ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਇੰਝ ਜ਼ਿੰਦਗੀ ਬਤੀਤ ਕਰ ਰਹੇ ਹਨ ਸਤੀਸ਼ ਕੌਲ

5/25/2017 6:24:55 PM

ਪਟਿਆਲਾ— ਲਗਭਗ 2 ਸਾਲ ਪਹਿਲਾਂ ਬਾਥਰੂਮ 'ਚ ਡਿੱਗਣ ਕਾਰਨ ਲੰਮੇ ਸਮੇਂ ਤਕ ਹਸਪਤਾਲ 'ਚ ਇਲਾਜ ਤੋਂ ਬਾਅਦ ਠੀਕ ਹੋਏ ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਸਤੀਸ਼ ਕੌਲ ਡਿਪ੍ਰੈਸ਼ਨ ਦੇ ਦੌਰ 'ਚੋਂ ਲੰਘ ਰਹੇ ਹਨ। 62 ਸਾਲ ਦੇ ਕੌਲ ਲੁਧਿਆਣਾ 'ਚ ਇਕ ਬਿਰਧ ਆਸ਼ਰਮ 'ਚ ਰਹਿ ਰਹੇ ਸਨ ਪਰ ਸ਼ਾਹੀ ਸ਼ਹਿਰ ਦੀ ਨਿਵਾਸੀ ਪਰਮਿੰਦਰ ਕੌਰ ਬਾਠ, ਜੋ ਕਿ ਉਨ੍ਹਾਂ ਦੀ ਫੈਨ ਵੀ ਹੈ, ਉਨ੍ਹਾਂ ਨੂੰ ਆਪਣੇ ਘਰ ਲੈ ਆਈ ਕਿਉਂਕਿ ਪਰਮਿੰਦਰ ਕੋਲੋਂ ਸਤੀਸ਼ ਕੌਲ ਦੀ ਤਰਸਯੋਗ ਹਾਲਤ ਦੇਖੀ ਨਹੀਂ ਗਈ। ਪੰਜਾਬੀ ਸਿਨੇਮਾ ਦਾ ਇਹ ਚਾਕਲੇਟੀ ਹੀਰੋ ਗੁਮਨਾਮੀ ਦੇ ਹਨੇਰੇ 'ਚ ਗੁਆਚ ਚੁੱਕਾ ਹੈ।
300 ਤੋਂ ਵੱਧ ਪੰਜਾਬੀ-ਹਿੰਦੀ ਫਿਲਮਾਂ 'ਚ ਕੰਮ ਕਰ ਚੁੱਕੇ ਕੌਲ ਨਾਲ ਗੱਲਬਾਤ ਕਰਨ ਲਈ ਹੁਣ ਕੋਈ ਵੀ ਨਹੀਂ ਹੈ। ਕਦੇ ਸਫਲਤਾ ਦੀਆਂ ਬੁਲੰਦੀਆਂ 'ਤੇ ਰਹਿ ਚੁੱਕੇ ਸਤੀਸ਼ ਨੂੰ ਇਸ ਉਮਰ 'ਚ ਪੁੱਛਣ ਵਾਲਾ ਕੋਈ ਵੀ ਨਹੀਂ ਹੈ। ਅਜਿਹੇ 'ਚ ਉਸ ਦੀ ਦਿਮਾਗੀ ਹਾਲਤ ਵੀ ਖਰਾਬ ਹੈ। ਇਸ ਲਈ ਹੁਣ ਉਸ ਦਾ ਧਿਆਨ ਪਰਮਿੰਦਰ ਬਾਠ ਰੱਖੇਗੀ।

ਕੌਲ ਮਿਲਣ ਉਨ੍ਹਾਂ ਦੇ ਫੈਨਜ਼ ਘਰ ਆਉਣ ਤਾਂ ਸ਼ਾਇਦ ਉਹ ਵਧੀਆ ਮਹਿਸੂਸ ਕਰਨ : ਪਰਮਿੰਦਰ ਬਾਠ
ਅਮਰੀਕਾ 'ਚ ਕਈ ਦਹਾਕਿਆਂ ਤੋਂ ਰਹਿ ਰਹੀ ਪਰਮਿੰਦਰ ਬਾਠ ਆਪਣੇ ਘਰ ਪੰਜਾਬੀ ਬਾਗ ਪਟਿਆਲਾ 'ਚ ਹੁਣ ਰਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਸਤੀਸ਼ ਕੌਲ ਦੇ ਫੈਨਜ਼ ਉਨ੍ਹਾਂ ਨੂੰ ਮਿਲਣ ਲਈ ਆਉਣ, ਉਨ੍ਹਾਂ ਨਾਲ ਗੱਲਬਾਤ ਕਰਨ ਤਾਂ ਕਿ ਉਨ੍ਹਾਂ ਦੀ ਦਿਮਾਗੀ ਹਾਲਤ ਠੀਕ ਹੋ ਸਕੇ। ਸਮਾਜ ਸੇਵਾ ਦੇ ਕੰਮਾਂ ਨਾਲ ਜੁੜੀ ਪਰਮਿੰਦਰ ਨੇ ਦੱਸਿਆ ਕਿ ਇਕ ਵਿਦਿਆਰਥੀ ਰਾਹੀਂ ਉਸ ਨੂੰ ਪਤਾ ਲੱਗਾ ਸੀ ਕਿ ਸਤੀਸ਼ ਕੌਲ ਅੱਜਕਲ ਲੁਧਿਆਣਾ ਦੇ ਇਕ ਬਿਰਧ ਆਰਸ਼ਮ 'ਚ ਰਹਿੰਦੇ ਹਨ। ਇਕ ਛੋਟੇ ਜਿਹੇ ਕਮਰੇ 'ਚ ਉਹ ਇਕੱਲੇ ਚੁੱਪਚਾਪ ਬੈਠੇ ਰਹਿੰਦੇ ਹਨ। ਇਸ ਵਜ੍ਹਾ ਕਾਰਨ ਉਨ੍ਹਾਂ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ। ਇਹ ਗੱਲ ਸੁਣ ਕੇ ਉਨ੍ਹਾਂ ਨੂੰ ਵਧੀਆ ਨਹੀਂ ਲੱਗਾ ਤੇ ਲੁਧਿਆਣਾ 'ਚ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਕੌਲ ਨੂੰ ਆਪਣੇ ਘਰ ਲੈ ਕੇ ਆ ਗਈ। ਬਾਠ ਨੇ ਦੱਸਿਆ ਕਿ ਹੁਣ ਉਹ ਉਨ੍ਹਾਂ ਨੂੰ ਆਪਣੇ ਨਾਲ ਹੀ ਰੱਖੇਗੀ। ਉਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਦੇ ਸਾਰੇ ਇੰਤਜ਼ਾਮ ਉਹ ਖੁਦ ਕਰ ਰਹੀ ਹੈ।

ਪੀ. ਯੂ. ਤੋਂ ਮਿਲੀ ਸੀ ਫੈਲੋਸ਼ਿਪ
ਸਤੀਸ਼ ਕੌਲ ਨੂੰ ਪੰਜਾਬੀ ਯੂਨੀਵਰਸਿਟੀ ਨੇ ਵੀ ਫੈਲੋਸ਼ਿਪ ਦਿੱਤੀ ਹੈ। ਇਸ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਵਲੋਂ ਵੀ ਉਸ ਨੂੰ ਲਾਈ ਟਾਈਮ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ। ਲਗਭਗ 3 ਸਾਲ ਪਹਿਲਾਂ ਸਤੀਸ਼ ਕੌਲ ਮੁੰਬਈ ਤੋਂ ਪਟਿਆਲਾ ਆਏ ਸਨ। ਜਿਥੇ ਇਕ ਨਿੱਜੀ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਥਿਏਟਰ ਤੇ ਐਕਟਿੰਗ ਦੀਆਂ ਬਾਰੀਕੀਆਂ ਸਿਖਾਉਣ ਲਈ ਸਤੀਸ਼ ਨੂੰ ਬੁਲਾਇਆ ਗਿਆ ਸੀ ਪਰ ਇਸ ਦੌਰਾਨ ਉਹ ਆਪਣੇ ਬਾਥਰੂਮ 'ਚ ਡਿੱਗ ਗਏ ਤੇ ਉਨ੍ਹਾਂ ਦਾ ਚੂਲਾ ਟੁੱਟ ਗਿਆ ਸੀ। ਇਸ ਤੋਂ ਬਾਅਦ ਉਹ ਕਈ ਮਹੀਨਿਆਂ ਤਕ ਇਥੇ ਨਿੱਜੀ ਹਸਪਤਾਲ 'ਚ ਦਾਖਲ ਰਹੇ ਤੇ ਉਸ ਤੋਂ ਬਾਅਦ ਬਨੂੜ 'ਚ ਗਿਆਨ ਸਾਗਰ ਹਸਪਤਾਲ ਵਾਲਿਆਂ ਨੇ ਉਨ੍ਹਾਂ ਦਾ ਕਈ ਮਹੀਨਿਆਂ ਤਕ ਮੁਫਤ ਇਲਾਜ ਕੀਤਾ। ਉਥੋਂ ਠੀਕ ਹੋਣ ਤੋਂ ਬਾਅਦ ਉਹ ਲੁਧਿਆਣਾ ਦੇ ਬਿਰਧ ਆਸ਼ਰਮ 'ਚ ਰਹਿ ਰਹੇ ਸਨ। ਇਸ ਦੌਰਾਨ ਕਈ ਸੰਸਥਾਨਾਂ ਤੇ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਦੀ ਆਰਥਿਕ ਮਦਦ ਵੀ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News