ਅਮਰਿੰਦਰ ਗਿੱਲ ਬਨਾਮ ਸਲਮਾਨ, ਮਹਾ-ਮੁਕਾਬਲੇ ''ਤੇ ਟਿਕੀਆਂ ਸਭ ਦੀਆਂ ਨਜ਼ਰਾਂ

6/2/2019 9:19:45 AM

ਜਲੰਧਰ (ਬਿਊਰੋ) — ਆਉਂਦੇ ਬੁੱਧਵਾਰ, 5 ਜੂਨ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਲਾਈਏ ਜੇ ਯਾਰੀਆਂ' ਕਈ ਪੱਖਾਂ ਤੋਂ ਅਹਿਮ ਫ਼ਿਲਮ ਹੈ। ਇਸ ਵੇਲੇ ਜਿਥੇ ਪੰਜਾਬੀ ਦਰਸ਼ਕ ਇਸ ਫ਼ਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਉਥੇ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਨਜ਼ਰਾਂ ਵੀ ਇਸ ਫ਼ਿਲਮ 'ਤੇ ਟਿਕੀਆਂ ਹੋਈਆਂ ਹਨ। ਯਾਦ ਰਹੇ ਕਿ ਇਹ ਫ਼ਿਲਮ ਭਾਰਤ ਵਿਚ ਬੁੱਧਵਾਰ, 5 ਜੂਨ ਨੂੰ ਅਤੇ ਵਿਦੇਸ਼ਾਂ ਵਿੱਚ ਸ਼ੁੱਕਰਵਾਰ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। 5 ਜੂਨ ਨੂੰ ਇਸੇ ਫ਼ਿਲਮ ਦੇ ਬਰਾਬਰ ਹਿੰਦੀ ਦੀ ਵੱਡੀ ਫ਼ਿਲਮ 'ਭਾਰਤ' ਰਿਲੀਜ਼ ਹੋ ਰਹੀ ਹੈ। ਸਲਮਾਨ ਖਾਨ ਦੀ ਇਸ ਫ਼ਿਲਮ ਦੇ ਬਰਾਬਰ ਕਿਸੇ ਖੇਤਰੀ ਫ਼ਿਲਮ ਦਾ ਲੱਗਣਾ ਜਿਥੇ ਵੱਡਾ ਰਿਸਕ ਮੰਨਿਆ ਜਾਂਦਾ ਹੈ ਉਥੇ ਹੀ ਇਹ ਇਕ ਵੱਡੀ ਚੁਣੌਤੀ ਵੀ ਕਹੀ ਜਾ ਸਕਦੀ ਹੈ।


ਕਾਬਲੇਗੌਰ ਹੈ ਕਿ ਵੱਡੀਆਂ ਹਿੰਦੀ ਫ਼ਿਲਮਾਂ ਦੇ ਬਰਾਬਰ ਪੰਜਾਬੀ ਫ਼ਿਲਮਾਂ ਰਿਲੀਜ਼ ਕਰਨ ਨੂੰ ਨਿਰਮਾਤਾ, ਨਿਰਦੇਸ਼ਕ ਅਕਸਰ ਘਾਟੇ ਦਾ ਸੌਦਾ ਮੰਨਦੇ ਆਏ ਹਨ। ਜਦਕਿ ਪੰਜਾਬੀ ਦਰਸ਼ਕਾਂ ਦਾ ਵੱਡਾ ਵਰਗ ਹੋਣ ਦੇ ਬਾਵਜੂਦ ਇਹ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਦੂਜੇ ਪਾਸੇ ਸਾਊਥ ਵਰਗੀ ਫ਼ਿਲਮ ਇੰਡਸਟਰੀ 'ਚ ਕਿਸੇ ਵੱਡੀ ਹਿੰਦੀ ਫ਼ਿਲਮ ਰਿਲੀਜ਼ ਹੋਣ ਦੇ ਬਾਵਜੂਦ ਵੀ ਇੰਡਸਟਰੀ ਦੇ ਲੋਕ ਆਪਣੇ ਖੇਤਰੀ ਬੋਲੀ ਨੂੰ ਪਹਿਲ ਦਿੰਦੇ ਹਨ। ਦਰਸ਼ਕ ਵੀ ਉਨ੍ਹਾਂ ਦੀ ਪਹਿਲ ਕਦਮੀ ਤੇ ਆਤਮ-ਵਿਸ਼ਵਾਸ ਨੂੰ ਡੋਲਣ ਨਹੀਂ ਦਿੰਦੇ। ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਫ਼ਿਲਮ ਪੰਜਾਬੀ ਖੇਤਰਾਂ 'ਚ ਵੱਡੀ ਹਿੰਦੀ ਫ਼ਿਲਮ ਦੇ ਬਰਾਬਰ ਵਧੀਆ ਬਿਜ਼ਨੈੱਸ ਕਰਦੀ ਹੈ ਤਾਂ ਇਸ ਨਾਲ ਜਿਥੇ ਇਸ ਫ਼ਿਲਮ ਦਾ ਨਿਰਮਾਣ ਕਰਨ ਵਾਲਿਆਂ ਦੇ ਹੌਸਲੇ ਹੋਰ ਬੁਲੰਦ ਹੋਣਗੇ, ਉਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੀ ਹੱਲਾਸ਼ੇਰੀ ਮਿਲੇਗੀ।

ਨਾਮਵਰ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ, ਹਰੀਸ਼ ਵਰਮਾ, ਸੱਜਣ ਅਦੀਬ, ਰੁਬੀਨਾ ਬਾਜਵਾ ਅਤੇ ਰੂਪ ਗਿੱਲ ਵਰਗੇ ਨਾਮੀਂ ਕਲਾਕਾਰਾਂ ਵਾਲੀ ਇਸ ਫ਼ਿਲਮ ਨੂੰ ਉਂਝ ਸੋਸ਼ਲ ਮੀਡੀਆ 'ਤੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਦੇ ਬਰਾਬਰ ਹਿੰਦੀ ਫ਼ਿਲਮ ਹੋਣ ਦੇ ਬਾਵਜੂਦ ਵੀ ਇਸ ਫ਼ਿਲਮ ਅਤੇ ਖਾਸ ਕਰ ਕੇ ਫ਼ਿਲਮ ਦੇ ਕਲਾਕਾਰਾਂ ਤੇ ਦਰਸ਼ਕਾਂ ਦਾ ਮਨ ਨਹੀਂ ਬਦਲਿਆ ਜਾ ਸਕਦਾ। ਹਮੇਸ਼ਾ ਆਪਣੀਆਂ ਫ਼ਿਲਮਾਂ ਦਾ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਅਮਰਿੰਦਰ ਗਿੱਲ ਅਤੇ ਉਸ ਦੀ ਟੀਮ ਦੀ ਅੱਧੀ ਜਿੱਤ ਤਾਂ ਉਨ੍ਹਾਂ ਦੇ ਆਤਮਵਿਸ਼ਵਾਸ ਸਦਕਾ ਪਹਿਲਾਂ ਹੋ ਚੁੱਕੀ ਹੈ, ਬਾਕੀ ਜਿੱਤ ਕੋਈ ਬਹੁਤ ਦੂਰ ਨਹੀਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News