ਅਦਾਕਾਰਾ ਮੁਮਤਾਜ਼ ਦੀ ਉੱਡੀ ਮੌਤ ਦੀ ਖਬਰ, ਖੇਡ ਮੰਤਰੀ ਨੇ ਵੀ ਦੇ ਦਿੱਤੀ ਸ਼ਰਧਾਂਜਲੀ
5/23/2020 8:58:29 AM

ਮੁੰਬਈ (ਬਿਊਰੋ) — ਸੋਸ਼ਲ ਮੀਡੀਆ 'ਤੇ ਅਦਾਕਾਰਾ ਮੁਮਤਾਜ਼ ਦੀ ਮੌਤ ਦੀ ਖਬਰ ਨੇ ਇਕ ਵਾਰ ਮੁੜ ਤੋਂ ਸਭ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਧੱਕਾ ਲੱਗਿਆ ਹੈ ਪਰ ਇਹ ਖਬਰ ਗਲਤ ਸਾਬਿਤ ਹੋਈ ਹੈ। ਦੱਸ ਦਈਏ ਕਿ ਇਸ ਅਦਾਕਾਰਾ ਨਾਲ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਉਨ੍ਹਾਂ ਬਾਰੇ ਇਸ ਤਰ੍ਹਾਂ ਦੀ ਖਬਰ ਆਈ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਦਿਹਾਂਤ ਦੀ ਅਫਵਾਹ ਕਈ ਵਾਰ ਫੈਲ ਚੁੱਕੀ ਹੈ, ਜਿਸ ਤੋਂ ਬਾਅਦ ਅਦਾਕਾਰਾ ਨੂੰ ਖੁਦ ਸਾਹਮਣੇ ਆ ਕੇ ਸਟੇਟਮੈਂਟ ਦੇਣੀ ਪੈਂਦੀ ਹੈ ਕਿ ਉਹ ਬਿਲਕੁਲ ਠੀਕ-ਠਾਕ ਹੈ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਐੱਸ ਸੋਢੀ ਨੇ ਤਾਂ ਅਦਾਕਾਰਾ ਨੂੰ ਸ਼ਰਧਾਂਜਲੀ ਤੱਕ ਦੇ ਦਿੱਤੀ ਸੀ, ਜਿਸ ਤੋਂ ਬਾਅਦ ਇਹ ਖਬਰ ਤੇਜ਼ੀ ਨਾਲ ਫੈਲੀ ਕਿ ਮੁਮਤਾਜ਼ ਦੀ ਮੌਤ ਹੋ ਗਈ ਹੈ। ਇਨ੍ਹਾਂ ਖਬਰਾਂ ਨਾਲ ਅਦਾਕਾਰਾ ਵੀ ਹੁਣ ਬਹੁਤ ਪਰੇਸ਼ਾਨ ਹੋ ਚੁੱਕੀ ਹੈ। ਇਨ੍ਹਾਂ ਨੂੰ ਲੈ ਕੇ ਹੁਣ ਉਨ੍ਹਾਂ ਨੇ ਖੁਦ ਸਟੇਟਮੈਂਟ ਜਾਰੀ ਕੀਤਾ ਹੈ, ਜਿਸ ਨਾਲ ਉਨ੍ਹਾਂ ਨੇ ਆਪਣੇ ਸਿਹਤਯਾਬ ਹੋਣ ਦੀ ਜਾਣਕਾਰੀ ਵੀ ਦਿੱਤੀ ਹੈ, ਨਾਲ ਹੀ ਅਜਿਹੀਆਂ ਖਬਰਾਂ ਉਡਾਉਣ ਵਾਲਿਆਂ 'ਤੇ ਗੁੱਸਾ ਵੀ ਜ਼ਾਹਰ ਕੀਤਾ ਹੈ।
ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਦੌਰਾਨ ਮੁਮਤਾਜ਼ ਨੇ ਕਿਹਾ, ''ਮੈਂ ਜ਼ਿੰਦਾ ਹਾਂ ਅਤੇ ਬਿਲਕੁਲ ਠੀਕ ਹਾਂ। ਮੈਨੂੰ ਖੁਸ਼ੀ ਹੈ ਕਿ ਇਸ ਖਬਰ ਦੀ ਜਾਂਚ ਕਰਨ ਲਈ ਕਿਸੇ ਨੇ ਮੈਨੂੰ ਕਾਲ ਕੀਤੀ। ਮੈਨੂੰ ਨਹੀਂ ਪਤਾ ਕੋਈ ਕਿਉਂ ਜਾਣਬੁੱਝ ਕੇ ਅਜਿਹੀ ਖਬਰ ਫੈਲਾ ਰਿਹਾ ਹੈ। ਇਹ ਕੋਈ ਮਜ਼ਾਕ ਹੈ ਕੀ? ਪਿਛਲੇ ਸਾਲ ਵੀ ਅਜਿਹੀ ਹੀ ਖਬਰ ਉੱਡੀ ਸੀ ਅਤੇ ਮੇਰਾ ਪਰਿਵਾਰ ਪਰੇਸ਼ਾਨ ਹੋ ਗਿਆ ਸੀ, ਅਤੇ ਮੈਂ ਖੁਦ ਵੀ ਬਹੁਤ ਪਰੇਸ਼ਾਨ ਹੋ ਗਈ ਸੀ। ਲਾਕਡਾਊਨ ਦੌਰਾਨ ਮੈਂ ਆਪਣੀ ਬੇਟੀ, ਜਵਾਈ, ਪਤੀ ਅਤੇ ਦੋਹਤੀਆਂ-ਪੋਤੀਆਂ ਨਾਲ ਲੰਡਨ 'ਚ ਰਹਿ ਰਹੀ ਹਾਂ ਅਤੇ ਪੂਰੀ ਤਰ੍ਹਾਂ ਠੀਕ ਹਾਂ। ਮੇਰੇ ਹੋਰ ਰਿਸ਼ਤੇਦਾਰਾਂ ਨੇ ਵੀ ਇਹ ਖਬਰ ਸੁਣੀ ਤਾਂ ਉਹ ਲੋਕ ਵੀ ਪਰੇਸ਼ਾਨ ਹੋ ਗਏ। ਲੋਕ ਮੈਨੂੰ ਕਿਉਂ ਮਾਰਨਾ ਚਾਹੁੰਦੇ ਹਨ? ਜਦੋਂ ਵੇਲੇ ਆਏਗਾ ਤਾਂ ਮੈਂ ਖੁਦ ਚਲੀ ਜਾਊਂਗੀ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ