ਆਪਣੀ ਬਾਇਓਪਿਕ ਲਈ ਮੇਰੀ ਪਸੰਦ ਅਜੇ ਦੇਵਗਨ ਪਰ ਰੋਲ ਅਕਸ਼ੈ ਕਰੇਗਾ : ਬਿੱਟਾ

2/22/2020 8:59:14 AM

ਨਾਭਾ (ਜੈਨ) - ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਅਤੇ ਅੱਤਵਾਦ ਵਿਰੋਧੀ ਫਰੰਟ ਦੇ ਕੌਮੀ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ’ਤੇ ਹੋਏ ਜਾਨਲੇਵਾ ਹਮਲਿਆਂ ਅਤੇ ਬੰਬ ਧਮਾਕਿਆਂ ਸਬੰਧੀ ਬਾਲੀਵੁਡ ਵਿਚ ਰਿਲਾਇੰਸ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਡਾਇਰੈਕਟਰ ਪ੍ਰਿਯਾ ਗੁਪਤਾ ਅਤੇ ਸ਼ੈਲਿੰਦਰ ਸਿੰਘ ਵੱਲੋਂ ਤਿਆਰ ਕੀਤੀ ਜਾ ਰਹੀ ਬਾਇਓਪਿਕ ਫਿਲਮ ‘ਹਿਟਲਿਸਟ’ ਲਈ ਬਿੱਟਾ ਦੇ ਰੋਲ ਸਬੰਧੀ ਰਿਲਾਇੰਸ ਨੇ ਹੁਣ ਅਭਿਨੇਤਾ ਅਕਸ਼ੈ ਕੁਮਾਰ ਨਾਲ ਸੰਪਰਕ ਕੀਤਾ ਹੈ। ਅਕਸ਼ੈ ਨੇ ਫਿਲਮ ਦੀ ਸਕਰਿਪਟ ਪਸੰਦ ਕਰ ਲਈ ਹੈ। ਦੱਸਿਆ ਜਾਂਦਾ ਹੈ ਕਿ ਅਕਸ਼ੈ ਨੇ ਬਿੱਟਾ ਦੇ ਸਿਆਸੀ ਜੀਵਨ ਅਤੇ ਬੰਬ ਹਮਲਿਆਂ ਬਾਰੇ ਸਾਰੀ ਸਟੱਡੀ ਕਰ ਲਈ ਹੈ ਅਤੇ ਬਿੱਟਾ ਨਾਲ ਜਲਦੀ ਫਿਲਮ ਬਾਰੇ ਮੀਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਬਿੱਟਾ ਨੇ ਅਭਿਨੇਤਾ ਅਜੇ ਦੇਵਗਨ ਨੂੰ ਆਪਣੀ ਪਸੰਦ ਦੱਸਿਆ ਸੀ ਪਰ ਫਿਲਮ ਦੀ ਡਾਇਰੈਕਟਰ ਪ੍ਰਿਯਾ ਗੁਪਤਾ ਦਾ ਕਹਿਣਾ ਹੈ ਕਿ ਅਜੇ ਦੇਵਗਨ ਬਿੱਟਾ ਦੀ ਪਰਸਨਲ ਪਸੰਦ ਹੋ ਸਕਦੀ ਹੈ ਪਰ ਹੀਰੋ ਦੀਆਂ ਡੇਟਾਂ ਵੀ ਦੇਖਣੀਆਂ ਪੈਂਦੀਆਂ ਹਨ।

ਬਿੱਟਾ ਨੇ ਦੱਸਿਆ ਕਿ ਮੇਰੇ ’ਤੇ ਕਈ ਬੰਬ ਹਮਲੇ ਹੋਏ ਹਨ। ਅੰਮ੍ਰਿਤਸਰ ਅਤੇ ਨਵੀਂ ਦਿੱਲੀ ਹਮਲਿਆਂ ਵਿਚ 3 ਦਰਜਨ ਤੋਂ ਵੱਧ ਬੇਗੁਨਾਹ ਲੋਕ, ਕਮਾਂਡੋਜ਼/ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਸਨ। ਮੇਰੀ ਲੱਤ ਖਰਾਬ ਹੋਈ ਪਰ ਮੈਂ ਹਿੰਮਤ ਨਹੀਂ ਹਾਰੀ। ਮੇਰੇ ਮੂੰਹ ਵਿਚੋਂ ਹਮੇਸ਼ਾ ਵੰਦੇ ਮਾਤਰਮ ਹੀ ਨਿਕਲਦਾ ਰਿਹਾ। ਮੈਂ 30 ਸਾਲਾਂ ਦੌਰਾਨ ਅੱਤਵਾਦ ਅਤੇ ਸਿਆਸੀ ਤਸ਼ੱਦਦ ਦਾ ਸ਼ਿਕਾਰ ਹੋਇਆਂ ਹਾਂ ਪਰ ਕਦੇ ਵੀ ਹੌਸਲਾ ਨਹੀਂ ਹਾਰਿਆ। ਮੈਨੂੰ ਭਾਰਤ ਮਾਤਾ ਦੀ ਸੇਵਾ ਕਰਨ ਨਾਲ ਸਕੂਨ ਮਿਲਿਆ। ਇਸ ਫਿਲਮ ਵਿਚ ਮੇਰੇ ਜੀਵਨ ’ਤੇ ਆਧਾਰਿਤ ਹਮਲਿਆਂ ਦੇ ਦ੍ਰਿਸ਼ ਦੇਖਣ ਨੂੰ ਮਿਲਣਗੇ। ਇਹ ਵੱਡੇ ਪਰਦੇ ਦੀ ਫਿਲਮ ਹੈ।

ਡਾਇਰੈਕਟਰ ਅਨੁਸਾਰ ਇਸ ਫਿਲਮ ਨਾਲ ਦੁਨੀਆ ਵਿਚ ਸੰਦੇਸ਼ ਜਾਵੇਗਾ ਕਿ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਨਰਸਿਮ੍ਹਾ ਰਾਓ ਵੱਲੋਂ ਬਿੱਟਾ ਨੂੰ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਬਿੱਟਾ ਨੇ ਕੁਰਸੀ ਦਾ ਤਿਆਗ ਕੀਤਾ ਸੀ। ਨੌਜਵਾਨਾਂ ਲਈ ਇਹ ਫਿਲਮ ਪ੍ਰੇਰਣਾਦਾਇਕ ਹੋਵੇਗੀ ਕਿਉਂਕਿ ਬਿੱਟਾ ਨੇ ਕਾਰਗਿਲ ਆਪ੍ਰੇਸ਼ਨ ਤੋਂ ਬਾਅਦ ਸ਼ਹੀਦਾਂ ਦੇ ਪਰਿਵਾਰਾਂ ਦੀ ਸੰਭਾਲ ਪ੍ਰਤੀ ਵੀ ਦਿਲਚਸਪੀ ਲਈ ਹੈ ਅਤੇ ਅੱਤਵਾਦ ਦਾ ਟਾਕਰਾ ਕੀਤਾ। ਇਸ ਫਿਲਮ ਦੀ ਕਹਾਣੀ ਗਿਰੀਸ਼ ਕੋਹਲੀ ਵੱਲੋਂ ਲਿਖੀ ਗਈ ਹੈ ਜਦੋਂ ਕਿ ਵਿੱਕੀ ਕੌਸ਼ਲ ਤੇ ਰਣਬੀਰ ਸਿੰਘ ਦੇ ਵੀ ਅਹਿਮ ਰੋਲ ਹੋਣਗੇ। ਬਿੱਟਾ ਅਨੁਸਾਰ ਮੈਂ ਅੱਤਵਾਦ ਤੋਂ ਕਦੇ ਵੀ ਨਹੀਂ ਹਾਰਿਆ ਪਰ ‘ਸਿਆਸੀ ਅੱਤਵਾਦ’ ਤੋਂ ਕੁੱਝ ਸਮੇਂ ਲਈ ਹਾਰ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News