ਕਾਲਾ ਹਿਰਨ ਮਾਮਲਾ : ਕੋਰਟ ’ਚ ਸਲਮਾਨ ਦੇ ਵਕੀਲ ਬੋਲੇ-ਕੀ ਸਿਰਫ ਚਿਹਰਾ ਦੇਖਣ ਲਈ ਬੁਲਾਉਣਾ ਚਾਹੁੰਦੇ ਹੋ?

9/28/2019 8:19:51 AM

ਜੋਧਪੁਰ (ਏਜੰਸੀਆਂ) – ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਖਾਨ ਜੋਧਪੁਰ ਕੋਰਟ ਵਿਚ ਸ਼ੁੱਕਰਵਾਰ ਨੂੰ ਪੇਸ਼ ਨਹੀਂ ਹੋਏ। ਕੇਸ ਦੀ ਅਗਲੀ ਸੁਣਵਾਈ 19 ਦਸੰਬਰ ਨੂੰ ਹੋਵੇਗੀ। ਸੁਣਵਾਈ ਦੌਰਾਨ ਸਲਮਾਨ ਖਾਨ ਦੇ ਵਕੀਲ ਮਹੇਸ਼ ਬੋਰਾ ਨੇ ਕਿਹਾ ਕਿ ਸਲਮਾਨ ਖਾਨ ਨੂੰ ਹਮੇਸ਼ਾ ਲਈ ਅਪੀਲ ਦੌਰਾਨ ਪੇਸ਼ੀ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਅੱਜ ਉਸ ਵੇਲੇ ਅਜੀਬੋ-ਗਰੀਬ ਸਥਿਤੀ ਪੈਦਾ ਹੋ ਗਈ ਜਦੋਂ ਵਕੀਲ ਨੇ ਕਿਹਾ ਕਿ ਕੀ ਉਹ ਸਲਮਾਨ ਖਾਨ ਦਾ ਚਿਹਰਾ ਵੇਖਣ ਲਈ ਉਨ੍ਹਾਂ ਨੂੰ ਬੁਲਾਉਣਾ ਚਾਹੁੰਦੇ ਹਨ? ਸਲਮਾਨ ਖਾਨ ਦੇ ਵਕੀਲ ਦਾ ਇਹ ਬਿਆਨ ਸੁਣ ਕੇ ਜੱਜ ਨੇ ਹੈਰਾਨ ਹੁੰਦਿਆਂ ਕਿਹਾ-ਕੀ ਮੈਂ? ਗੱਲ ਸੰਭਾਲਦਿਆਂ ਸਲਮਾਨ ਦੇ ਵਕੀਲ ਨੇ ਕਿਹਾ ਕਿ ਮੈਂ ਬਾਕੀ ਲੋਕਾਂ ਦੀ ਗੱਲ ਕਰ ਰਿਹਾ ਹਾਂ। ਕੀ ਉਹ ਸਲਮਾਨ ਖਾਨ ਦਾ ਚਿਹਰਾ ਵੇਖਣਾ ਚਾਹੁੰਦੇ ਹਨ। ਉਨ੍ਹਾਂ ਨੇ ਹਲਕੇ ਜਿਹੇ ਇਸ਼ਾਰੇ ਨਾਲ ਕੋਲ ਖੜ੍ਹੇ ਆਪਣੇ ਵਿਰੋਧੀ ਵਕੀਲਾਂ ਵਲ ਇਸ਼ਾਰਾ ਕੀਤਾ। ਇਸ ਤੋਂ ਬਾਅਦ ਸਲਮਾਨ ਖਾਨ ਦੇ ਵਕੀਲ ਨੇ ਕੋਰਟ ਸਾਹਮਣੇ 2 ਅਰਜ਼ੀਆਂ ਪੇਸ਼ ਕੀਤੀਆਂ। ਇਕ ਵਿਚ ਕਿਹਾ ਕਿ ਅੱਜ ਦੇ ਦਿਨ ਹਾਜ਼ਰੀ ਮੁਆਫੀ ਦਿੱਤੀ ਜਾਵੇ ਕਿਉਂਕਿ ਉਹ ਫਿਲਮ ਦੀ ਸ਼ੂਟਿੰਗ ਵਿਚ ਰੁੱਝੇ ਹਨ, ਇਸ ਲਈ ਨਹੀਂ ਆ ਸਕਦੇ ਅਤੇ ਦੂਜੀ ਅਰਜ਼ੀ ਵਿਚ ਇਹ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਲਈ ਅਪੀਲ ਦੌਰਾਨ ਪੇਸ਼ੀ ਤੋਂ ਛੋਟ ਦਿੱਤੀ ਜਾਵੇ।

ਕੋਰਟ ਨੇ ਲਾਈ ਸੀ ਸਲਮਾਨ ਨੂੰ ਫਟਕਾਰ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਲੇ ਹਿਰਨ ਦੇ ਸ਼ਿਕਾਰ ਅਤੇ ਨਾਜਾਇਜ਼ ਹਥਿਆਰਾਂ ਦੇ ਮਾਮਲੇ ’ਚ ਸਲਮਾਨ ਖਾਨ ਨੇ ਅਦਾਲਤ ’ਚ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਾ ਹੋਏ ਸੀ, ਜਿਸ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ ਫਟਕਾਰ ਲਗਾਉਂਦੇ ਹੋਏ ਅੱਜ ਯਾਨੀ 27 ਸਤੰਬਰ 2019 ਤੱਕ ਦਾ ਸਮਾਂ ਦਿੱਤਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਇਸ ਵਾਰ ਵੀ ਸਲਮਾਨ ਖਾਨ ਨੂੰ ਪੇਸ਼ ਨਾ ਹੋਏ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਜਾਨ ਤੋਂ ਮਾਰਨ ਦੀ ਮਿਲੀ ਸੀ ਧਮਕੀ
ਕੁਝ ਦਿਨ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਲਾਰੈਂਸ ਬਿਸ਼ਨੋਈ ਨਾਮ ਦੇ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਜੋਧਪੁਰ' ਚ ਸਲਮਾਨ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਸੀ। ਅਜਿਹੀ ਸਥਿਤੀ ’ਚ ਮੰਨਿਆ ਜਾ ਰਿਹਾ ਹੈ ਕਿ ਸਲਮਾਨ ਪੁਲਸ ਸੁਰੱਖਿਆ ਵਿਚਾਲੇ ਅਦਾਲਤ ’ਚ ਪੇਸ਼ ਹੋਣਗੇ। ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਦਬੰਗ 3’ ਹੈ। ਇਸ ਤੋਂ ਇਲਾਵਾ ਉਹ ਰਿਐਲਿਟੀ ਸ਼ੋਅ 'ਬਿੱਗ ਬੌਸ 13’ ਨੂੰ ਹੋਸਟ ਕਰਦੇ ਦਿਖਾਈ ਦੇਣਗੇ। ਅਜਿਹੇ ’ਚ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਸਲਮਾਨ ਦੇ ਦੋਵਾਂ ਮਾਮਲਿਆਂ ’ਚ ਕੀ ਫੈਸਲਾ ਹੁੰਦਾ ਹੈ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News