''ਪਦਮਾਵਤ'' ਕਾਰਨ ਗੁਜਰਾਤ ''ਚ 2 ਸਰਕਾਰੀ ਬੱਸਾਂ ਭੰਨੀਆਂ, ਲਾਈ ਅੱਗ

1/21/2018 10:12:17 AM

ਗਾਂਧੀਨਗਰ(ਬਿਊਰੋ)— ਫਿਲਮ 'ਪਦਮਾਵਤ' ਉੱਤੇ ਗੁਜਰਾਤ ਸਮੇਤ ਕੁਝ ਹੋਰ ਸੂਬਿਆਂ 'ਚ ਲੱਗੀ ਪਾਬੰਦੀ ਨੂੰ ਖਤਮ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਜਾਰੀ ਰਾਜਪੂਤ ਸੰਗਠਨਾਂ ਦੇ ਰੋਸ ਵਿਖਾਵਿਆਂ ਦਰਮਿਆਨ ਗਾਂਧੀ ਨਗਰ ਜ਼ਿਲੇ ਦੇ ਕਲੋਲ ਥਾਣੇ 'ਚ ਬਲਵਾ ਚੌਕੜੀ ਦੇ ਨੇੜੇ ਅਜਿਹੇ ਹੀ ਸ਼ੱਕੀ ਵਿਖਾਵਾਕਾਰੀਆਂ ਨੇ 2 ਸਰਕਾਰੀ ਬੱਸਾਂ ਦੀ ਭੰਨਤੋੜ ਕੀਤੀ ਅਤੇ ਇਨ੍ਹਾਂ ਨੂੰ ਸਾੜਨ ਦਾ ਯਤਨ ਵੀ ਕੀਤਾ। ਹਾਲਾਂਕਿ ਅਜਿਹਾ ਕਰਨ ਤੋਂ ਪਹਿਲਾਂ ਸਾਰੇ ਮੁਸਾਫਰਾਂ ਨੂੰ ਜਬਰੀ ਹੇਠਾਂ ਉਤਾਰ ਦਿੱਤੇ ਜਾਣ ਕਾਰਨ ਕੋਈ ਜ਼ਖਮੀ ਨਹੀਂ ਹੋਇਆ। ਗਾਂਧੀ ਨਗਰ ਦੇ ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਮਹੇਸ਼ ਮੋਡ ਨੇ ਦੱਸਿਆ ਕਿ ਬਾਅਦ ਦੁਪਹਿਰ ਲਗਭਗ ਢਾਈ ਤੋਂ 3 ਵਜੇ ਦਰਮਿਆਨ 20 ਤੋਂ 25 ਅਣਪਛਾਤੇ ਵਿਅਕਤੀਆਂ ਨੇ ਗੁਜਰਾਤ ਸਟੇਟ ਟਰਾਂਸਪੋਰਟ ਨਿਗਮ ਦੀਆਂ ਇਨ੍ਹਾਂ ਬੱਸਾਂ ਨੂੰ ਗਾਂਧੀ ਨਗਰ-ਮਾਣਸਾ ਰੋਡ 'ਤੇ ਰੋਕ ਦਿੱਤਾ। ਉਨ੍ਹਾਂ ਨੇ ਇਨ੍ਹਾਂ ਦੇ ਸਾਰੇ ਸੀਸ਼ੇ ਭੰਨ ਦਿੱਤੇ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। 
ਹਾਲਾਂਕਿ ਇਕ ਬੱਸ ਦੇ ਅਗਲੇ ਟਾਇਰ ਅਤੇ ਕੁਝ ਹਿੱਸੇ ਸੜ ਗਏ ਪਰ ਦੂਸਰੀ ਬੱਸ ਨੂੰ ਕੁਝ ਜ਼ਿਆਦਾ ਨੁਕਸਾਨ ਨਹੀਂ ਪੁੱਜਾ। ਇਨ੍ਹਾਂ ਨੂੰ ਲੱਗੀ ਅੱਗ ਜਲਦੀ ਬੁਝਾ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੂੰਹ 'ਤੇ ਕੱਪੜਾ ਲਪੇਟੀ ਹਮਲਾਵਰ ਫਰਾਰ ਹੋ ਗਿਆ।  ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  ਓਧਰ ਸੂਬੇ 'ਚ ਕਈ ਹੋਰ ਥਾਵਾਂ 'ਤੇ ਵੀ ਅੱਜ ਕਰਣੀ ਸੈਨਾ ਅਤੇ ਹੋਰ ਰਾਜਪੂਤ ਸੰਗਠਨਾਂ ਨੇ ਸੜਕਾਂ ਜਾਮ ਕੀਤੀਆਂ ਅਤੇ ਕਈ ਹੋਰ ਢੰਗਾਂ ਨਾਲ ਰੋਸ ਵਿਖਾਵੇ ਜਾਰੀ ਰੱਖੇ। ਕਰਣੀ ਸੈਨਾ ਵਲੋਂ 25 ਨੂੰ ਭਾਰਤ ਬੰਦ ਦਾ ਐਲਾਨ-ਨਵੀਂ ਦਿੱਲੀ—'ਪਦਮਾਵਤ' ਫਿਲਮ ਨੂੰ ਲੈ ਕੇ ਕਰਣੀ ਸੈਨਾ ਨੇ 25 ਜਨਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਸ ਫਿਲਮ ਦੇ ਨਿਰਦੇਸ਼ਕ ਸੰਜੇ ਲੀਲੀ ਭੰਸਾਲੀ ਦੀ ਉਹ ਚਿੱਠੀ ਜਨਤਕ ਕੀਤੀ ਗਈ, ਜੋ ਉਨ੍ਹਾਂ ਨੇ ਕਰਣੀ ਸੈਨਾ ਦੇ ਪ੍ਰਧਾਨ ਨੂੰ ਲਿਖੀ ਸੀ।
ਆਪਣੀ ਫਿਲਮ ਦੇ ਵਿਰੋਧ ਨੂੰ ਦੇਖਦੇ ਹੋਏ ਭੰਸਾਲੀ ਨੇ ਕਰਣੀ ਸੈਨਾ ਨੂੰ ਚਿੱਠੀ ਵਿਚ ਲਿਖਿਆ ਸੀ ਕਿ ਉਹ ਪਹਿਲਾਂ ਉਨ੍ਹਾਂ ਦੀ ਫਿਲਮ 'ਪਦਮਾਵਤ' ਦੇਖਣ, ਉਸ ਮਗਰੋਂ ਕੋਈ ਰਾਏ ਬਣਾਉਣ। ਇਸ ਦੇ ਜਵਾਬ ਵਿਚ ਸੈਨਾ ਦੇ ਪ੍ਰਧਾਨ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਉਹ ਫਿਲਮ ਨਹੀਂ ਦੇਖਣਗੇ, ਸਗੋਂ ਫਿਲਮ ਦੀ ਹੋਲੀ ਸਾੜਨਗੇ। ਕਰਣੀ ਸੈਨਾ ਨੇ 25 ਜਨਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ ਅਤੇ ਇਸੇ ਦਿਨ ਜਨਤਾ ਨੂੰ ਕਰਫਿਊ ਲਾਉਣ ਲਈ ਕਿਹਾ ਹੈ। ਹਰਿਆਣਾ 'ਚ ਵੀ ਹੋਏ ਰੋਸ ਵਿਖਾਵੇ-ਓਧਰ ਹਰਿਆਣਾ ਦੇ ਅੰਬਾਲਾ 'ਚ ਵੀ ਫਿਲਮ ਦੇ ਵਿਰੋਧ ਵਿਚ ਰੋਸ ਵਿਖਾਵੇ ਹੋਣ ਦੀ ਖਬਰ ਮਿਲੀ ਹੈ। ਸੈਨਾ ਨੇ ਇਥੇ ਵੀ ਧਮਕੀ ਦਿੱਤੀ ਹੈ ਕਿ ਜੇਕਰ ਫਿਲਮ 'ਪਦਮਾਵਤ' ਰਿਲੀਜ਼ ਹੁੰਦੀ ਹੈ ਤਾਂ ਸਿਨੇਮਾ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਵੇਗਾ।    



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News