ਜਦੋਂ ਬੱਬੂ ਮਾਨ ਨੇ ਰਿਸ਼ਵਤ ਦੇਣ ਤੋਂ ਕਰ ਦਿੱਤਾ ਸੀ ਇਨਕਾਰ, ਸਾਥੀਆਂ ਸਮੇਤ ਫਰਸ਼ 'ਤੇ ਕੱਟੀ ਸੀ ਰਾਤ
3/29/2018 11:18:54 AM
ਮੁੰਬਈ(ਬਿਊਰੋ)— ਸੰਗੀਤ ਦੇ ਖੇਤਰ 'ਚ ਅਨੇਕਾਂ ਗੀਤਕਾਰ ਅਤੇ ਗਾਇਕ ਹਨ, ਜਿਹੜੇ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਨ ਲਈ ਆਪੋ ਆਪਣੇ ਗੀਤਾਂ ਰਾਹੀਂ ਉਨ੍ਹਾਂ ਦੀ ਕਚਹਿਰੀ 'ਚ ਹਾਜ਼ਰ ਹੁੰਦੇ ਰਹਿੰਦੇ ਹਨ। ਸਰੋਤਿਆਂ ਦੇ ਦਿਲ ਨੂੰ ਚੰਗੇ ਲੱਗਣ ਵਾਲੇ ਇਨ੍ਹਾਂ ਮਸ਼ਹੂਰ ਗਾਇਕਾਂ 'ਚੋਂ ਇਕ ਨਾਂ ਬੱਬੂ ਮਾਨ ਦਾ ਵੀ ਹੈ, ਜਿਨ੍ਹਾਂ ਨੇ ਬੇਮਿਸਾਲ ਗਾਇਕੀ ਨਾਲ ਦੇਸਾਂ ਵਿਦੇਸ਼ਾਂ 'ਚ ਪ੍ਰਸਿੱਧੀ ਖੱਟੀ। ਅੱਜ ਬੱਬੂ ਮਾਨ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 29 ਮਾਰਚ 1975 ਖੰਟ ਮਾਨਪੁਰ, ਪੰਜਾਬ 'ਚ ਹੋਇਆ ਸੀ।
ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਨੇ ਹਮੇਸ਼ਾ ਹਰੇਕ ਮਸਲੇ ਨੂੰ ਬੇਬਾਬੀ ਨਾਲ ਗੀਤਾਂ ਰਾਹੀਂ ਦਰਸਾਇਆ ਹੈ, ਭਾਵੇਂ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਜਾਂ ਧਾਰਮਿਕ ਹੋਵੇ। ਆਪਣੇ ਇਸ ਸੁਭਾਅ ਕਾਰਨ ਬੇਸ਼ੱਕ ਉਹ ਕਈ ਵਾਰੀ ਵਿਵਾਦਾਂ 'ਚ ਫਸ ਚੁੱਕੇ ਹਨ ਪਰ ਉਨ੍ਹਾਂ ਦੀ ਕਲਮ ਵੱਲੋਂ ਚੁੱਕਿਆ ਹਰ ਮੁੱਦਾ ਵਿਚਾਰਨਯੋਗ ਹੁੰਦਾ ਹੈ।
ਪੰਜਾਬੀ ਗਾਇਕਾਂ ਦੀ ਭੀੜ 'ਚ ਉਂਗਲਾਂ 'ਤੇ ਗਿਣੇ ਜਾਣ ਵਾਲੇ ਚੰਦ ਨਾਂ ਹਨ, ਜਿਹੜੇ ਸਮਾਜ ਦੇ ਪੈਰਾਂ 'ਚ ਖੁੱਭੇ ਸੂਲਾਂ ਵਰਗੇ ਮਸਲਿਆਂ ਨੂੰ ਗੀਤਾਂ 'ਚ ਪਰੋ ਕੇ ਪੇਸ਼ ਕਰਦੇ ਹਨ। ਬੱਬੂ ਮਾਨ ਸਮਾਜ ਦੇ ਅਜਿਹੇ ਚੰਗੇ ਮਾੜੇ ਪਹਿਲੂਆਂ 'ਤੇ ਲਗਭਗ ਆਪਣੇ ਹਰੇਕ ਗੀਤ 'ਚ ਸ਼ਬਦੀ ਚੋਟ ਕਰਦੇ ਹਨ, ਜਿੰਨ੍ਹਾਂ ਨੂੰ ਬਹੁਤੇ ਕਲਮਕਾਰ ਜਾਂ ਗਾਇਕ ਤਾਂ ਛੱਡ ਪਰ੍ਹੇ, ਆਪਾਂ ਕੀ ਲੈਣਾ“ ਆਖ ਕੇ ਹੱਥ ਨਹੀਂ ਪਾਉਂਦੇ ਤੇ ਕੁਝ ਸੰਗੀਤਕ ਕੰਪਨੀਆਂ ਦੇ ਦਬਾਅ ਥੱਲੇ ਆ ਕੇ ਚੁੱਪ ਵੱਟ ਜਾਂਦੇ ਹਨ।
ਵੱਖਰੇ ਵਿਸ਼ਿਆਂ ਬਾਰੇ ਬੇਬਾਕਤਾ ਨਾਲ ਲਿਖਣਾ ਤੇ ਗਾਉਣਾ ਹੀ ਬੱਬੂ ਮਾਨ ਨੂੰ ਬਾਕੀ ਗੀਤਕਾਰਾਂ, ਗਾਇਕਾਂ ਨਾਲੋਂ ਵੱਖਰੀ ਪਛਾਣ ਦਿੰਦਾ ਹੈ, ਜਿਹੜੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਬੱਬੂ ਮਾਨ ਨੇ ਗਾਇਕੀ ਤੋਂ ਇਲਾਵਾ ਪਾਲੀਵੁੱਡ ਇੰਡਸਟਰੀ 'ਚ ਵੀ ਚੰਗੀ ਸ਼ੋਹਰਤ ਹਾਸਲ ਕੀਤੀ ਹੈ।
ਦੱਸਣਯੋਗ ਹੈ ਕਿ ਫਿਲਪਾਈਨ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੰਜਾਬ ਗਾਇਕ ਬੱਬੂ ਮਾਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਆਈ ਸੀ। ਦੱਸ ਦੇਈਏ ਕਿ ਬੱਬੂ ਮਾਨ ਯੋਲਾਂਡਾ ਦੇ ਪੀੜਤਾਂ ਲਈ ਫੰਡ ਇਕੱਠਾ ਕਰਨ ਵਾਸਤੇ ਇਕ ਚੈਰਿਟੀ ਸ਼ੋਅ ਕਰਨ ਲਈ ਫਿਲਪਾਈਨ 'ਚ ਗਏ ਸਨ।
ਉੱਥੇ ਉਨ੍ਹਾਂ ਨੇ ਜਦੋਂ 4 ਦਸੰਬਰ ਨੂੰ ਆਪਣਾ ਸ਼ੋਅ ਸਮਾਪਤ ਕੀਤਾ ਤਾਂ ਫਿਲਪਾਈਨ ਦੇ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੱਬੂ ਮਾਨ ਨੂੰ ਅਤੇ ਉਨ੍ਹਾਂ ਨਾਲ ਸ਼ਾਮਲ ਸੰਗੀਤ ਮੰਡਲੀ ਦੇ 15 ਹੋਰ ਭਾਰਤੀ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਅਧਿਕਾਰੀਆਂ ਦਾ ਕਹਿਣਾ ਸੀ ਕਿ ਬੱਬੂ ਮਾਨ ਅਤੇ ਉਨ੍ਹਾਂ ਦੀ ਟੀਮ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਇਸ ਦੌਰਾਨ ਬੱਬੂ ਮਾਨ ਦੇ ਮੈਨੇਜਰ ਵਲੋਂ ਦੌਰੇ ਨਾਲ ਸੰਬੰਧਿਤ ਸਾਰੇ ਦਾਸਤਾਵੇਜ਼ ਤੇ ਪੱਤਰ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤੇ ਪਰ ਉਨ੍ਹਾਂ ਨੇ ਪੈਸਿਆਂ ਦੀ ਮੰਗ ਕੀਤੀ।
ਜਦੋਂ ਬੱਬੂ ਦੇ ਟੀਮ ਮੈਨੇਜ਼ਰ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਦੱਸ ਦੇਈਏ ਕਿ ਜਿਥੇ ਬੱਬੂ ਮਾਨ ਨੂੰ ਪੂਰੀ ਟੀਮ ਨਾਲ ਬੰਦ ਕਰਕੇ ਰੱਖਿਆ ਗਿਆ ਉਥੇ ਸਮਰੱਥਾ ਤੋਂ ਵੱਧ ਲੋਕ ਬੰਦ ਸਨ, ਜਿਸ ਕਾਰਨ ਉਨ੍ਹਾਂ ਨੂੰ ਫਰਸ਼ 'ਤੇ ਹੀ ਸਾਉਣਾ ਪਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ