ਪੰਜਾਬੀ ਸਿਨੇਮਾ ’ਚ ਐਕਸ਼ਨ ਫਿਲਮਾਂ ਦਾ ਨਵਾਂ ਦੌਰ ਸ਼ੁਰੂ ਕਰੇਗੀ ‘ਜੋਰਾ : ਦਿ ਸੈਕਿੰਡ ਚੈਪਟਰ’

1/26/2020 10:13:42 AM

ਜਲੰਧਰ(ਬਿਊਰੋ)- ਕਰੀਬ 3 ਸਾਲ ਪਹਿਲਾਂ ਆਈ ਪੰਜਾਬੀ ਫ਼ਿਲਮ ‘ਜੋਰਾ’ ਦਾ ਸੀਕੁਅਲ ‘ਜੋਰਾ : ਦਿ ਸੈਕਿੰਡ ਚੈਪਟਰ’ 6 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੇ ਟੀਜ਼ਰ ਨੇ ਹੀ ਸਾਬਿਤ ਕਰ ਦਿੱਤਾ ਹੈ ਕਿ ਇਹ ਫਿਲਮ ਪੰਜਾਬੀ ਸਿਨੇਮਾ ਦੇ ਚਾਲੂ ਅਤੇ ਰਵਾਇਤੀ ਰੁਝਾਨ ਨੂੰ ਵੱਢ ਮਾਰ ਕੇ ਐਕਸ਼ਨ ਫਿਲਮਾਂ ਦਾ ਇਕ ਨਵਾਂ ਦੌਰ ਸ਼ੁਰੂ ਕਰਨ ਦਾ ਦਮ ਰੱਖਦੀ ਹੈ। ਇਹ ਫ਼ਿਲਮ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਸਿਨੇਮਾ ਸੰਚਾਰ ਦਾ ਸਭ ਤੋਂ ਵੱਡਾ ਮਾਧਿਅਮ ਹੈ। ਫ਼ਿਲਮਾਂ ਦਾ ਕੰਮ ਸਿਰਫ਼ ਮਨੋਰੰਜਨ ਕਰਨਾ ਹੀ ਨਹੀਂ ਹੁੰਦਾ, ਸਗੋਂ ਆਲੇ-ਦੁਆਲੇ ਸਮਾਜ ’ਚ ਵਾਪਰ ਰਹੀਆਂ ਘਟਨਾਵਾਂ ਨੂੰ ਕਸੀਦ ਕਰ ਕੇ ਦਰਸ਼ਕਾਂ ਤੱਕ ਪਹੁੰਚਾਉਣਾ ਵੀ ਹੁੰਦਾ ਹੈ। ਪੰਜਾਬ ਦੀਆਂ ਕੁਝ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਇਸ ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਹੈ। ‘ਜੋਰਾ’ ਫ਼ਿਲਮ ਨਾਲ ਪੰਜਾਬੀ ਫ਼ਿਲਮ ਜਗਤ ਦਾ ਚਰਚਿਤ ਸਿਤਾਰਾ ਬਣਿਆ ਦੀਪ ਸਿੱਧੂ ਇਸ ਫ਼ਿਲਮ ਦਾ ਨਾਇਕ ਹੈ।

ਇਸ ਫਿਲਮ ਰਾਹੀਂ ਪੰਜਾਬੀ ਗਾਇਕ ਸਿੰਘਾ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰੇਗਾ। ਧਰਮਿੰਦਰ ਵਰਗੇ ਦਿੱਗਜ ਅਦਾਕਾਰ ਸਮੇਤ ਇਸ ਫ਼ਿਲਮ ’ਚ ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਅਸ਼ੀਸ਼ ਦੁੱਗਲ, ਮੁਕੇਸ਼ ਤਿਵਾੜੀ, ਮਹਾਵੀਰ ਭੁੱਲਰ, ਯਾਦ ਗਰੇਵਾਲ, ਕੁੱਲ ਸਿੱਧੂ, ਸੋਨਪ੍ਰੀਤ ਜਵੰਧਾ, ਪਾਲੀ ਸੰਧੂ, ਬਲਜੀਤ ਸਿੰਘ, ਅਮਨ, ਕਰਨ ਬਟਨ, ਹਰਿੰਦਰ ਭੁੱਲਰ, ਅੰਮ੍ਰਿਤ ਅੰਬੀ, ਸਤਿੰਦਰ ਕੌਰ, ਦਵਿੰਦਰ ਪੁਰਬਾ ਤੇ ਅਸ਼ੋਕ ਤਾਂਗੜੀ ਸਮੇਤ ਕਈ ਹੋਰ ਚਿਹਰੇ ਵੀ ਫ਼ਿਲਮ ਦਾ ਜ਼ਰੂਰੀ ਹਿੱਸਾ ਹਨ। ਜ਼ਿਲਾ ਬਠਿੰਡਾ 'ਚ ਫਿਲਮਾਈ ਗਈ ਇਸ ਫਿਲਮ ਦੀ ਪਿੱਠ ਭੂਮੀ ਵੀ ਬਠਿੰਡਾ ਸ਼ਹਿਰ ਨਾਲ ਸਬੰਧਤ ਹੈ। ਫਿਲਮ 'ਚ ਕੁਝ ਅਜਿਹੀਆਂ ਘਟਨਾਵਾਂ ਵੀ ਸ਼ਾਮਲ ਹਨ, ਜੋ ਹਕੀਕੀ ਤੌਰ 'ਤੇ ਵਾਪਰੀਆਂ ਹਨ। ਇਹ ਫ਼ਿਲਮ ਯਥਾਰਥ ਤੇ ਡਰਾਮੇ ਦਾ ਸੁਮੇਲ ਕਹੀ ਜਾ ਸਕਦੀ ਹੈ। ਇਸ ਫਿਲਮ ਦੇ ਕਈ ਪਾਤਰ ਵੀ ਅਸਲ ਜ਼ਿੰਦਗੀ 'ਚੋਂ ਲਏ ਗਏ ਹਨ। ਫ਼ਿਲਮ ਦੇ ਐਕਸ਼ਨ ਤੇ ਡਾਇਲਾਗ ਇਸ ਦੀ ਜਿੰਦ-ਜਾਨ ਕਹੇ ਜਾ ਸਕਦੇ ਹਨ।

‘ਬਠਿੰਡੇ ਵਾਲੇ ਬਾਈ ਫਿਲਮਜ਼’ ਤੇ ‘ਲਾਊਡ ਰੌਰ ਫ਼ਿਲਮਜ਼’ ਦੀ ਪੇਸ਼ਕਸ਼ ਨਿਰਮਾਤਾ ਮਨਦੀਪ ਸਿੰਘ ਸਿੱਧੂ, ਹਰਪ੍ਰੀਤ ਸਿੰਘ ਦੇਵਗਨ, ਜੈਰੀ ਬਰਾੜ, ਵਿਮਲ ਚੋਪੜਾ ਤੇ ਅਮਰਿੰਦਰ ਸਿੰਘ ਰਾਜੂ ਦੀ ਇਸ ਫਿਲਮ ਦਾ ਸੰਗੀਤ ਜਿਥੇ ਫਿਲਮ ਨੂੰ ਪ੍ਰਭਾਵਸ਼ਾਲੀ ਬਣਾਏਗਾ, ਉਥੇ ਦਰਸ਼ਕਾਂ ਨੂੰ ਬੇਹੂਦਾ ਗਾਇਕੀ ਤੇ ਸੰਗੀਤ ਤੋਂ ਰਾਹਤ ਵੀ ਦੇਵੇਗਾ। ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਹ ਫਿਲਮ ਭਾਵੇਂ ਐਕਸ਼ਨ ਡਰਾਮਾ ਫ਼ਿਲਮ ਹੈ ਪਰ ਇਹ ਸਿਰਫ ਨੌਜਵਾਨਾਂ ਦੀ ਨਾ ਹੋ ਕੇ ਸਮੁੱਚੇ ਪਰਿਵਾਰਾਂ ਦੀ ਫ਼ਿਲਮ ਹੈ, ਜੋ ਪੰਜਾਬ ਦੇ ਕਈ ਰੰਗਾਂ ਨੂੰ ਪਰਦੇ ’ਤੇ ਪੇਸ਼ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News