ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿਵਾਦ 'ਤੇ ਭਗਵੰਤ ਮਾਨ ਦੀ ਟਿੱਪਣੀ

9/14/2019 2:40:14 PM

ਜਲੰਧਰ (ਬਿਊਰੋ) - ਪੰਜਾਬੀ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਵਿਚਾਲੇ ਚੱਲ ਰਹੇ ਵਿਵਾਦ 'ਤੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੇ ਟਿੱਪਣੀ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨ ਗਾਇਕਾਂ ਨੂੰ ਰੋਲ ਮਾਡਲ ਮੰਨਦੇ ਹਨ, ਇਸ ਲਈ ਗਾਇਕਾਂ ਨੂੰ ਅਜਿਹੇ ਗੀਤ ਨਹੀਂ ਗਾਉਣੇ ਚਾਹੀਦੇ ਜਿਸ ਨਾਲ ਪੰਜਾਬ ਦੇ ਨੌਜਵਾਨ ਗਲਤ ਰਸਤੇ 'ਤੇ ਜਾਣ। ਮਾਨ ਨੇ ਕਿਹਾ ਕਿ ਪਹਿਲਾਂ ਦੇ ਗੀਤਾਂ ਵਿਚ ਸੱਭਿਆਚਾਰ ਝਲਕਾ ਸੀ ਜਦਕਿ ਹੁਣ ਗੀਤਾਂ ਵਿਚ ਅੱਤਿਆਚਾਰ ਹੈ। ਮਾਨ ਨੇ ਕਿਹਾ ਕਿ ਗੀਤਾਂ ਵਿਚ ਜਿਸ ਜੱਟ ਦੀ ਗੱਲ ਕੀਤੀ ਜਾਂਦੀ ਹੈ ਅਤੇ ਅਸਲ ਜੱਟ ਦੀ ਸੱਚਾਈ ਕੁਝ ਹੋਰ ਹੀ ਹੈ। ਅੱਜ ਜੱਟ ਰੋਟੀ ਟੁੱਕ ਲਈ ਸਖਤ ਮਿਹਨਤ ਕਰ ਰਹੇ ਹਨ।

ਇਸ ਦੌਰਾਨ ਭਗਵੰਤ ਮਾਨ ਨੇ ਰੰਮੀ ਰੰਧਾਵਾ ਦੇ ਪਹਿਰਾਵੇ ਨੂੰ ਸੱਭਿਅਕ ਦੱਸਦਿਆਂ ਇਸ਼ਾਰਿਆਂ-ਇਸ਼ਾਰਿਆਂ 'ਚ ਐਲੀ ਮਾਂਗਟ ਦੀ ਕਲਾਸ ਵੀ ਲਾਈ। ਭਗਵੰਤ ਮਾਨ ਨੇ ਐਲੀ ਮਾਂਗਟ ਵਰਗੇ ਹੋਰਨਾਂ ਗਾਇਕਾਂ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ। ਉਨ੍ਹਾਂ ਕਿਹਾ ਜਿਹੜੇ ਜੱਟ ਕੌਮ 'ਤੇ ਗੀਤ ਬਣਾਏ ਜਾ ਰਹੇ ਹਨ, ਉਹ ਜੱਟ ਕਰਜ਼ਿਆਂ ਨਾਲ ਵਿੰਨ੍ਹੇ ਹੋਏ ਹਨ। ਮੈਂ ਆਪਣੀ ਸੀ. ਡੀ 'ਚ ਆਖਿਆ ਸੀ, ਜਿਹੜੇ ਗਾਇਕ ਜੱਟ ਕੌਮ 'ਤੇ ਅਜਿਹੇ ਗੀਤ ਬਣਾਉਂਦੇ ਹਨ, ਉਹ ਮੇਰੇ ਨਾਲ ਚੱਲਣ ਅਤੇ ਮੈਨੂੰ ਉਹ ਜੱਟ ਦਿਖਾਉਣ, ਜਿੰਨ੍ਹਾਂ ਜੱਟਾਂ ਦੀ ਤੁਸੀਂ ਗੀਤਾਂ 'ਚ ਗੱਲ ਕਰਦੇ ਹੋ ਅਤੇ ਦਿਖਾਉਂਦੇ ਹੋ।''

ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ ਕਿ ਰਾਤੋਂ-ਰਾਤ ਸਟਾਰ ਬਣਨ ਵਾਲੇ ਗਾਇਕ ਬਹੁਤੀ ਦੇਰ ਨਹੀਂ ਟਿੱਕਦੇ। ਅੱਜਕਲ ਦੇ ਗੀਤਾਂ 'ਚ ਗਾਇਕ ਅਦਾਲਤਾਂ, ਕਚਹਿਰੀਆਂ, ਜ਼ਮਾਨਤਾਂ, ਜੇਲਾਂ ਆਦਿ ਨੂੰ ਪ੍ਰਮੋਟ ਕਰਦੇ ਹਨ, ਜੋ ਕਿ ਨਵੀਂ ਪੀੜ੍ਹੀ ਨੂੰ ਗਲਤ ਰਸਤੇ ਪਾਉਂਦੇ ਹਨ।'' ਦੱਸ ਦਈਏ ਕਿ ਭਗਵੰਤ ਮਾਨ ਨੇ ਵਾਰਿਸ ਭਰਾ, ਗੁਰਦਾਸ ਮਾਨ, ਸਤਿੰਦਰ ਸਰਤਾਜ, ਦਿਲਜਾਨ, ਆਸ਼ਾ ਭੋਸਲੇ ਵਰਗੇ ਸਿੰਗਰਾਂ ਦੇ ਗੀਤ ਸੁਣਨਾ ਪਸੰਦ ਹਨ।

ਦੱਸਣਯੋਗ ਹੈ ਕਿ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਵਿਚਕਾਰ ਸੋਸ਼ਲ ਮੀਡੀਆ 'ਤੇ ਹੋਈ ਤੂੰ-ਤੂੰ-ਮੈਂ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਐਲੀ ਮਾਂਗਟ ਵਿਦੇਸ਼ ਤੋਂ ਮੋਹਾਲੀ ਪਹੁੰਚਣ ਲਈ ਤਿਆਰ ਹੋ ਗਏ ਅਤੇ ਰੰਮੀ ਰੰਧਾਵਾ ਨੂੰ ਸਮਾਂ ਵੀ ਦੇ ਦਿੱਤਾ। ਦੋਵੇਂ ਹੀ ਗਾਇਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲਾ ਅੱਗੇ ਨਾ ਵਧ ਸਕੇ, ਇਸ ਕਰਕੇ ਮੋਹਾਲੀ ਪੁਲਸ ਨੇ ਸੁਹਾਣਾ ਦੇ ਥਾਣੇ 'ਚ ਦੋਵਾਂ ਸਿੰਗਰਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News