ਅਦਾਕਾਰਾ ਸੁਰਵੀਨ ਚਾਵਲਾ ਨੂੰ ਵੱਡੀ ਰਾਹਤ, ਕ੍ਰਾਈਮ ਬ੍ਰਾਂਚ ਨੇ ਦਿੱਤੀ ਧੋਖਾਧੜੀ ਕੇਸ ''ਚ ਕਲੀਨ ਚਿੱਟ

9/12/2018 8:43:43 PM

ਹੁਸ਼ਿਆਰਪੁਰ (ਅਸ਼ਵਨੀ)— ਪੰਜਾਬ ਪੁਲਸ ਦੇ ਕ੍ਰਾਈਮ ਵਿੰਗ ਨੇ ਧੋਖਾਧੜੀ ਮਾਮਲੇ 'ਚ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੈ ਠੱਕਰ ਤੇ ਭਰਾ ਮਨਮਿੰਦਰ ਸਿੰਘ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਕ੍ਰਾਈਮ ਲਕਸ਼ਮੀਕਾਂਤ ਯਾਦਵ ਨੇ 'ਜਗ ਬਾਣੀ' ਨੂੰ ਦੱਸਿਆ ਕਿ ਕ੍ਰਾਈਮ ਵਿੰਗ ਦੇ ਸਹਾਇਕ ਇੰਸਪੈਕਟਰ ਜਨਰਲ ਭੂਪਿੰਦਰ ਸਿੰਘ ਵਲੋਂ ਸੁਰਵੀਨ ਚਾਵਲਾ ਤੇ ਹੋਰ ਲੋਕਾਂ ਵਿਰੁੱਧ ਸਿਟੀ ਪੁਲਸ ਸਟੇਸ਼ਨ ਹੁਸ਼ਿਆਰਪੁਰ 'ਚ ਇਸ ਸਾਲ 3 ਮਈ ਨੂੰ ਧਾਰਾ 420 ਅਧੀਨ ਕੇਸ ਦਾਇਰ ਕੀਤਾ ਗਿਆ ਸੀ। ਜਾਂਚ 'ਚ ਹੇਰਾ-ਫੇਰੀ ਦਾ ਮਾਮਲਾ ਨਹੀਂ ਪਾਇਆ ਗਿਆ। ਪੈਸੇ ਦੇ ਲੈਣ-ਦੇਣ ਸਬੰਧੀ ਦੋਸ਼ਾਂ ਦੇ ਆਧਾਰ 'ਤੇ ਦੋਸ਼ੀਆਂ ਵਿਰੁੱਧ ਦਰਜ ਐੱਫ. ਆਈ. ਆਰ. ਰੱਦ ਕਰਨ ਦੇ ਆਦੇਸ਼ ਸਿਟੀ ਪੁਲਸ ਨੂੰ ਦਿੱਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਸੁਰਵੀਨ ਚਾਵਲਾ ਤੇ ਹੋਰ ਦੋਸ਼ੀਆਂ ਨੇ ਕੇਸ ਦਰਜ ਹੋਣ ਉਪਰੰਤ ਪੰਜਾਬ ਦੇ ਡੀ. ਜੀ. ਪੀ. ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਵਿਰੁੱਧ ਗਲਤ ਕੇਸ ਦਰਜ ਕੀਤਾ ਗਿਆ ਹੈ। ਡੀ. ਜੀ. ਪੀ. ਦੇ ਆਦੇਸ਼ 'ਤੇ ਕ੍ਰਾਈਮ ਵਿੰਗ 'ਚ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਪੈਸਿਆਂ ਦਾ ਲੈਣ-ਦੇਣ ਦੀਵਾਨੀ ਮਾਮਲਾ ਬਣਦਾ ਹੈ, ਨਾ ਕਿ ਅਪਰਾਧਕ ਮਾਮਲਾ।

ਕੀ ਹੈ ਮਾਮਲਾ
ਸਤਪਾਲ ਗੁਪਤਾ ਮਾਲਕ ਐੱਸ. ਵੀ. ਇੰਟਰਪ੍ਰਾਈਜ਼ਿਜ਼ ਸੈਂਟਰਲ ਟਾਊਨ ਨੇ ਸ਼ਿਕਾਇਤ ਕੀਤੀ ਸੀ ਕਿ ਸਾਲ 2014 'ਚ ਉਸ ਨੇ 'ਨੀਲ ਬਟੇ ਸੰਨਾਟਾ' ਫ਼ਿਲਮ ਦੇ ਨਿਰਮਾਣ ਲਈ ਸਾਲ 2014 'ਚ 40 ਲੱਖ ਰੁਪਏ ਦੀ ਰਾਸ਼ੀ ਸੁਰਵੀਨ ਚਾਵਲਾ ਨੂੰ ਦਿੱਤੀ ਸੀ। ਉਸ ਨੂੰ 22 ਅਪ੍ਰੈਲ 2016 ਨੂੰ ਰਿਲੀਜ਼ ਕੀਤਾ ਗਿਆ ਤੇ ਮੁਨਾਫ਼ੇ ਦੀ ਰਾਸ਼ੀ 'ਚੋਂ ਕੋਈ ਰਾਸ਼ੀ ਨਹੀਂ ਦਿੱਤੀ ਗਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News