ਹੁਣ ਨਾਗਪੁਰ ''ਚ ਵੀ ਭੰਡਾਰਕਰ ਦੀ ਫਿਲਮ ਦਾ ਹੋਇਆ ਵਿਰੋਧ, ਰਾਹੁਲ ਗਾਂਧੀ ''ਤੇ ਵਿੰਨ੍ਹਿਆ ਨਿਸ਼ਾਨਾ

Sunday, July 16, 2017 6:35 PM
ਹੁਣ ਨਾਗਪੁਰ ''ਚ ਵੀ ਭੰਡਾਰਕਰ ਦੀ ਫਿਲਮ ਦਾ ਹੋਇਆ ਵਿਰੋਧ, ਰਾਹੁਲ ਗਾਂਧੀ ''ਤੇ ਵਿੰਨ੍ਹਿਆ ਨਿਸ਼ਾਨਾ

ਮੁੰਬਈ— ਪੁਣੇ ਤੋਂ ਬਾਅਦ ਹੁਣ ਨਾਗਪੁਰ 'ਚ ਵੀ ਨਿਰਦੇਸ਼ਕ ਮਧੁਰ ਭੰਡਾਰਕਰ ਦੀ ਫਿਲਮ 'ਇੰਦੂ ਸਰਕਾਰ' ਦਾ ਵਿਰੋਧ ਹੋਇਆ ਹੈ। ਮਧੁਰ ਭੰਡਾਰਕਰ ਅੱਜ ਨਾਗਪੁਰ 'ਚ ਫਿਲਮ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਨ ਵਾਲੇ ਸਨ ਪਰ ਕਾਂਗਰਸੀ ਵਰਕਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਪ੍ਰਦਰਸ਼ਨ ਤੋਂ ਬਾਅਦ ਮਧੁਰ ਭੰਡਾਰਕਰ ਨੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ। ਮਧੁਰ ਭੰਡਾਰਕਰ ਨੇ ਲਿਖਿਆ, 'ਰਾਹੁਲ ਜੀ ਪੁਣੇ ਤੋਂ ਬਾਅਦ ਮੈਨੂੰ ਅੱਜ ਵੀ ਪ੍ਰੈੱਸ ਕਾਨਫਰੰਸ ਰੱਦ ਕਰਨੀ ਪਈ। ਕੀ ਇਸ ਗੁੰਡਾਗਰਦੀ 'ਚ ਤੁਹਾਡੀ ਰਜ਼ਾਮੰਦੀ ਹੈ? ਕੀ ਮੈਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਮਿਲੇਗੀ?'

ਮਧੁਰ ਭੰਡਾਰਕਰ ਨੇ ਕਿਹਾ, 'ਨਾਗਪੁਰ 'ਚ ਸਾਡੀ ਫਿਲਮ 'ਇੰਦੂ ਸਰਕਾਰ' ਨੂੰ ਲੈ ਕੇ ਪ੍ਰੈੱਸ ਕਾਨਫਰੰਸ ਹੋਣ ਵਾਲੀ ਸੀ। ਇਸੇ ਦੌਰਾਨ ਸਾਨੂੰ ਫੋਨ ਆਇਆ ਕਿ ਤੁਸੀਂ ਇਥੇ ਆ ਨਹੀਂ ਸਕਦੇ ਕਿਉਂਕਿ ਮੁੜ ਵਿਰੋਧ ਸ਼ੁਰੂ ਹੋ ਗਿਆ ਹੈ। ਲਗਭਗ 150 ਲੋਕ ਆ ਕੇ ਫਿਲਮ ਤੇ ਮੇਰੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ, ਜੋ ਕੱਲ ਪੁਣੇ 'ਚ ਹੋਇਆ, ਉਹੀ ਅੱਜ ਨਾਗਪੁਰ 'ਚ ਵੀ ਹੋਇਆ।'
ਮਧੁਰ ਭੰਡਾਰਕਰ ਨੇ ਕਿਹਾ, 'ਮੈਂ ਰਾਹੁਲ ਗਾਂਧੀ ਕੋਲੋਂ ਬੜੀ ਨਰਮੀ ਨਾਲ ਪੁੱਛਦਾ ਹਾਂ ਕਿ ਕੀ ਮੈਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਨਹੀਂ ਹੈ। ਕੀ ਇਕ ਫਿਲਮ ਨੂੰ ਲੈ ਕੇ ਇੰਨਾ ਹੰਗਾਮਾ ਕੀਤਾ ਜਾ ਸਕਦਾ ਹੈ। ਮੈਂ ਪਹਿਲਾਂ ਹੀ ਕਿਹਾ ਹੈ ਕਿ ਮੇਰੀ ਫਿਲਮ ਦਾ 70 ਫੀਸਦੀ ਹਿੱਸਾ ਕਾਲਪਨਿਕ ਹੈ। ਨਾ ਤਾਂ ਫਿਲਮ ਐਮਰਜੈਂਸੀ 'ਤੇ ਹੈ ਤੇ ਨਾ ਹੀ ਡਾਕੂਮੈਂਟਰੀ ਹੈ। ਇਹ ਫਿਲਮ ਇਕ ਇੰਦੂ ਨਾਂ ਦੀ ਲੜਕੀ ਦੀ ਕਹਾਣੀ ਹੈ। ਇਹ ਉਸ ਸਮੇਂ ਦੀ ਕਹਾਣੀ ਹੈ, ਜਦੋਂ ਦੇਸ਼ 'ਚ ਐਮਰਜੈਂਸੀ ਲਾਗੂ ਹੋਈ ਸੀ।'