ਅਮੀਸ਼ਾ ਪਟੇਲ ''ਤੇ 2.5 ਕਰੋੜ ਦੀ ਧੋਖਾਧੜੀ ਦਾ ਦੋਸ਼

3/29/2019 3:53:53 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ 'ਤੇ ਇਕ ਵਾਰ ਫਿਰ ਧੋਖਾਧੜੀ ਦਾ ਦੋਸ਼ ਲੱਗਾ ਹੈ। ਰਾਂਚੀ ਦੇ ਇਕ ਫਿਲਮਮੇਕਰ ਨੇ ਅਮੀਸ਼ਾ 'ਤੇ 2.5 ਕਰੋੜ ਰੁਪਏ ਵਾਪਸ ਨਾ ਕਰਨ ਦਾ ਦੋਸ਼ ਲਾਇਆ ਹੈ। ਫਿਲਮਮੇਕਰ ਨੇ ਅਮੀਸ਼ਾ ਤੇ ਉਸ ਦੇ ਬਿਜ਼ਨੈੱਸ ਪਾਰਟਨਰ ਕੁਣਾਲ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਹੈ। ਖਬਰਾਂ ਮੁਤਾਬਕ, ''ਅਮੀਸ਼ਾ ਤੇ ਕੁਣਾਲ ਨੇ ਆਪਣੀ ਫਿਲਮ 'ਦੇਸੀ ਮੈਜਿਕ' ਲਈ ਫਿਲਮਕਾਰ ਅਜੈ ਤੋਂ 2.5 ਕਰੋੜ ਲਏ ਸਨ। ਫਿਲਮ ਦਾ ਨਿਰਮਾਣ ਸਾਲ 2013 'ਚ ਸ਼ੁਰੂ ਹੋਇਆ।'' ਫਿਲਮਕਾਰ ਨੇ ਦੱਸਿਆ, ''ਅਮੀਸ਼ਾ ਨੇ ਉਸ ਨੂੰ ਕਿਹਾ ਸੀ ਕਿ ਫਿਲਮ 2018 ਤੱਕ ਪੂਰੀ ਹੋ ਜਾਵੇਗੀ ਅਤੇ ਇਕ ਫਾਇਦੇ ਦਾ ਸੌਦਾ ਹੈ। ਅਮੀਸ਼ਾ ਨੇ ਕਿਹਾ ਸੀ ਕਿ ਫਿਲਮ ਰਿਲੀਜ਼ ਹੁੰਦੇ ਹੀ ਉਹ ਉਸ ਨੂੰ ਵਿਆਜ ਨਾਲ ਪੈਸੇ ਵਾਪਸ ਮੋੜ ਦੇਵੇਗੀ।''

ਤਸਵੀਰ ਦਿਖਾ ਕੇ ਧਮਕੀ ਦਿੱਤੀ

''ਲੰਬੇ ਸਮੇਂ ਤੋਂ ਬਾਅਦ ਵੀ ਫਿਲਮ ਰਿਲੀਜ਼ ਨਹੀਂ ਹੋਈ। ਮੈਂ ਅਮੀਸ਼ਾ ਤੋਂ ਪੈਸਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ 3 ਕਰੋੜ ਰੁਪਏ ਦਾ ਚੈੱਕ ਦਿੱਤਾ। ਮੈਂ ਚੈੱਕ ਬੈਂਕ 'ਚ ਲਾਇਆ ਤਾਂ ਉਹ ਬਾਊਂਸ ਹੋ ਗਿਆ। ਮੈਂ ਦੋਬਾਰਾ ਅਮੀਸ਼ਾ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੇਰਾ ਪੈਸੇ ਦੇਣ ਦਾ ਕੋਈ ਇਰਾਦਾ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਸ਼ਹੂਰ ਲੋਕਾਂ ਨਾਲ ਆਪਣੀਆਂ ਤਸਵੀਰਾਂ ਦਿਖਾ ਕੇ ਧਮਕਾਇਆ ਵੀ।'' ਉਸ ਨੇ ਮੈਨੂੰ ਕਿਹਾ ਕਿ ਫਿਲਮ ਇਸ ਸਾਲ ਰਿਲੀਜ਼ ਹੋ ਰਹੀ ਹੈ ਪਰ ਮੈਨੂੰ ਹੁਣ ਤੱਕ ਕੋਈ ਅਪਡੇਟ ਨਹੀਂ ਮਿਲੀ।
ਇਨ੍ਹਾਂ ਦੋਸ਼ਾਂ 'ਤੇ ਹਾਲੇ ਅਮੀਸ਼ਾ ਵਲੋਂ ਕੋਈ ਜਵਾਬ ਨਹੀਂ ਆਇਆ ਹੈ। ਅਦਾਕਾਰਾ ਦਾ ਪੱਖ ਜਾਣਨ ਤੋਂ ਬਾਅਦ ਹੀ ਇਸ ਮਾਮਲੇ ਦੀ ਡਿਟੇਲ ਸਾਹਮਣੇ ਆਏਗੀ। ਉਂਝ ਹਾਲ ਹੀ 'ਚ ਇਕ ਈਵੈਂਟ ਕੰਪਨੀ ਨੇ ਵੀ ਅਮੀਸ਼ਾ ਪਟੇਲ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ। ਅਮੀਸ਼ਾ ਪਟੇਲ 'ਤੇ ਪੈਸੇ ਲੈ ਕੇ ਪ੍ਰੋਗਰਾਮ 'ਚ ਸ਼ਾਮਲ ਨਾ ਹੋਣ ਦਾ ਦੋਸ਼ ਸੀ। ਉਸ ਨਾਲ ਚਾਰ ਹੋਰ ਲੋਕਾਂ ਖਿਲਾਫ ਵੀ ਕੇਸ ਦਰਜ ਕਰਵਾਇਆ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News