ਕੜਾਕੇ ਦੀ ਠੰਢ 'ਚ ਰਾਜੀਵ ਗਾਂਧੀ ਦੀ ਮੰਗੇਤਰ ਨੂੰ ਲੈਣ ਪਹੁੰਚੇ ਸਨ ਬਿੱਗ ਬੀ, ਤੇਜੀ ਬੱਚਨ ਨੇ ਕਰਵਾਇਆ ਸੀ ਵਿਆਹ

Monday, August 20, 2018 4:43 PM

ਮੁੰਬਈ (ਬਿਊਰੋ)— ਗਾਂਧੀ ਅਤੇ ਬੱਚਨ ਪਰਿਵਾਰ ਦਾ ਯਾਰਾਨਾ ਜਗਜ਼ਾਹਰ ਹੈ, ਜਿਸ ਦੀ ਇਤਿਹਾਸ ਵੀ ਗਵਾਹੀ ਭਰਦਾ ਹੈ। ਅਮਿਤਾਭ ਬੱਚਨ ਅਤੇ ਰਾਜੀਵ ਗਾਂਧੀ ਦਾ ਬਚਪਨ ਇਕੱਠੇ ਖੇਡਦੇ ਅਤੇ ਵੱਡੇ ਹੁੰਦਿਆਂ ਬੀਤਿਆ ਹੈ। ਦੋਹਾਂ ਪਰਿਵਾਰਾਂ ਦੇ ਰਿਸ਼ਤਿਆਂ ਵਿਚਕਾਰ ਕਾਫੀ ਉਤਰਾਅ-ਚੜ੍ਹਾਅ ਵੀ ਆਏ। ਫਿਰ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਦੋਹਾਂ ਪਰਿਵਾਰਾਂ ਦੇ ਸੰਬੰਧਾਂ ਦੀ ਗੱਡੀ ਪਟੜੀ ਤੋਂ ਹੇਠਾਂ ਉੱਤਰ ਗਈ। ਦੋਹਾਂ ਪਰਿਵਾਰਾਂ ਦੇ ਰਿਸ਼ਤਿਆਂ ਦੀ ਕਹਾਣੀ ਕਿਸੇ ਬਾਲੀਵੁੱਡ ਫਿਲਮ ਤੋਂ ਘੱਟ ਨਹੀਂ ਹੈ। ਬੱਚਨ ਅਤੇ ਗਾਂਧੀ ਪਰਿਵਾਰ ਦੇ ਸੰੰਬੰਧ ਜੁੜਣ ਤੋਂ ਲੈ ਕੇ ਟੁੱਟਣ ਤੱਕ ਦੀ ਪੂਰੀ ਕਹਾਣੀ 'ਤੇ ਅੱਜ ਅਸੀਂ ਗੱਲ ਕਰਾਂਗੇ। ਅਮਿਤਾਭ ਬੱਚਨ ਦੇ ਪਿਤਾ ਵਿਦੇਸ਼ ਮੰਤਰਾਲੇ 'ਚ ਹਿੰਦੀ ਅਧਿਕਾਰੀ ਦੇ ਰੂਪ 'ਚ ਕੰਮ ਕਰਦੇ ਸਨ। ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉਨ੍ਹਾਂ ਦੇ ਕੰਮ, ਸੱਚਾਈ ਅਤੇ ਸਿਧਾਂਤਾਂ ਦੀ ਬਹੁਤ ਇੱਜ਼ਤ ਕਰਦੇ ਸਨ।

PunjabKesari

ਇਲਾਹਾਬਾਦ 'ਚ ਰਹਿੰਦੇ ਹੋਏ ਦੋਵੇਂ ਪਰਿਵਾਰ ਇਕ-ਦੂਜੇ ਦੇ ਕਰੀਬ ਆ ਗਏ ਸਨ। ਅਮਿਤਾਭ ਬੱਚਨ ਦੀ ਮਾਂ ਤੇਜੀ ਬੱਚਨ, ਨਹਿਰੂ ਦੀ ਬੇਟੀ ਇੰਦਰਾ ਗਾਂਧੀ ਦੀ ਕਾਫੀ ਚੰਗੀ ਦੋਸਤ ਬਣ ਗਈ। ਬਾਅਦ 'ਚ ਜਦੋਂ ਬੱਚਨ ਪਰਿਵਾਰ ਦਿੱਲੀ ਸ਼ਿਫਟ ਹੋਇਆ ਤਾਂ ਉਸ ਸਮੇਂ ਤੇਜੀ ਬੱਚਨ ਨੂੰ ਸੋਸ਼ਲ ਐਕਟੀਵਿਸਟ ਦੇ ਰੂਪ 'ਚ ਪਛਾਣਿਆ ਜਾਣ ਲੱਗਾ ਅਤੇ ਇੰਦਰਾ ਨਾਲ ਉਨ੍ਹਾਂ ਦੀ ਦੋਸਤੀ ਡੂੰਘੀ ਹੁੰਦੀ ਗਈ। 1984 'ਚ ਇੰਦਰਾ ਗਾਂਧੀ ਦੇ ਕਤਲ ਤੱਕ ਦੋਹਾਂ ਪਰਿਵਾਰਾਂ ਦੇ ਸੰਬੰਧ ਡੂੰਘੇ ਰਹੇ। ਇਹ ਰਿਸ਼ਤਾ ਅਮਿਤਾਭ ਅਤੇ ਰਾਜੀਵ ਗਾਂਧੀ ਦੀ ਦੋਸਤੀ ਦੇ ਰੂਪ 'ਚ ਅੱਗੇ ਵੱਧਦਾ ਗਿਆ। ਇਹ ਅਮਿਤਾਭ ਬੱਚਨ ਹੀ ਸਨ, ਜੋ 13 ਜਨਵਰੀ 1968 ਦੀ ਸਵੇਰ ਕੜਾਕੇ ਦੀ ਸਰਦੀ 'ਚ ਪਾਲਮ ਏਅਰਪੋਰਟ 'ਤੇ ਸੋਨੀਆ ਗਾਂਧੀ ਨੂੰ ਲੈਣ ਪਹੁੰਚੇ ਸਨ। ਇਸ ਦਿਨ ਸੋਨੀਆ ਗਾਂਧੀ, ਰਾਜੀਵ ਦੀ ਮੰਗੇਤਰ ਦੇ ਰੂਪ 'ਚ ਭਾਰਤ ਆਈ ਸੀ।

PunjabKesari

ਸੋਨੀਆ ਨੂੰ ਬੱਚਨ ਪਰਿਵਾਰ ਦੇ ਘਰ ਠਹਿਰਾਇਆ ਗਿਆ ਅਤੇ ਤੇਜੀ ਨੇ ਉਨ੍ਹਾਂ ਨੂੰ ਭਾਰਤੀ ਸੰਸਕ੍ਰਿਤੀ ਦੇ ਤੌਰ-ਤਰੀਕਿਆਂ ਬਾਰੇ ਸਮਝਾਇਆ। ਅਜਿਹਾ ਵੀ ਕਿਹਾ ਜਾ ਸਕਦਾ ਹੈ ਕਿ ਤੇਜੀ ਨੇ ਸੋਨੀਆ ਲਈ ਉਨ੍ਹਾਂ ਦੀ ਮਾਂ ਦਾ ਰੋਲ ਨਿਭਾਇਆ ਸੀ। ਖਬਰਾਂ ਮੁਤਾਬਕ ਰਾਜੀਵ ਗਾਂਧੀ ਜਦੋਂ ਸੋਨੀਆ ਗਾਂਧੀ ਨਾਲ ਵਿਆਹ ਕਰਨ ਦੀ ਤਿਆਰੀ 'ਚ ਸਨ ਤਾਂ ਉਸ ਸਮੇਂ ਤੇਜੀ ਬੱਚਨ ਨੇ ਹੀ ਉਨ੍ਹਾਂ ਦੀ ਵਿਚੋਲਣ ਦੀ ਭੂਮਿਕਾ ਨਿਭਾਈ ਸੀ। ਦਰਅਸਲ ਇੰਦਰਾ ਗਾਂਧੀ ਇਕ ਇਟੈਲੀਅਨ ਲੜਕੀ ਨਾਲ ਆਪਣੇ ਬੇਟੇ ਦੇ ਵਿਆਹ ਨੂੰ ਲੈ ਕੇ ਅਸੰਤੁਸ਼ਟ ਸੀ। ਇੰਦਰਾ ਗਾਂਧੀ ਨੂੰ ਵਿਆਹ ਲਈ ਤਿਆਰ ਕਰਨ ਵਾਲੀ ਤੇਜੀ ਬੱਚਨ ਹੀ ਸੀ। 1969 'ਚ ਜਦੋਂ ਸੋਨੀਆ ਅਤੇ ਰਾਜੀਵ ਗਾਂਧੀ ਦਾ ਵਿਆਹ ਪੱਕਾ ਹੋ ਗਿਆ ਤਾਂ ਸੋਨੀਆ ਅਤੇ ਉਨ੍ਹਾਂ ਦਾ ਪਰਿਵਾਰ ਕੁਝ ਦਿਨਾਂ ਲਈ, ਵੈਲਿੰਗਟਨ ਕ੍ਰੀਸੈਂਟ ਸਥਿਤ ਬੱਚਨ ਪਰਿਵਾਰ ਦੀ ਰਿਹਾਇਸ਼ 'ਤੇ ਰੁਕਿਆ ਹੋਇਆ ਸੀ।

PunjabKesari

1984 'ਚ ਅਮਿਤਾਭ ਅਤੇ ਰਾਜੀਵ ਗਾਂਧੀ ਦੇ ਰਿਸ਼ਤੇ ਨਵੀਆਂ ਉਚਾਈਆਂ 'ਤੇ ਸਨ। ਰਾਜੀਵ ਗਾਂਧੀ ਨੇ ਆਪਣੇ ਦੋਸਤ ਅਮਿਤਾਭ ਬੱਚਨ ਨੂੰ ਕਾਂਗਰਸ ਦੀ ਟਿਕਟ 'ਤੇ ਇਲਾਹਾਬਾਦ ਤੋਂ ਚੋਣਾਂ ਲੜਣ ਲਈ ਤਿਆਰ ਕਰ ਲਿਆ। 1984 'ਚ ਅਮਿਤਾਭ ਬੱਚਨ ਨੂੰ ਇਲਾਹਾਬਾਦ ਤੋਂ ਕਾਂਗਰਸ ਦੀ ਟਿਕਟ ਮਿਲੀ ਅਤੇ ਉਨ੍ਹਾਂ ਨੇ ਵੱਡੇ ਅੰਤਰ ਨਾਲ ਹੇਮਵਤੀ ਨੰਦਨ ਬਹੁਗੁਣਾ ਨੂੰ ਹਰਾਇਆ। ਦੋਹਾਂ ਪਰਿਵਾਰਾਂ ਲਈ ਇਹ ਮਾਣ ਵਾਲੀ ਗੱਲ ਸੀ। ਇਸ ਤੋਂ ਬਾਅਦ ਦਿੱਲੀ 'ਚ ਅਮਿਤਾਭ ਬੱਚਨ ਕਾਂਗਰਸ ਦੀ ਯੂਥ ਬ੍ਰਿਗੇਡ ਦਾ ਹਿੱਸਾ ਬਣ ਗਏ। ਸਤੀਸ਼ ਸ਼ਰਮਾ, ਅਰੁਣ ਨਹਿਰੂ, ਅਰੁਣ ਸਿੰਘ ਅਤੇ ਕਮਲਨਾਥ ਨਾਲ ਉਨ੍ਹਾਂ ਦੀ ਬਰਾਬਰੀ ਹੋਣ ਲੱਗੀ। 3 ਸਾਲ ਬਾਅਦ ਅਮਿਤਾਭ ਨੇ ਰਾਜਨੀਤੀ ਛੱਡ ਦਿੱਤੀ ਅਤੇ ਅਸਤੀਫਾ ਦੇ ਦਿੱਤਾ।

PunjabKesari

ਦਰਅਸਲ ਕਿਸੇ ਅਖਬਾਰ ਨੇ ਅਮਿਤਾਭ ਵਿਰੁੱਧ ਕਿਸੇ ਘਪਲੇ 'ਚ ਸ਼ਾਮਲ ਹੋਣ ਦੀ ਗੱਲ ਛਾਪ ਦਿੱਤੀ ਸੀ। 1991 'ਚ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਦੋਵੇਂ ਪਰਿਵਾਰਾਂ ਦੇ ਰਿਸ਼ਤੇ ਵਿਗੜਦੇ ਗਏ। ਗਾਂਧੀ ਪਰਿਵਾਰ ਨੂੰ ਮਹਿਸੂਸ ਹੋ ਰਿਹਾ ਸੀ ਕਿ ਬੁਰੇ ਸਮੇਂ 'ਚ ਅਮਿਤਾਭ ਬੱਚਨ ਉਨ੍ਹਾਂ ਨੂੰ ਇਕੱਲਾ ਛੱਡ ਕੇ ਚਲਿਆ ਗਿਆ। 2004 ਦੀਆਂ ਚੋਣਾਂ 'ਚ ਜਯਾ ਬੱਚਨ ਨੇ ਕਿਹਾ, ''ਜੋ ਲੋਕ ਸਾਨੂੰ ਰਾਜਨੀਤੀ 'ਚ ਲੈ ਕੇ ਆਏ, ਉਹ ਸਾਨੂੰ ਸੰਕਟ 'ਚ ਛੱਡ ਕੇ ਚਲੇ ਗਏ। ਉਹ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਵਾਲੇ ਹਨ।'' ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਜਵਾਬ ਦਿੱਤਾ, ''ਬੱਚਨ ਪਰਿਵਾਰ ਝੂਠ ਬੋਲ ਰਿਹਾ ਹੈ। ਇੰਨੇ ਸਾਲਾਂ ਬਾਅਦ ਉਹ ਕਿਉਂ ਦੋਸ਼ ਲਗਾ ਰਹੇ ਹਨ।

PunjabKesari

ਅਮਿਤਾਭ ਬੱਚਨ 2 ਦਹਾਕੇ ਪਹਿਲਾਂ ਰਾਜਨੀਤੀ 'ਚ ਆਏ ਅਤੇ ਹੁਣ ਉਨ੍ਹਾਂ ਨੇ ਆਪਣੀ ਵਫਾਦਾਰੀ ਬਦਲ ਲਈ ਹੈ। ਜੋ ਲੋਕ ਗਾਂਧੀ ਪਰਿਵਾਰ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਕਿਸੇ ਨਾਲ ਵਿਸ਼ਵਾਸਘਾਤ ਨਹੀਂ ਕੀਤਾ। ਲੋਕ ਜਾਣਦੇ ਹਨ ਕਿ ਕਿਸ ਨੇ ਕਿਸ ਨੂੰ ਧੋਖਾ ਦਿੱਤਾ ਹੈ। ਲੋਕ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦੀ ਵਫਾਦਾਰੀ ਕਿਸ ਨਾਲ ਹੈ।'' ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਵੀ ਆਪਣੀ ਗੱਲ ਰੱਖੀ, ''ਉਹ (ਗਾਂਧੀ ਪਰਿਵਾਰ) ਲੋਕ ਰਾਜੇ ਹਨ ਅਤੇ ਅਸੀਂ (ਬੱਚਨ ਪਰਿਵਾਰ) ਸਾਧਾਰਨ ਲੋਕ ਹਾਂ। ਰਿਸ਼ਤਿਆਂ ਦੀ ਨਿਰੰਤਰਤਾ ਸ਼ਾਸਕ ਦੇ ਮੂਡ 'ਤੇ ਨਿਰਭਰ ਕਰਦੀ ਹੈ।

PunjabKesari

ਹੁਣ ਉਹ ਮੇਰੇ ਪਰਿਵਾਰ 'ਤੇ ਝੂਠ ਬੋਲਣ ਦਾ ਦੋਸ਼ ਲਗਾ ਰਹੇ ਹਨ।'' ਇਸ ਵਿਚਕਾਰ ਅਮਿਤਾਭ ਦੀ ਜ਼ਿੰਦਗੀ 'ਚ ਅਮਰ ਸਿੰਘ ਦੀ ਐਂਟਰੀ ਹੁੰਦੀ ਹੈ ਅਤੇ ਇਸ ਦੌਰਾਨ ਸਮਾਜਵਾਦੀ ਨੇਤਾ ਨੇ ਬਿੱਗ ਬੀ ਦੀ ਪੂਰੀ ਮਦਦ ਕੀਤੀ। ਅਮਿਤਾਭ ਅਤੇ ਅਮਰ ਦੀ ਦੋਸਤੀ ਵੱਧਦੀ ਗਈ ਅਤੇ ਅੱਗੇ ਜਾ ਕੇ ਸਮਾਜਵਾਦੀ ਪਾਰਟੀ ਵਲੋਂ ਜਯਾ ਬੱਚਨ ਨੂੰ ਰਾਜ ਸਭਾ ਦੀ ਸੰਸਦ ਮੈਂਬਰ ਬਣਾਇਆ ਗਿਆ। ਅਮਿਤਾਭ ਬੱਚਨ ਦੇ ਅਮਰ ਸਿੰਘ ਨਾਲ ਜਾਣ ਕਾਰਨ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੀਆਂ ਦੂਰੀਆਂ ਹੋਰ ਵੀ ਵਧ ਗਈਆਂ।

PunjabKesari 


Edited By

Chanda Verma

Chanda Verma is news editor at Jagbani

Read More