵਿਚ ਆ ਰਹੇ ਨਵੇਂ ਐਕਟਰਸ ਬੇਹੱਦ ਕਾਬਿਲ ਹਨ। ਰਾਜਕੁਮਾਰ ਰਾਵ, ਆਯੁਸ਼ਮਾਨ ਖੁਰਾਣਾ, ਵਰੁਣ ਧਵਨ ਅਤੇ ਟਾਈਗਰ ਸ਼ਰਾਫ ਸਮੇਤ ਬਾਕੀ ਹੋਰ ਵੀ ਕਈ ਲੋਕਾਂ ਦੇ ਮੈਂ ਬੇਹੱਦ ਕਰੀਬ ਹਾਂ, ਇਹ ਸਾਰੇ ਮੇਰੇ ਦੋਸਤ ਹਨ। ਮੈਂ ਜਦੋਂ ਵੀ ਆਪਣੇ ਪ੍ਰੋਡਕਸ਼ਨ ਹਾਊਸ ਵਿਚ ਕਿਸੇ ਕਹਾਣੀ ਨੂੰ ਚੁਣਦਾ ਹਾਂ ਤਾਂ ਇਨ੍ਹਾਂ ਲੋਕਾਂ ਨੂੰ ਵੀ ਧਿਆਨ ਵਿਚ ਰੱਖਦਾ ਹਾਂ ਕਿ ਉਨ੍ਹਾਂ ਨੂੰ ਲੈ ਕੇ ਫਿਲਮ ਬਣਾ ਸਕਾਂ। ਹੁਣ ਅਜਿਹਾ ਹੋ ਗਿਆ ਹੈ ਕਿ ਜ਼ਿਆਦਾਤਰ ਐਕਟਰ ਖੁਦ ਨੂੰ ਮਜ਼ਬੂਤ ਬਣਾਉਣ ਲਈ ਨਿਰਮਾਤਾ ਬਣ ਗਏ ਹਨ ਪਰ ਮੇਰਾ ਮੰਨਣਾ ਹੈ ਕਿ ਮੈਨੂੰ ਆਪਣੇ ਪ੍ਰੋਡਕਸ਼ਨ ਹਾਊਸ ਰਾਹੀਂ ਖੁਦ ਦੇ ਨਾਲ-ਨਾਲ ਇੰਡਸਟਰੀ ਦੇ ਦੂਜੇ ਐਕਟਰਸ ਨੂੰ ਵੀ ਮਜ਼ਬੂਤ ਬਣਾਉਣਾ ਹੈ।
ਮੈਂ ਆਪਣੇ ਪਾਪਾ ਦਾ ਫੈਨ ਹਾਂ
ਮੈਂ ਆਪਣੇ ਪਾਪਾ ਦਾ ਫੈਨ ਹਾਂ, ਉਹ ਬਹੁਤ ਹੀ ਸ਼ਰੀਫ ਇਨਸਾਨ ਹਨ। ਉਨ੍ਹਾਂ ਨੇ ਨਾ ਕਦੀ ਕਿਸੇ ਨੂੰ ਰਿਸ਼ਵਤ ਦਿੱਤੀ ਅਤੇ ਨਾ ਹੀ ਲਈ ਹੈ। ਉਹ ਹਮੇਸ਼ਾ ਮੈਨੂੰ ਕਹਿੰਦੇ ਆਏ ਹਨ ਕਿ ਮੰਦਿਰ, ਮਸਜਿਦ, ਗੁਰਦੁਆਰੇ ਅਤੇ ਚਰਚ ਜਾਣ ਨਾਲ ਤੁਸੀਂ ਚੰਗੇ ਇਨਸਾਨ ਨਹੀਂ ਬਣਦੇ, ਸਿਰਫ ਚੰਗੇ ਕੰਮ ਕਰਨ ਨਾਲ ਚੰਗੇ ਇਨਸਾਨ ਬਣਦੇ ਹੋ। ਮੇਰੇ ਪਾਪਾ ਦੇ ਜੋ ਦਿੱਤੇ ਹੋਏ ਸੰਸਕਾਰ ਹਨ, ਉਹ ਮੇਰੇ ਲਈ ਸਭ ਤੋਂ ਪਹਿਲਾਂ ਹਨ। ਮੈਨੂੰ ਮਾਣ ਮਹਿਸੂਸ ਹੁੰਦਾ ਹੈ।
ਸਾਰਿਆਂ ਨੂੰ ਜਾਣਨਾ ਚਾਹੀਦੈ ਆਪਣਾ ਇਤਿਹਾਸ
ਲੋਕਾਂ ਨੂੰ ਲਗਦਾ ਸੀ ਕਿ ਮੈਂ 'ਕਾਕਟੇਲ' ਤੋਂ ਬਾਅਦ ਉਸੇ ਤਰ੍ਹਾਂ ਸਵੀਟ ਅਤੇ ਸਾਦੀ ਲੜਕੀ ਦੇ ਕਿਰਦਾਰ ਨਿਭਾਵਾਂਗੀ ਪਰ ਮੈਂ ਉਨ੍ਹਾਂ ਦੀ ਗੱਲ ਨੂੰ ਗਲਤ ਸਾਬਤ ਕਰਨਾ ਚਾਹੁੰਦੀ ਸੀ। ਮੈਂ ਉਨ੍ਹਾਂ ਦੀ ਚੁਣੌਤੀ ਸਵੀਕਾਰ ਕੀਤੀ ਅਤੇ 'ਪ੍ਰਮਾਣੂ' ਵਿਚ ਕੰਮ ਕੀਤਾ। ਮੈਂ 'ਪ੍ਰਮਾਣੂ' ਬਾਰੇ ਕੁਝ ਖਾਸ ਨਹੀਂ ਜਾਣਦੀ ਸੀ ਪਰ ਫਿਲਮ ਕਰਨ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਜਾਣਿਆ ਕਿ ਕਦੋਂ ਕੀ ਹੋਇਆ। ਮੇਰਾ ਮੰਨਣਾ ਹੈ ਕਿ ਲੋਕਾਂ ਨੂੰ ਜਾਣਨਾ ਚਾਹੀਦਾ ਹੈ ਕਿ ਆਖਿਰ ਹੋਇਆ ਕੀ ਸੀ ਅਤੇ ਸਾਡਾ ਇਤਿਹਾਸ ਕੀ ਹੈ? ਇਸ ਫਿਲਮ ਵਿਚ ਪਹਿਲੀ ਵਾਰ ਮੈਂ ਕਿਸੇ ਆਰਮੀ ਅਫਸਰ ਦੇ ਕਿਰਦਾਰ ਵਿਚ ਦਿਖਾਈ ਦੇਵਾਂਗੀ।
ਬਹੁਤ ਜ਼ਮੀਨੀ ਹੈ ਮੇਰੀ ਮਾਂ
ਮੇਰੀ ਮਾਂ ਮੇਰਾ ਆਦਰਸ਼ ਹੈ, ਮੈਂ ਉਨ੍ਹਾਂ ਦੀ ਫੈਨ ਹਾਂ। ਉਹ ਬਿਲਕੁਲ ਜ਼ਮੀਨੀ ਹੈ ਅਤੇ ਮੈਂ ਵੀ ਉਨ੍ਹਾਂ 'ਤੇ ਗਈ ਹਾਂ। ਉਹ ਹਮੇਸ਼ਾ ਮੈਨੂੰ ਉਤਸ਼ਾਹ ਦਿੰਦੇ ਹਨ ਕਿ ਮੈਂ ਹਰ ਕੰਮ ਕਰ ਸਕਦੀ ਹਾਂ। ਮੈਂ ਆਪਣੀ ਮਾਂ ਵਾਂਗ ਬਣਨਾ ਚਾਹੁੰਦੀ ਹਾਂ। ਮਾਂ ਮੇਰੀ ਤਾਕਤ ਹੈ।
ਕਾਂਗਰਸ-ਭਾਜਪਾ ਨਾਲ ਕੋਈ ਲੈਣਾ-ਦੇਣਾ ਨਹੀਂ
ਮੈਂ ਇਥੇ ਮਨੋਰੰਜਨ ਕਰਨ ਲਈ ਆਇਆ ਹਾਂ, ਜਦੋਂ ਮੈਂ 'ਮਦਰਾਸ ਕੈਫੇ' ਬਣਾਈ ਤਾਂ ਲੋਕਾਂ ਨੇ ਕਿਹਾ ਕਿ ਮੈਂ ਕਾਂਗਰਸ ਦੀ ਫਿਲਮ ਬਣਾ ਰਿਹਾ ਹਾਂ। ਹੁਣ ਜਦੋਂ 'ਪ੍ਰਮਾਣੂ' ਰਿਲੀਜ਼ ਹੋਣ ਜਾ ਰਹੀ ਹੈ ਤਾਂ ਕੁਝ ਲੋਕ ਕਹਿਣ ਲੱਗੇ ਹਨ ਕਿ ਮੈਂ ਭਾਜਪਾ ਦੀ ਫਿਲਮ ਬਣਾਈ ਹੈ ਪਰ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੇਰਾ ਇਨ੍ਹਾਂ ਚੀਜ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੇਰਾ ਮਕਸਦ ਲੋਕਾਂ ਦਾ ਮਨੋਰੰਜਨ ਕਰਨਾ ਹੈ। 1998 ਵਿਚ ਇੰਡੀਅਨ ਆਰਮੀ ਨੇ ਪੋਖਰਣ ਵਿਚ ਪ੍ਰਮਾਣੂ ਬੰਬ ਦਾ ਪ੍ਰੀਖਣ ਕੀਤਾ ਸੀ। ਇਸੇ ਘਟਨਾ ਨੂੰ ਆਧਾਰ ਬਣਾ ਕੇ ਫਿਲਮ ਬਣਾਈ ਗਈ ਹੈ। ਫਿਲਮ ਵਿਚ ਇੰਡੀਅਨ ਆਰਮੀ ਅਤੇ ਵਿਗਿਆਨੀਆਂ ਵੱਲੋਂ ਕੀਤੇ ਗਏ ਕੰਮ ਨੂੰ ਸਲਾਹਿਆ ਅਤੇ ਸੈਲੀਬ੍ਰੇਟ ਵੀ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News