ਇਸ ਕਾਰਨ ਯੁਵਰਾਜ ਸਿੰਘ ਦੀ ਬਾਇਓਪਿਕ 'ਚ ਕੰਮ ਨਹੀਂ ਕਰ ਸਕਦੇ ਦਿਲਜੀਤ ਦੋਸਾਂਝ

7/12/2018 3:31:13 PM

ਜਲੰਧਰ (ਬਿਊਰੋ)— 'ਸੂਰਮਾ' ਫਿਲਮ 'ਚ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਦਿਲਜੀਤ ਦੋਸਾਂਝ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ 'ਤੇ ਬਣਨ ਵਾਲੀ ਫਿਲਮ 'ਚ ਕੰਮ ਨਹੀਂ ਕਰਨਾ ਚਾਹੁੰਦੇ, ਜਿਸ ਦਾ ਇਕ ਵੱਡਾ ਕਾਰਨ ਹੈ। ਇਕ ਇੰਟਰਵਿਊ ਦੌਰਾਨ ਗੱਲਬਾਤ ਕਰਦਿਆਂ ਦਿਲਜੀਤ ਨੇ ਕਿਹਾ ਕਿ ਯੁਵਰਾਜ ਸਿੰਘ ਦੀ ਕਹਾਣੀ ਸੰਦੀਪ ਸਿੰਘ ਵਾਂਗ ਹੀ ਪ੍ਰੇਰਣਾਦਾਇਕ ਹੈ ਤੇ ਅੱਜਕਲ ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਨੌਜਵਾਨਾਂ ਨੂੰ ਜ਼ਰੂਰਤ ਹੈ। ਯੁਵਰਾਜ ਸਿੰਘ ਦੀ ਜ਼ਿੰਦਗੀ 'ਤੇ ਫਿਲਮ ਜ਼ਰੂਰ ਬਣਨੀ ਚਾਹੀਦੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਮੈਂ ਇਸ 'ਚ ਕੰਮ ਨਹੀਂ ਕਰ ਸਕਦਾ ਕਿਉਂਕਿ ਮੈਂ ਪੱਗ ਬੰਨ੍ਹਦਾ ਹਾਂ ਤੇ ਯੁਵਰਾਜ ਸਿੰਘ ਨਹੀਂ।
ਦੱਸਣਯੋਗ ਹੈ ਕਿ ਹੁਣ ਤਕ ਭਾਰਤੀ ਓਲਪਿੰਕ ਬਾਕਸਰ ਮੈਰੀ ਕੌਮ, ਐਥਲੀਟ ਮਿਲਖਾ ਸਿੰਘ, ਸਾਬਕਾ ਭਾਰਤੀ ਕ੍ਰਿਕਟ ਕਪਤਾਨ ਐੱਮ. ਐੱਸ. ਧੋਨੀ ਵਰਗੇ ਖਿਡਾਰੀਆਂ 'ਤੇ ਬਾਇਓਪਿਕਸ ਬਣਾਈਆਂ ਗਈਆਂ ਹਨ ਤੇ ਹੁਣ ਸੰਦੀਪ ਸਿੰਘ 'ਤੇ ਵੀ ਬਾਇਓਪਿਕ ਬਣਾਈ ਗਈ ਹੈ। ਦਿਲਜੀਤ ਨੇ ਇਨ੍ਹਾਂ ਖਿਡਾਰੀਆਂ ਦੀਆਂ ਬਾਇਓਪਿਕਸ ਦੇਖੀਆਂ ਹਨ ਤੇ ਉਨ੍ਹਾਂ ਦੀ ਹਰ ਯਾਤਰਾ ਦਾ ਆਨੰਦ ਮਾਣਿਆ ਹੈ।
'ਸੂਰਮਾ' ਫਿਲਮ ਬਾਰੇ ਗੱਲਬਾਤ ਕਰਦਿਆਂ ਦਿਲਜੀਤ ਨੇ ਕਿਹਾ, 'ਜਦੋਂ ਮੈਂ ਸਕ੍ਰਿਪਟ ਪੜ੍ਹੀ ਤਾਂ ਮੈਂ ਇਸ ਵਿਅਕਤੀ ਦੀ ਇੱਛਾਸ਼ਕਤੀ ਦਾ ਦੀਵਾਨਾ ਹੋ ਗਿਆ ਸੀ। ਅਸੀਂ ਕਿੰਨੀ ਵਾਰ ਅਜਿਹੀਆਂ ਪ੍ਰੇਰਣਾਦਾਇਕ ਕਹਾਣੀਆਂ ਸੁਣਦੇ ਹਾਂ, ਇਸ ਲਈ ਮੈਂ ਸੰਦੀਪ ਦੀ ਕਹਾਣੀ ਨੂੰ ਜਾਣਨ ਤੋਂ ਬਾਅਦ ਫਿਲਮ ਨੂੰ ਸਾਈਨ ਕਰਨ ਤੋਂ ਖੁਦ ਨੂੰ ਨਹੀਂ ਰੋਕ ਸਕਿਆ।' 'ਸੂਰਮਾ' ਫਿਲਮ ਕੱਲ ਯਾਨੀ 13 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਦਿਲਜੀਤ ਦੁਸਾਂਝ ਤੋਂ ਇਲਾਵਾ ਤਾਪਸੀ ਪਨੂੰ ਤੇ ਅੰਗਦ ਬੇਦੀ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News