ਫੈਸ਼ਨ ਸ਼ੋਅ ''ਚ ਗੈਰੀ ਸੰਧੂ ਪਾਉਣਗੇ ਧਮਾਲਾਂ, ਸ਼ੋਅ ਸਟਾਪਰ ਹੋਵੇਗੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ

Friday, October 13, 2017 10:37 AM
ਫੈਸ਼ਨ ਸ਼ੋਅ ''ਚ ਗੈਰੀ ਸੰਧੂ ਪਾਉਣਗੇ ਧਮਾਲਾਂ, ਸ਼ੋਅ ਸਟਾਪਰ ਹੋਵੇਗੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ

ਜਲੰਧਰ(ਬਿਊਰੋ)— ਫੈਸਟੀਵਲ ਸੀਜ਼ਨ ਵਿਚ ਆਪਣੇ ਮੈਂਬਰਾਂ ਨੂੰ ਮਨੋਰੰਜਕ ਤੇ ਵਧੀਆ ਸੇਵਾਵਾਂ ਦੇਣ ਲਈ ਜਾਣੇ ਜਾਂਦੇ ਜਿਮਖਾਨਾ ਕਲੱਬ ਨੇ ਇਸ ਵਾਰ ਵੀ ਦੀਵਾਲੀ ਤੇ ਹੋਰਨਾਂ ਸਮਾਗਮਾਂ ਨੂੰ ਲੈ ਕੇ ਸ਼ਾਨਦਾਰ ਇੰਤਜ਼ਾਮ ਕੀਤੇ ਹਨ, ਜਿਸ ਤਹਿਤ 13 ਅਕਤੂਬਰ ਦੀ ਰਾਤ ਕਲੱਬ 'ਚ ਫੈਸ਼ਨ ਸ਼ੋਅ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਸ਼ੋਅ ਸਟਾਪਰ ਦੇ ਤੌਰ 'ਤੇ ਮਸ਼ਹੂਰ ਮਾਡਲ ਤੇ ਅਭਿਨੇਤਰੀ ਹਿਮਾਂਸ਼ੀ ਖੁਰਾਣਾ ਸ਼ਮੂਲੀਅਤ ਕਰੇਗੀ। ਉਨ੍ਹਾਂ ਤੋਂ ਇਲਾਵਾ ਕਈ ਹੋਰ ਮਾਡਲਾਂ ਵੀ ਆਪਣੀਆਂ ਅਦਾਵਾਂ ਨਾਲ ਸਮਾਗਮ ਨੂੰ ਚਾਰ ਚੰਨ ਲਾਉਣਗੀਆਂ। 
ਜ਼ਿਕਰਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਫਿਲਮ 'ਸਾਡਾ ਹੱਕ' ਅਤੇ ਕਈ ਪੰਜਾਬੀ ਗਾਣਿਆਂ ਦੀ ਵੀਡੀਓ ਵਿਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੀ ਹੈ। ਫੈਸ਼ਨ ਸ਼ੋਅ ਦੌਰਾਨ ਮਸ਼ਹੂਰ ਡਿਜ਼ਾਈਨਰ ਸੰਜਨਾ ਜੋਨ, ਔਰੇਨ ਨਾਯਾਬ ਤੇ ਜੀਤੂਮੋਨੀ ਵੱਲੋਂ ਡਿਜ਼ਾਈਨ ਕੀਤੇ ਗਏ ਸੂਟਾਂ ਦਾ ਪ੍ਰਦਰਸ਼ਨ ਹੋਵੇਗਾ।
ਦੱਸਣਯੋਗ ਹੈ ਕਿ ਇਸ ਸਮਾਗਮ ਦਾ ਦੂਜਾ ਆਕਰਸ਼ਣ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਹੋਣਗੇ, ਜੋ ਆਪਣੇ ਨਵੇਂ-ਪੁਰਾਣੇ ਗੀਤਾਂ ਦੇ ਨਾਲ ਕਲੱਬ ਮੈਂਬਰਾਂ ਦਾ ਮਨੋਰੰਜਨ ਕਰਨਗੇ। ਕਲੱਬ ਸੈਕਟਰੀ ਸੰਦੀਪ ਬਹਿਲ ਨੇ ਦੱਸਿਆ ਕਿ ਡਵੀਜ਼ਨਲ ਕਮਿਸ਼ਨਰ ਤੇ ਜਿਮਖਾਨਾ ਕਲੱਬ ਦੇ ਪ੍ਰਧਾਨ ਡਾ. ਰਾਜਕਮਲ ਚੌਧਰੀ ਇਸ ਸਮਾਗਮ ਦਾ ਉਦਘਾਟਨ ਕਰਨਗੇ, ਜਦਕਿ ਡਿਪਟੀ ਕਮਿਸ਼ਨਰ ਤੇ ਕਲੱਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਰਿੰਦਰ ਕੁਮਾਰ ਸ਼ਰਮਾ ਖਾਸ ਮਹਿਮਾਨ ਵਜੋਂ ਹਾਜ਼ਰ ਹੋਣਗੇ। 
ਕਲੱਬ ਦੀ ਐਂਟਰਟੇਨਮੈਂਟ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਵਿਪਨ ਝਾਂਜੀ ਨੇ ਦੱਸਿਆ ਕਿ 14 ਅਕਤੂਬਰ ਨੂੰ ਕਲੱਬ ਵਿਚ ਪ੍ਰੀ-ਦੀਵਾਲੀ ਸੁਪਰ ਬੰਪਰ ਤੰਬੋਲਾ ਆਯੋਜਿਤ ਹੋਵੇਗਾ, ਜਿਸ ਦੌਰਾਨ ਲੱਖਾਂ ਰੁਪਏ ਦੇ ਇਨਾਮ ਤੰਬੋਲਾ ਤੇ ਲੱਕੀ ਡਰਾਅ ਦੇ ਤੌਰ 'ਤੇ ਮੈਂਬਰਾਂ ਵਿਚ ਵੰਡੇ ਜਾਣਗੇ। ਇਹ ਸਮਾਗਮ ਸਿਰਫ ਕਲੱਬ ਮੈਂਬਰਾਂ ਲਈ ਹੀ ਹੋਵੇਗਾ।