''ਮੰਜੇ ਬਿਸਤਰੇ 2'' ਦੀਆਂ ਕਈ ਖਾਸੀਅਤਾਂ ਬਣਨਗੀਆਂ ਖਿੱਚ ਦਾ ਕੇਂਦਰ

3/27/2019 1:09:08 PM

ਜਲੰਧਰ (ਬਿਊਰੋ) : ਵਿਸਾਖੀ ਦੇ ਖਾਸ ਮੌਕੇ 'ਤੇ ਯਾਨੀ 12 ਅਪ੍ਰੈਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫਿਲਮ 'ਮੰਜੇ ਬਿਸਤਰੇ 2' ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਵੇਂ ਸਾਰੇ ਜਾਣਦੇ ਹੀ ਹਨ ਕਿ 'ਮੰਜੇ ਬਿਸਤਰੇ 2' ਨੂੰ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ ਅਤੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਪਰ ਇਸ ਖਬਰ ਰਾਹੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ ਕਿ ਅਜਿਹੀਆਂ ਕਿਹੜੀਆਂ ਖਾਸ ਗੱਲਾਂ ਨੇ, ਜੋ ਤੁਹਾਨੂੰ ਇਹ ਫਿਲਮ ਦੇਖਣ ਨੂੰ ਮਜ਼ਬੂਰ ਕਰਨਗੀਆਂ :-

ਬਲਜੀਤ ਸਿੰਘ ਦਿਓ ਤੇ ਗਿੱਪੀ ਗਰੇਵਾਲ ਦੀ ਜੋੜੀ 

ਜਦੋਂ ਵੀ ਕੋਈ ਦੋ ਵੱਡੀਆਂ ਸਖਸ਼ੀਅਤਾਂ ਮਿਲ ਕੇ ਕਿਸੇ ਪ੍ਰੋਜੈਕਟ 'ਤੇ ਕੰਮ ਕਰਦੀਆਂ ਹਨ ਤਾਂ ਜ਼ਰੂਰ ਕੁਝ ਵੱਡਾ ਧਮਾਕਾ ਹੋਣ ਦੀ ਉਮੀਦ ਹੁੰਦੀ ਹੈ। ਇਸੇ ਤਰ੍ਹਾਂ ਹੀ ਬਲਜੀਤ ਸਿੰਘ ਦਿਓ ਤੇ ਗਿੱਪੀ ਗਰੇਵਾਲ ਦੀ ਜੋੜੀ ਇਸ ਫਿਲਮ ਨਾਲ ਜਨਤਾ ਨੂੰ ਕੁਝ ਨਵਾਂ ਕਰਕੇ ਜ਼ਰੂਰ ਦਿਖਾਏਗੀ। ਦੱਸ ਦੇਈਏ ਕਿ ਗਿੱਪੀ ਗਰੇਵਾਲ ਤੇ ਬਲਜੀਤ ਸਿੰਘ ਦਿਓ ਇਸ ਤੋਂ ਪਹਿਲਾਂ 'ਅਰਦਾਸ', 'ਮਿਰਜ਼ਾ' ਅਤੇ 'ਮੰਜੇ ਬਿਸਤਰੇ' ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਫਿਲਮ 'ਚ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾਉਣ ਦੇ ਨਾਲ-ਨਾਲ ਫਿਲਮ ਦੇ ਪ੍ਰੋਡਿਊਸਰ ਵੀ ਹਨ। ਇਸ ਕਰਕੇ ਉਮੀਦ ਕੀਤੀ ਜਾਂਦੀ ਹੈ ਕਿ ਗਿੱਪੀ ਗਰੇਵਾਲ ਦੀ ਇਸ ਫਿਲਮ 'ਚ ਕੁਝ ਵੱਖਰਾ ਦੇਖਣ ਨੂੰ ਜ਼ਰੂਰ ਮਿਲੇਗਾ, ਜੋ ਇਸ ਫਿਲਮ ਨੂੰ 'ਮੰਜੇ ਬਿਸਤਰੇ' ਤੋਂ ਵੀ ਜ਼ਿਆਦਾ ਸਫਲਤਾ ਦੇਵੇਗੀ।

'ਮੰਜੇ ਬਿਸਤਰੇ 2' 'ਚ ਟੌਪ ਕਲਾਕਾਰਾਂ ਦੀ ਮੌਜੂਦਗੀ

ਵਧੀਆ ਕਹਾਣੀ ਹੋਣ ਦੇ ਨਾਲ-ਨਾਲ ਫਿਲਮ 'ਚ ਵਧੀਆ ਕਲਾਕਾਰਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ, ਜੋ ਕਿ ਇਕ ਫਿਲਮ ਨੂੰ ਹਿੱਟ ਕਰਨ 'ਚ ਮਦਦ ਕਰਦੇ ਹਨ। ਜੇ ਗੱਲ 'ਮੰਜੇ ਬਿਸਤਰੇ 2' ਦੀ ਕਰੀਏ ਤਾਂ ਫਿਲਮ 'ਚ ਕਾਫੀ ਵੱਡੀ ਸਟਾਰ ਕਾਸਟ ਹੈ, ਜਿਸ ਦੇ ਨਾਲ ਲੋਕਾਂ ਦੀ ਫਿਲਮ ਨਾਲ ਹੋਰ ਜ਼ਿਆਦਾ ਉਮੀਦਾਂ ਵੱਧ ਜਾਂਦੀਆਂ ਹਨ ਕਿ ਫਿਲਮ ਹੋਰ ਵੀ ਮਨੋਰੰਜਨ ਭਰਪੂਰ ਹੋਵੇਗੀ।

ਕੈਨੇਡਾ 'ਚ ਪੰਜਾਬੀ ਸੱਭਿਆਚਾਰ ਦਿਖਾਉਣਾ

ਆਮ ਤੌਰ 'ਤੇ ਪੰਜਾਬ 'ਚ ਪੰਜਾਬੀ ਸੱਭਿਆਚਾਰ ਦੇਖਿਆ ਜਾਂਦਾ ਹੈ ਪਰ ਕਦੇ ਕਿਸੇ ਨੇ ਕੈਨੇਡਾ ਵਰਗੇ ਵੱਡੇ ਦੇਸ਼ 'ਚ ਪੰਜਾਬੀ ਸੱਭਿਆਚਾਰ ਨੂੰ ਨਹੀਂ ਦੇਖਿਆ ਹੋਵੇਗਾ। ਇਕ ਇਹ ਵੀ ਖਾਸ ਵਜ੍ਹਾ ਹੈ ਜੋ ਫਿਲਮ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖੇਗੀ। ਕਿਉਂਕਿ ਇਸ ਵਾਰ 'ਮੰਜੇ ਬਿਸਤਰੇ' ਪੰਜਾਬ 'ਚ ਨਹੀਂ ਸਗੋਂ ਕੈਨੇਡਾ ਦੀ ਧਰਤੀ 'ਤੇ ਇਕੱਠੇ ਕੀਤੇ ਜਾ ਰਹੇ ਹਨ, ਜਿਥੇ ਕੈਨੇਡਾ ਦੀਆਂ ਸੜਕਾਂ 'ਤੇ ਟਰਾਲੀਆਂ ਤੇ ਟਰੈਕਟਰ ਚੱਲਦੇ ਦਿਸਣਗੇ। ਕੈਨੇਡਾ 'ਚ ਪੰਜਾਬੀ ਸੱਭਿਆਚਾਰ ਨੂੰ ਦਿਖਾਉਣਾ ਬਹੁਤ ਵੱਡੀ ਗੱਲ ਹੈ, ਜੋ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। 

'ਮੰਜੇ ਬਿਸਤਰੇ' ਦਾ ਸੀਕਵਲ ਹੋਣਾ

ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਲ 2017 'ਚ ਆਈ ਫਿਲਮ 'ਮੰਜੇ ਬਿਸਤਰੇ' ਦੀ ਅਪਾਰ ਸਫਲਤਾ ਤੋਂ ਬਾਅਦ ਹੀ ਗਿੱਪੀ ਗਰੇਵਾਲ ਤੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ 'ਮੰਜੇ ਬਿਸਤਰੇ 2' ਦਾ ਐਲਾਨ ਕੀਤਾ। 'ਮੰਜੇ ਬਿਸਤਰੇ' ਇਕ ਵੱਡੀ ਫਿਲਮ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਜਨਤਾ ਨੂੰ ਉਮੀਦ ਹੈ ਕਿ ਗਿੱਪੀ ਗਰੇਵਾਲ ਤੇ ਬਲਜੀਤ ਸਿੰਘ ਦਿਓ ਨੇ ਇਹ ਸੀਕਵਲ ਕੁਝ ਸੋਚ ਸਮਝ ਕੇ ਹੀ ਬਣਾਇਆ ਹੋਵੇਗਾ। ਪਹਿਲੀ ਫਿਲਮ ਤੋਂ ਕਿਤੇ ਜ਼ਿਆਦਾ ਕਲਾਕਾਰਾਂ ਦੀ ਮਿਹਨਤ ਇਸ ਫਿਲਮ 'ਚ ਦੇਖਣ ਨੂੰ ਮਿਲੇਗੀ ਕਿਉਂਕਿ ਸੀਕਵਲ ਨੂੰ ਹਮੇਸ਼ਾ ਹੀ ਪਹਿਲੀ ਫਿਲਮ ਨਾਲੋਂ ਜ਼ਿਆਦਾ ਵਧੀਆ ਤੇ ਕੁਝ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। 'ਮੰਜੇ ਬਿਸਤਰੇ' ਦਾ ਸੀਕਵਲ ਕਰੀਬ 2 ਸਾਲਾਂ ਬਾਅਦ ਰਿਲੀਜ਼ ਹੋ ਰਿਹਾ ਹੈ। ਇਸ ਦਰਮਿਆਨ ਨਾ ਸਿਰਫ ਪੰਜਾਬੀ ਸਿਨੇਮਾ ਬਦਲਿਆ ਹੈ ਸਗੋਂ ਵਿਆਹਾਂ 'ਤੇ ਬਹੁਤ ਸਾਰੀਆਂ ਫਿਲਮਾਂ ਵੀ ਰਿਲੀਜ਼ ਹੋ ਚੁੱਕੀਆਂ ਹਨ। ਇਸ ਲਈ ਇਸ ਫਿਲਮ ਨੂੰ ਹੋਰਾਂ ਪੰਜਾਬੀ ਫਿਲਮਾਂ ਨਾਲੋਂ ਵੱਖਰਾ ਬਣਾਉਣਾ ਗਿੱਪੀ ਗਰੇਵਾਲ ਤੇ ਬਲਜੀਤ ਸਿੰਘ ਦਿਓ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਇਸ ਫਿਲਮ 'ਚ ਬਾਕੀ ਵਿਆਹਾਂ ਨਾਲੋਂ ਕੀ ਵੱਖਰਾ ਹੈ। 

'ਮੰਜੇ ਬਿਸਤਰੇ 2' ਦਾ ਸੰਗੀਤ ਚਰਚਾ 'ਚ ਰਹਿਣਾ 

ਫਿਲਮ ਦੇ ਟਰੇਲਰ ਤੋਂ ਲੈ ਕੇ ਹੁਣ ਤੱਕ ਰਿਲੀਜ਼ ਹੋਏ ਫਿਲਮ ਦੇ ਗੀਤਾਂ ਦਾ ਚਰਚਾ 'ਚ ਰਹਿਣਾ ਵੀ ਖਾਸ ਗੱਲ ਹੈ। ਫਿਲਮ ਦੇ ਗੀਤ ਅਤੇ ਟਰੇਲਰ ਰਿਲੀਜ਼ ਹੁੰਦਿਆ ਹੀ ਟਰੈਂਡਿੰਗ 'ਚ ਛਾਏ ਹੋਏ ਸਨ। ਬੀਤੇ ਦਿਨ ਫਿਲਮ ਦਾ ਨਵਾਂ ਗੀਤ 'ਜ਼ੁਬਾਨ' ਰਿਲੀਜ਼ ਹੋਇਆ ਹੈ, ਜੋ ਕਿ ਟਰੈਂਡਿੰਗ 'ਚ ਛਾਇਆ ਹੋਇਆ। 

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਤੋਂ ਇਲਾਵਾ ਫਿਲਮ 'ਚ ਸਿਮੀ ਚਾਹਲ, ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਅਨੀਤਾ ਦੇਵਗਨ, ਰਘਬੀਰ ਬੋਲੀ, ਮਲਕੀਤ ਰੌਣੀ, ਨਿਸ਼ਾ ਬਾਨੋਂ, ਜੱਗੀ ਸਿੰਘ, ਰੁਪਿੰਦਰ ਰੂਪੀ, ਰਾਣਾ ਰਣਬੀਰ ਅਤੇ ਬਨਿੰਦਰ ਬਨੀ ਸਮੇਤ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News