ਦਿਹਾੜੀਦਾਰ ਮਜ਼ਦੂਰਾਂ ਦਾ ਸਹਾਰਾ ਬਣੇ ਅਕਸ਼ੈ ਕੁਮਾਰ, ਖਾਤਿਆਂ 'ਚ ਭੇਜੇ 45 ਲੱਖ ਰੁਪਏ
5/29/2020 10:48:47 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਕੋਰੋਨਾ ਵਾਇਰਸ ਅਤੇ ਤਾਲਾਬੰਦੀ ਦੇ ਇਸ ਦੌਰ 'ਚ ਕਈ ਰਾਹਤ ਕਾਰਜਾਂ 'ਚ ਕਰੋੜਾਂ ਰੁਪਏ ਦਾਨ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਦਿਹਾੜੀਦਾਰ ਮਜ਼ਦੂਰਾਂ ਦੀ ਮਦਦ ਲਈ ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ 'ਚ 45 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਖੁਦ ਸਿੰਟਾ ਦੇ ਸੀਨੀਅਰ ਸੈਕਟਰੀ ਅਮਿਤ ਬਹਿਲ ਨੇ ਕੀਤੀ ਹੈ।
ਅਸੀਂ ਅਕਸ਼ੈ ਦੇ ਬਹੁਤ ਧੰਨਵਾਦੀ ਹਾਂ : ਅਮਿਤ
ਅਮਿਤ ਨੇ ਗੱਲਬਾਤ ਕਰਦਿਆਂ ਕਿਹਾ, ''ਇਸ ਔਖੇ ਦੌਰ 'ਚ ਮਦਦ ਲਈ ਅਸੀਂ ਅਕਸ਼ੈ ਕੁਮਾਰ ਦੇ ਬਹੁਤ ਅਹਿਸਾਨਮੰਦ (ਧੰਨਵਾਦੀ) ਹਾਂ। ਇਸਦੀ ਪਹਿਲ ਕਾਰਜਕਾਰੀ ਕਮੇਟੀ ਦੇ ਮੈਂਬਰ ਤੇ ਅਦਾਕਾਰ ਅਯੂਬ ਖਾਨ ਵਲੋਂ ਕੀਤੀ ਗਈ ਸੀ। ਉਨ੍ਹਾਂ ਨੇ ਅਭਿਨੇਤਾ ਜਾਵੇਦ ਜਾਫਰੀ ਦੇ ਜ਼ਰੀਏ ਸਾਜਿਦ ਨਾਡੀਆਡਵਾਲਾ ਅਤੇ ਅਕਸ਼ੈ ਕੁਮਾਰ ਤੋਂ ਮਦਦ ਦੀ ਮੰਗ ਕੀਤੀ ਸੀ।''
ਬਿਨਾਂ ਦੇਰੀ ਕੀਤੇ ਅਕਸ਼ੈ ਨੇ ਮੰਗੀ ਸੂਚੀ
ਅਮਿਤ ਨੇ ਅੱਗੇ ਕਿਹਾ, ''ਅਕਸ਼ੈ ਨੇ ਬਿਨਾਂ ਦੇਰੀ ਕੀਤੇ ਸਾਡੇ ਤੋਂ ਮੈਂਬਰਾਂ ਦੀ ਸੂਚੀ ਮੰਗੀ। ਇਸ ਤੋਂ ਬਾਅਦ ਸਾਡੇ ਕੋਲ 1500 ਦਿਹਾੜੀਦਾਰ ਮਜ਼ਦੂਰਾਂ ਵਲੋਂ ਧੰਨਵਾਦ ਦੇ ਮੈਸੇਜ ਆ ਚੁੱਕੇ ਹਨ, ਜਿਨ੍ਹਾਂ ਦੀ ਮਦਦ ਅਕਸ਼ੈ ਨੇ ਕੀਤੀ।'' ਅਮਿਤ ਮੁਤਾਬਕ, ਅਕਸ਼ੈ ਤੇ ਪ੍ਰੋਡਿਊਸਰ ਸਾਜਿਦ ਨੇ ਹਰ ਮੈਂਬਰ ਦੇ ਅਕਾਊਂਟ 'ਚ 3 ਹਜ਼ਾਰ ਰੁਪਏ ਪਾਏ ਹਨ। ਬਕੌਲ ਅਮਿਤ, ''ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਮੈਂਬਰਾਂ ਦੀ ਲੋੜੀਂਦੀ ਮਦਦ ਜ਼ਰੂਰ ਕਰਨਗੇ।''
ਪਹਿਲਾਂ ਇੰਝ ਦਿੱਤਾ ਸੀ ਅਕਸ਼ੈ ਨੇ ਸਹਿਯੋਗ
ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਪੀ. ਐੱਮ. ਕੇਅਰਜ਼ ਫੰਡ 'ਚ 25 ਕਰੋੜ ਰੁਪਏ ਦਾ ਯੋਗਦਾਨ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 3 ਕਰੋੜ ਰੁਪਏ ਬੀ. ਐੱਮ. ਸੀ. ਨੂੰ ਮਾਸਕ, ਪੀ. ਪੀ. ਈ. ਅਤੇ ਰੈਪਿਡ ਕਿੱਟਾਂ ਖਰੀਦਣ ਲਈ ਦਿੱਤੇ ਸਨ। ਮੁੰਬਈ ਪੁਲਸ ਫਾਊਂਡੇਸ਼ਨ 'ਚ ਵੀ ਉਹ 2 ਕਰੋੜ ਰੁਪਏ ਜਮ੍ਹਾ ਕਰਵਾ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ