ਸੁਰਵੀਨ ਚਾਵਲਾ ਦੇ ਨਾਲ ਉਸ ਦੇ ਪਤੀ ਤੇ ਭਰਾ ਨੂੰ ਵੀ ਮਿਲੀ ਰਾਹਤ

9/17/2018 7:52:50 PM

ਹੁਸ਼ਿਆਰਪੁਰ (ਅਮਰਿੰਦਰ)— ਮਸ਼ਹੂਰ ਅਭਿਨੇਤਰੀ ਸੁਰਵੀਨ ਚਾਵਲਾ, ਉਸ ਦੇ ਪਤੀ ਅਕਸ਼ੇ ਠੱਕਰ ਤੇ ਭਰਾ ਮਨਵਿੰਦਰ ਚਾਵਲਾ 'ਤੇ ਥਾਣਾ ਸਿਟੀ ਪੁਲਸ 'ਚ 40 ਲੱਖ ਰੁਪਏ ਦੀ ਧੋਖਾਧੜੀ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ ਅੰਤ੍ਰਿਮ ਜ਼ਮਾਨਤ ਨੂੰ ਲੈ ਕੇ ਸੋਮਵਾਰ ਨੂੰ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ 'ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਤਿੰਨਾਂ ਆਰੋਪੀਆਂ ਨੇ ਖੁਦ ਨੂੰ ਬੇਗੁਨਾਹ ਦੱਸਦਿਆਂ ਡੀ. ਜੀ. ਪੀ. ਦੇ ਸਾਹਮਣੇ ਅਪੀਲ ਕੀਤੀ ਸੀ।

ਡੀ. ਜੀ. ਪੀ. ਵਲੋਂ ਇਸ ਬਹੁਚਰਚਿਤ ਮਾਮਲੇ ਦੀ ਜਾਂਚ ਏ. ਡੀ. ਜੀ. ਪੀ. (ਕ੍ਰਾਈਮ) ਨੂੰ ਸੌਂਪੀ ਗਈ ਸੀ। ਹੁਣ ਪੁਲਸ ਜਾਂਚ 'ਚ ਆਰੋਪੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਤੇ ਇਸ ਮਾਮਲੇ ਨੂੰ ਰੱਦ ਕਰ ਦਿੱਤਾ ਜਾਵੇ। ਪੁਲਸ ਦੀ ਦਲੀਲ ਦਾ ਵਿਰੋਧ ਕਰਦਿਆਂ ਸ਼ਿਕਾਇਤਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਅੱਜ ਅਦਾਲਤ 'ਚ ਗੱਲ ਆਰੋਪੀਆਂ ਦੀ ਜ਼ਮਾਨਤ ਦੀ ਹੋ ਰਹੀ ਹੈ ਨਾ ਕਿ ਮਾਮਲੇ ਨੂੰ ਰੱਦ ਕਰਨ ਦੀ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ਨੇ ਪੁਲਸ ਨੂੰ ਹੁਕਮ ਦਿੱਤਾ ਕਿ ਪੁਲਸ ਪੁੱਛਗਿੱਛ ਜਾਂ ਜਾਂਚ ਲਈ ਜੇਕਰ ਸੁਰਵੀਨ ਚਾਵਲਾ, ਅਕਸ਼ੇ ਠੱਕਰ ਤੇ ਮਨਵਿੰਦਰ ਚਾਵਲਾ ਦੀ ਲੋੜ ਪਈ ਤਾਂ ਇਨ੍ਹਾਂ ਨੂੰ 3 ਦਿਨ ਪਹਿਲਾਂ ਲਿਖਤੀ ਤੌਰ 'ਤੇ ਨੋਟਿਸ ਦੇਣਾ ਪਵੇਗਾ।

ਕੇਸ ਰੱਦ ਕਰਨ ਨੂੰ ਲੈ ਕੇ ਪੁਲਸ ਜਾਵੇਗੀ ਅਦਾਲਤ

ਸੁਰਵੀਨ ਚਾਵਲਾ ਦੇ ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਰੱਦ ਕਰਨ ਨੂੰ ਲੈ ਕੇ ਪੁਲਸ ਇਸ ਮਾਮਲੇ ਨੂੰ ਲੈ ਕੇ ਸੀ. ਜੇ. ਐੱਮ. ਕੋਰਟ ਜਾਵੇਗੀ। ਦੂਜੇ ਪਾਸੇ ਸ਼ਿਕਾਇਤਕਰਤਾ ਦੇ ਵਕੀਲ ਨੇ ਕਿਹਾ ਕਿ ਆਰੋਪੀਆਂ ਨੂੰ ਭਾਵੇਂ ਹੀ ਪੁਲਸ ਵਿਭਾਗ ਵਲੋਂ ਕਲੀਨ ਚਿੱਟ ਮਿਲ ਗਈ ਹੈ ਪਰ ਇਸ ਨੂੰ ਮੰਨਣ ਜਾਂ ਨਾ ਮੰਨਣ ਦਾ ਅਧਿਕਾਰ ਅਦਾਲਤ ਕੋਲ ਹੈ। ਅਦਾਲਤ 'ਚ ਅਸੀਂ ਇਸ ਦਾ ਵਿਰੋਧ ਕਰਾਂਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News