ਪਰਮੀਸ਼ ਵਰਮਾ 'ਤੇ ਹਮਲਾ ਕਰਨ ਵਾਲੇ ਗੈਂਗਸਟਰ ਨੂੰ ਲੈ ਕੇ ਪੁਲਸ 'ਚ ਮਚਿਆ ਹੜਕੰਪ

4/14/2018 10:48:21 PM

ਰੂਪਨਗਰ,(ਵਿਜੇ)—ਬੀਤੀ ਰਾਤ ਮੋਹਾਲੀ 'ਚ ਪ੍ਰਸਿੱਧ ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਉਣ ਦੇ ਬਾਅਦ ਦਿਲਪ੍ਰੀਤ ਸਿੰਘ ਉਰਫ ਬਾਬਾ ਫਿਰ ਚਰਚਾ 'ਚ ਆ ਗਿਆ ਹੈ ਅਤੇ ਇਸ ਦੇ ਬਾਅਦ ਜ਼ਿਲਾ ਪੁਲਸ 'ਚ ਫਿਰ ਤੋ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਫੜਨ ਲਈ ਹੜਕੰਪ ਮਚ ਗਿਆ ਹੈ। ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਜਿਲੇ ਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਢਾਹਾਂ ਦੇ ਰਹਿਣ ਵਾਲਾ ਹੈ। ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਦਿਲਪ੍ਰੀਤ ਬਾਬਾ ਦੁਆਰਾ ਫੇਸਬੁੱਕ 'ਤੇ ਪਰਮੀਸ਼ ਵਰਮਾ 'ਤੇ ਕੀਤੇ ਹਮਲੇ ਦੀ ਜਿੰਮੇਵਾਰੀ ਲੈਣ ਦੇ ਬਾਅਦ ਜਿਲਾ ਪੁਲਸ ਨੇ ਲੋਕਾਂ ਦੀ ਸੁਰੱਖਿਆ ਹੋਰ ਸਖਤ ਕਰ ਦਿੱਤੀ ਹੈ। ਜਿਨ੍ਹਾਂ ਲੋਕਾਂ ਨੂੰ ਦਿਲਪ੍ਰੀਤ ਸਿੰਘ ਉਰਫ ਬਾਬਾ ਨੇ ਧਮਕੀਆਂ ਦਿੱਤੀਆਂ ਹੋਈਆਂ ਹਨ।
ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਜਿਲਾ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਗਾਇਕ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਦਿਲਪ੍ਰੀਤ ਸਿੰਘ ਬਾਬਾ ਦੀਆਂ ਤਾਜ਼ਾ ਘਟਨਾ ਕ੍ਰਮ ਦੇ ਚੱਲਦੇ ਪੁਲਸ ਪੂਰੀ ਚੌਕਸੀ ਵਰਤ ਰਹੀ ਹੈ ਅਤੇ ਸਥਿਤੀ ਅਮਨ ਅਤੇ ਸ਼ਾਂਤੀਪੂਰਬਕ ਬਣੀ ਹੋਈ ਹੈ।
ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁਕਿਆ ਹੈ ਗੈਂਗਸਟਰ ਦਿਲਪ੍ਰੀਤ
ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਵਿੱਕੀ ਗੌਂਡਰ ਗਰੁੱਪ ਨਾਲ ਸਬੰਧਤ ਹੈ ਅਤੇ ਉਹ ਇਸ ਗਰੁੱਪ ਦਾ ਸਰਗਰਮ ਗੈਂਗਸਟਰ ਹੈ। ਦਿਲਪ੍ਰੀਤ ਸਿੰਘ ਉਰਫ ਬਾਬਾ ਨੇ ਜਿਲੇ 'ਚ ਦੋ ਹੱਤਿਆਵਾਂ ਕੀਤੀਆਂ ਸਨ। ਉਸਨੇ ਪਿੰਡ ਬ੍ਰਾਹਮਣ ਮਾਜਰਾ 'ਚ ਸਰਪੰਚ ਦੇਸਰਾਜ ਦੇ ਕਤਲ ਨੂੰ ਅੰਜਾਮ ਦਿੱਤਾ, ਜਦੋ ਕਿ ਭਰਤਗੜ 'ਚ ਇੱਕ ਨੌਜਵਾਨ ਵਿਵੇਕ ਦੇ ਕਤਲ ਦਾ ਆਰੋਪ ਵੀ ਦਿਲਪ੍ਰੀਤ ਸਿੰਘ ਉਰਫ ਬਾਬਾ 'ਤੇ ਹੀ ਹੈ। ਇਸਦੇ ਇਲਾਵਾ ਬਾਬਾ 'ਤੇ ਚੰਡੀਗੜ 'ਚ ਦਿਨ ਦਿਹਾੜੇ ਇੱਕ ਸਰਪੰਚ ਦਾ ਕਤਲ ਕਰਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਨ੍ਹਾਂ ਵਾਰਦਾਤਾਂ ਦੇ ਬਾਅਦ ਜਿਲਾ ਪੁਲਸ ਬਾਬਾ ਨੂੰ ਫੜਨ ਲਈ ਅੱਡੀ ਚੋਟੀ ਦਾ ਜੋਰ ਲਗਾ ਚੁੱਕੀ ਹੈ। ਪਰੰਤੂ ਅੱਜ ਤੱਕ ਦਿਲਪ੍ਰੀਤ ਸਿੰਘ ਉਰਫ ਬਾਬਾ ਪੁਲਸ ਦੇ ਹੱਥ ਨਹੀ ਚੜ•ਸਕਿਆ। ਇਨ੍ਹਾਂ ਵਾਰਦਾਤਾਂ ਦੌਰਾਨ ਸਮੇਂ-ਸਮੇਂ 'ਤੇ ਬਦਲਦੇ ਜਿਲਾ ਪੁਲਸ ਮੁਖੀਆਂ ਨੇ ਬਾਬਾ ਨੂੰ ਫੜਨ ਲਈ ਕਈ ਯੋਜਨਾਵਾਂ ਵੀ ਬਣਾਈਆਂ। ਮੌਜੂਦਾ ਜਿਲਾ ਪੁਲਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਬਾਬਾ ਦੇ ਪਿੰਡ ਢਾਹਾਂ 'ਚ ਜਾ ਕੇ ਉਸਦੀ ਮਾਂ ਨੂੰ ਦਿਲਪ੍ਰੀਤ ਦੇ ਆਤਮ ਸਮਰਪਣ ਸਬੰਧੀ ਵੀ ਕਿਹਾ ਸੀ। ਪਰੰਤੂ ਇਸਦੇ ਬਾਅਦ ਵੀ ਬਾਬਾ ਪੁਲਸ ਦੇ ਸਾਹਮਣੇ ਨਹੀ ਆਇਆ। ਲੱਗਭੱਗ ਕੁਝ ਮਹੀਨੇ ਪਹਿਲਾਂ ਦਿਲਪ੍ਰੀਤ ਸਿੰਘ ਉਰਫ ਬਾਬਾ ਦੇ ਪਿਤਾ ਦਾ ਪਿੰਡ 'ਚ ਹੀ ਝਗੜਾ ਹੋਣ ਦੇ ਬਾਅਦ ਦੇਹਾਂਤ ਹੋ ਗਿਆ ਸੀ। ਜਿਸਨੂੰ ਲੈ ਕੇ ਪੁਲਸ ਨੇ ਇਲਾਕੇ 'ਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਸਨ ਅਤੇ ਪੁਲਸ ਨੂੰ ਉਮੀਦ ਸੀ ਕਿ ਦਿਲਪ੍ਰੀਤ ਸਿੰਘ ਉਰਫ ਬਾਬਾ ਆਪਣੇ ਪਿਤਾ ਦੇ ਸੰਸਕਾਰ ਅਤੇ ਭੋਗ 'ਤੇ ਆ ਸਕਦਾ ਹੈ। ਪਰੰਤੂ ਬਾਬਾ ਇਸ ਮੌਕੇ ਸ਼ਾਮਲ ਨਹੀ ਹੋਇਆ। ਇਸ ਦੌਰਾਨ ਵੀ ਪੁਲਸ ਦੁਆਰਾ ਬਾਬਾ ਨੂੰ ਫੜਨ ਲਈ ਕੀਤੇ ਗਏ ਪ੍ਰਬੰਧ ਅਸਫਲ ਸਾਬਤ ਹੋਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News