25 ਵਾਰ ਦੇਖੀ ਸੀ ਵਾਜਪਾਈ ਜੀ ਨੇ 'ਸੀਤਾ ਔਰ ਗੀਤਾ', ਕਵਿਤਾਵਾਂ 'ਤੇ ਬਣੀ ਸੀ ਸ਼ਾਰਟ ਫਿਲਮ

8/17/2018 12:58:21 PM

ਮੁੰਬਈ(ਬਿਊਰੋ)— ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਲੰਬੀ ਬੀਮਾਰੀ ਤੋਂ ਬਾਅਦ ਬੀਤੇ ਵੀਰਵਾਰ ਸ਼ਾਮ ਨੂੰ ਏਮਸ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ 'ਤੇ ਕਈ ਦੇਸ਼ਾਂ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਦੀ ਮੌਤ ਨਾ ਸਿਰਫ ਸਿਆਸੀ ਆਗੂਆਂ ਨੂੰ ਝਟਕਾ ਲੱਗਾ ਸਗੋਂ ਪੂਰ ਬਾਲੀਵੁੱਡ ਜਗਤ 'ਚ ਸਦਮੇ 'ਚ ਹੈ। ਦੱਸ ਦੇਈਏ ਕਿ 25 ਦਸੰਬਰ 1924 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਖੇ ਕ੍ਰਿਸ਼ਨ ਬਿਹਾਰੀ ਵਾਜਪਾਈ ਅਤੇ ਕ੍ਰਿਸ਼ਨਾ ਦੇਵੀ ਦੇ ਘਰ ਪੈਦਾ ਹੋਏ ਵਾਜਪਾਈ ਕੋਲ ਚਾਰ ਦਹਾਕਿਆਂ ਤੋਂ ਵੱਧ ਸਮੇਂ ਦਾ ਸੰਸਦੀ ਤਜਰਬਾ ਹੈ। ਉਨ੍ਹਾਂ ਦੇ ਪਿਤਾ ਇਕ ਕਵੀ ਤੇ ਅਧਿਆਪਕ ਸਨ ਜਦਕਿ ਮਾਂ ਗ੍ਰਹਿਣੀ ਸੀ। 4 ਭਰਾਵਾਂ ਤੇ 3 ਭੈਣਾਂ 'ਚ ਉਹ ਪਰਿਵਾਰ ਦੇ ਸਭ ਤੋਂ ਛੋਟੇ ਤੇ ਪਿਆਰੇ ਬੇਟੇ ਸਨ। 
25 ਵਾਰ ਵੇਖੀ ਸੀ 'ਸੀਤਾ ਔਰ ਗੀਤਾ'
ਅਟਲ ਬਿਹਾਰੀ ਵਾਜਪਾਈ ਦਾ ਫਿਲਮਾਂ ਨਾਲ ਬਹੁਤ ਪਿਆਰ ਸੀ। ਉਨ੍ਹਾਂ ਦੀਆਂ ਪਸੰਦ ਵਾਲੀਆਂ ਫਿਲਮਾਂ ਵਿਚ ਰਾਜ ਕਪੂਰ ਅਤੇ ਵਹੀਦਾ ਰਹਿਮਾਨ ਦੀ ਫਿਲਮ 'ਤੀਸਰੀ ਕਸਮ', ਦਲੀਪ ਕੁਮਾਰ, ਵੈਜੰਤੀ ਮਾਲਾ ਅਤੇ ਸੁਚਿਤਰਾ ਸੇਨ ਦੀ ਅਦਾਕਾਰੀ ਵਾਲੀ ਫਿਲਮ 'ਦੇਵਦਾਸ' ਅਤੇ ਅਸ਼ੋਕ ਕੁਮਾਰ, ਨੂਤਨ ਅਤੇ ਧਰਮਿੰਦਰ ਦੀ ਫਿਲਮ 'ਬਾਂਦਿਨੀ' ਦੇ ਨਾਂ ਵਰਣਨਯੋਗ ਹਨ। ਵਾਜਪਾਈ ਜੀ ਦੀਆਂ ਪਸੰਦ ਵਾਲੀਆਂ ਅੰਗਰੇਜ਼ੀ ਫਿਲਮਾਂ 'ਚ 'ਬ੍ਰਿਜ ਓਵਰ ਰਿਵਰ ਕੁਆਏ', 'ਬਾਰਨ ਫ੍ਰੀ' ਅਤੇ 'ਗਾਂਧੀ' ਸ਼ਾਮਲ ਹਨ। ਉਹ ਫਿਲਮ ਅਭਿਨੇਤਰੀ ਹੇਮਾ ਮਾਲਿਨੀ ਦੇ ਵੱਡੇ ਪ੍ਰਸ਼ੰਸਕ ਸਨ। ਉਨ੍ਹਾਂ ਹੇਮਾ ਮਾਲਿਨੀ ਦੀ ਦੋਹਰੀ ਭੂਮਿਕਾ ਵਾਲੀ ਫਿਲਮ 'ਸੀਤਾ ਔਰ ਗੀਤਾ'  25 ਵਾਰ ਵੇਖੀ ਸੀ। ਇਸ ਸਬੰਧੀ ਉਨ੍ਹਾਂ ਖੁਦ ਹੀ ਹੇਮਾ ਮਾਲਿਨੀ ਨੂੰ ਵੀ ਦੱਸਿਆ ਸੀ।
ਪਸੰਦੀਦਾ ਗੀਤ ਅਤੇ ਗਾਇਕ
ਹਿੰਦੀ ਫਿਲਮ ਸੰਗੀਤ ਨੂੰ ਬੇਹੱਦ ਪਸੰਦ ਕਰਨ ਵਾਲੇ ਅਟਲ ਬਿਹਾਰੀ ਵਾਜਪਾਈ ਦਾ ਪਸੰਦ ਵਾਲਾ ਗੀਤ ਫਿਲਮ 'ਕਭੀ-ਕਭੀ' ਦਾ ਅਮਿਤਾਭ ਬੱਚਨ ਅਤੇ ਵਹੀਦਾ ਰਹਿਮਾਨ 'ਤੇ ਫਿਲਮਾਇਆ ਗਿਆ ਗੀਤ 'ਕਭੀ-ਕਭੀ ਮੇਰੇ ਦਿਲ ਮੇਂ ਖਯਾਲ ਆਤਾ ਹੈ' ਸੀ। ਇਸ ਗੀਤ ਨੂੰ ਮੁਕੇਸ਼ ਅਤੇ ਲਤਾ ਮੰਗੇਸ਼ਕਰ ਨੇ ਗਾਇਆ ਸੀ। ਮੁਹੰਮਦ ਰਫੀ ਵੀ ਵਾਜਪਾਈ ਦੇ ਪਸੰਦ ਵਾਲੇ ਗਾਇਕ ਸਨ। ਅਟਲ ਜੀ ਨੂੰ ਇਕ ਹੋਰ ਗੀਤ ਫਿਲਮ 'ਬਾਂਦਿਨੀ' ਦਾ 'ਓ ਮੇਰੇ ਮਾਝੀ ਮੇਰਾ ਸਾਜਨ ਹੈ ਉਸ ਪਾਰ' ਬਹੁਤ ਪਸੰਦ ਸੀ। ਇਸ ਗੀਤ ਨੂੰ  ਐੱਸ. ਡੀ. ਬਰਮਨ ਨੇ ਗਾਇਆ ਅਤੇ ਸੰਗੀਤਬਧ ਕੀਤਾ ਸੀ। 
ਫਿਲਮ ਦਾ ਅਤਾ-ਪਤਾ ਨਹੀਂ
ਵਾਜਪਾਈ ਦੇ ਪਿਛਲੇ ਜਨਮ ਦਿਨ 'ਤੇ ਇਕ ਨਿਰਮਾਤਾ ਨੇ ਉਨ੍ਹਾਂ ਦੇ ਜੀਵਨ 'ਤੇ ਫਿਲਮ 'ਯੁੱਗ ਪੁਰਸ਼ ਅਟਲ' ਬਣਾਉਣ ਦਾ ਐਲਾਨ ਕੀਤਾ ਸੀ। 'ਯੁੱਗ ਪੁਰਸ਼ ਅਟਲ' ਨੂੰ ਇਸ ਸਾਲ  25 ਦਸੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਇਸ ਫਿਲਮ ਦਾ ਅਜੇ ਤੱਕ ਕੁਝ ਵੀ ਅਤਾ-ਪਤਾ ਨਹੀਂ। ਅਜਿਹਾ ਲੱਗਦਾ ਹੈ ਕਿ ਫਿਲਮ ਦੇ ਨਿਰਮਾਤਾ ਨੇ ਸਿਰਫ ਪ੍ਰਸਿੱਧੀ ਹਾਸਲ ਕਰਨ ਲਈ ਉਕਤ ਐਲਾਨ ਕੀਤਾ ਸੀ।
'ਪ੍ਰਮਾਣੂ' ਦੀ ਪ੍ਰੇਰਣਾ
ਅਭਿਨੇਤਾ ਅਤੇ ਨਿਰਮਾਤਾ ਜਾਨ ਅਬਰਾਹਿਮ ਦੀ ਫਿਲਮ 'ਪ੍ਰਮਾਣੂ : ਸਟੋਰੀ ਆਫ ਪੋਖਰਨ'  1998 ਵਿਚ ਭਾਰਤ ਦੇ ਸਫਲ ਪ੍ਰਮਾਣੂ ਪ੍ਰੀਖਣ 'ਤੇ ਆਧਾਰਿਤ ਹੈ। ਜਾਨ ਅਬਰਾਹਿਮ ਨੂੰ ਇਸ ਵਿਸ਼ੇ 'ਤੇ ਫਿਲਮ ਬਣਾਉਣ ਦੀ ਪ੍ਰੇਰਣਾ ਅਟਲ ਬਿਹਾਰੀ ਵਾਜਪਾਈ ਕੋਲੋਂ ਮਿਲੀ ਸੀ, ਜਿਸ ਸਮੇਂ ਭਾਰਤ ਨੇ ਪ੍ਰਮਾਣੂ ਪ੍ਰੀਖਣ ਕੀਤਾ ਸੀ, ਉਸ ਸਮੇਂ ਵਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਡਾ. ਏ. ਪੀ. ਜੇ. ਅਬਦੁੱਲ ਕਲਾਮ ਉਨ੍ਹਾਂ ਦੇ ਵਿਗਿਆਨਕ ਸਲਾਹਕਾਰ ਸਨ। ਜਾਨ ਅਬਰਾਹਿਮ ਇਸ ਗੱਲ ਤੋਂ ਪ੍ਰਭਾਵਿਤ ਸਨ ਕਿ ਉਸ ਸਮੇਂ ਪ੍ਰਧਾਨ ਮੰਤਰੀ 'ਤੇ ਪ੍ਰਮਾਣੂ ਪ੍ਰੀਖਣ ਨਾ ਕਰਨ ਲਈ ਸਮੁੱਚੀ ਦੁਨੀਆ ਖਾਸ ਕਰ ਕੇ ਅਮਰੀਕਾ ਤੋਂ ਬਹੁਤ ਦਬਾਅ ਪੈ ਰਿਹਾ ਸੀ। ਇਸ ਦੇ ਬਾਵਜੂਦ ਉਨ੍ਹਾਂ ਪ੍ਰਮਾਣੂ ਪ੍ਰੀਖਣ ਦੀ ਆਗਿਆ ਦਿੱਤੀ। ਜਾਨ ਅਬਰਾਹਿਮ ਦੀ ਮੁੱਖ ਭੂਮਿਕਾ ਵਾਲੀ ਅਭਿਸ਼ੇਕ ਸ਼ਰਮਾ ਨਿਰਦੇਸ਼ਕ ਇਸ ਫਿਲਮ ਵਿਚ ਕਈ ਥਾਈਂ ਸਾਬਕਾ ਪ੍ਰਧਾਨ ਮੰਤਰੀ ਦਾ ਜ਼ਿਕਰ ਹੋਇਆ ਹੈ। ਫਿਲਮ ਦੀ ਸਮਾਪਤੀ ਵੀ ਵਾਜਪਾਈ ਦੇ ਪ੍ਰੀਖਣ ਦੇ ਐਲਾਨ ਦੀ ਕਲੀਪਿੰਗ ਨਾਲ ਹੁੰਦੀ ਹੈ। 
ਕਾਰਗਿਲ ਜੰਗ 'ਤੇ 6 ਫਿਲਮਾਂ
ਵਾਜਪਾਈ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਹੀ ਪਾਕਿਸਤਾਨੀ ਫੌਜ ਨੇ ਕਾਰਗਿਲ ਦੀਆਂ ਪਹਾੜੀਆਂ 'ਤੇ ਕਬਜ਼ਾ ਕਰ ਲਿਆ ਸੀ ਪਰ ਭਾਰਤੀ ਫੌਜ ਨੇ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨੀ ਫੌਜ ਨੂੰ ਭਜਾ ਦਿੱਤਾ ਸੀ। 1999 ਵਿਚ ਹੋਈ ਇਸ ਜੰਗ 'ਤੇ 6 ਫਿਲਮਾਂ ਬਣਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚ ਨਿਰਦੇਸ਼ਕ ਜੇ. ਪੀ. ਦੱਤਾ ਦੀ ਫਿਲਮ 'ਐੱਲ.ਓ. ਸੀ. ਕਾਰਗਿਲ' (2003), ਨਿਰਦੇਸ਼ਕ ਫਰਹਾਨ ਅਖਤਰ ਦੀ ਫਿਲਮ 'ਲਕਸ਼ਯ' (2004), ਨਿਰਦੇਸ਼ਕ ਮਣੀਸ਼ੰਕਰ ਦੀ ਫਿਲਮ 'ਟੈਂਗੋ ਚਾਰਲੀ' (2005), ਨਿਰਦੇਸ਼ਕ ਅਸ਼ਵਨੀ ਚੌਧਰੀ ਦੀ ਫਿਲਮ 'ਧੂਪ' (2003), ਨਿਰਦੇਸ਼ਕ ਗੌਰਵ ਪਾਂਡੇ ਦੀ ਫਿਲਮ 'ਸਟੰਪਡ' (2003) ਅਤੇ ਨਿਰਦੇਸ਼ਕ ਪੰਕਜ ਕਪੂਰ ਦੀ ਫਿਲਮ 'ਮੌਸਮ' ਜ਼ਿਕਰਯੋਗ ਹਨ। ਇਨ੍ਹਾਂ ਫਿਲਮਾਂ ਵਿਚ ਭਾਰਤੀ ਫੌਜ ਦੀ ਬਹਾਦਰੀ ਨੂੰ ਦਿਖਾਇਆ ਗਿਆ ਹੈ। 
ਕਵਿਤਾਵਾਂ 'ਤੇ ਬਣੀ ਸੀ ਫਿਲਮ
ਬਾਲੀਵੁੱਡ ਵੀ ਵਾਜਪਾਈ ਦੀਆਂ ਕਵਿਤਾਵਾਂ ਨੂੰ ਪਸੰਦ ਕਰਦਾ ਸੀ।  ਉਨ੍ਹਾਂ ਦੀ ਇਕ ਕਵਿਤਾ 'ਕਯਾ ਖਾਯਾ ਕਯਾ ਪਾਯਾ ਜਗ ਮੇਂ' ਨੂੰ ਜਗਜੀਤ ਸਿੰਘ ਨੇ ਸੰਗੀਤਬਧ ਕੀਤਾ ਸੀ ਅਤੇ ਗਾਇਆ ਸੀ। ਇਹ ਗੀਤ ਯਸ਼ ਚੋਪੜਾ ਦੀ ਵਾਜਪਾਈ ਦੀਆਂ ਕਵਿਤਾਵਾਂ 'ਤੇ ਬਣੀ ਇਕ ਸ਼ਾਰਟ ਫਿਲਮ 'ਅੰਤਨਾਰਦ' ਵਿਚੋਂ ਸੀ, ਜੋ 1999 ਵਿਚ ਆਈ ਸੀ। ਇਸ ਗੀਤ ਦੇ ਵੀਡੀਓ ਨੂੰ ਸਾਰੇਗਾਮਾ ਦੇ ਯੂ-ਟਿਊਬ ਚੈਨਲ 'ਤੇ ਵੇਖਿਆ ਜਾ ਸਕਦਾ ਹੈ। ਇਸ ਗੀਤ ਦੇ ਵੀਡੀਓ ਵਿਚ ਕਦੇ ਵਾਜਪਾਈ ਖੁਦ ਅਤੇ ਕਦੇ ਗਮਗੀਨ ਸ਼ਾਹਰੁਖ ਖਾਨ ਨਜ਼ਰ ਆਉਂਦੇ ਹਨ।
ਅਟਲ ਦੀ ਭੂਮਿਕਾ 'ਚ ਰਾਮ ਅਵਤਾਰ
ਯੂ. ਪੀ. ਏ. ਸਰਕਾਰ ਵਿਚ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਦੀ ਜ਼ਿੰਦਗੀ 'ਤੇ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਵਿਚ ਜਿਥੇ ਮਨਮੋਹਨ ਸਿੰਘ ਦੀ ਭੂਮਿਕਾ ਅਨੁਪਮ ਖੇਰ ਨਿਭਾਅ ਰਹੇ ਹਨ, ਉਥੇ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਦੀ ਕਿਤਾਬ 'ਤੇ ਆਧਾਰਿਤ ਇਸ ਫਿਲਮ ਵਿਚ ਅਟਲ ਬਿਹਾਰੀ ਵਾਜਪਾਈ ਨੂੰ ਵੀ ਵੇਖਿਆ ਜਾਏਗਾ। ਫਿਲਮ ਵਿਚ ਇਹ ਕਿਰਦਾਰ ਰਾਮ ਅਵਤਾਰ ਭਾਰਦਵਾਜ ਨਿਭਾਅ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News