ਅਮਿਤਾਭ ਬੱਚਨ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲਾ ਪ੍ਰਕਾਸ਼ ਮਹਿਰਾ

5/17/2020 10:47:52 AM

ਮੁੰਬਈ (ਬਿਊਰੋ) — ਬਾਲੀਵੁੱਡ ਦਾ ਸੁਭਾਗ ਹੈ ਕਿ ਗੁਰੂਦੱਤ, ਵੀ ਸ਼ਾਂਤਾਰਾਮ, ਕੇ ਆਸਿਫ, ਮਹਿਬੂਬ ਖ਼ਾਨ, ਕੇਦਾਰ ਸ਼ਰਮਾ, ਬੀਆਰ ਚੋਪੜਾ, ਯਸ਼ ਚੋਪੜਾ, ਰਾਜ ਕਪੂਰ, ਮਨਮੋਹਨ ਦੇਸਾਈ, ਰਾਜ ਖੋਸਲਾ, ਰਾਜ ਸਿੱਪੀ ਜਿਹੇ ਕਈ ਸੂਝਵਾਨ ਨਿਰਦੇਸ਼ਕ ਇਸ ਦੇ ਹਿੱਸੇ ਆਏ। ਕਾਬਿਲ ਅਤੇ ਕਾਮਯਾਬ ਨਿਰਦੇਸ਼ਕਾਂ ਦੀ ਇਸੇ ਲੜੀ ਵਿਚ ਇਕ ਹੋਰ ਵੱਡਾ ਨਾਂ ਸ਼ਾਮਲ ਹੈ ਪ੍ਰਕਾਸ਼ ਮਹਿਰਾ ਦਾ। ਇਸ ਫਿਲਮਸਾਜ਼ ਨੇ ਬਾਲੀਵੁੱਡ ਦੀ ਝੋਲੀ ਕਈ ਸ਼ਾਨਦਾਰ ਫਿਲਮਾਂ ਪਾਈਆਂ ਸਨ।

ਫਿਲਮੀ ਸਫ਼ਰ ਦੀ ਸ਼ੁਰੂਆਤ
ਉੱਤਰ ਪ੍ਰਦੇਸ਼ ਦੇ ਕਸਬਾ ਬਿਜਨੌਰ 'ਚ ਜਨਮੇ ਪ੍ਰਕਾਸ਼ ਮਹਿਰਾ ਨੇ 1968 'ਚ ਪਹਿਲੀ ਵਾਰ ਨਿਰਦੇਸ਼ਨ ਦੇ ਪਿੜ ਵਿਚ ਕਦਮ ਰੱਖਿਆ ਸੀ। ਉਸ ਨੇ ਅਦਾਕਾਰ ਸ਼ਸ਼ੀ ਕਪੂਰ ਨੂੰ ਲੈ ਕੇ ਫਿਲਮ 'ਹਸੀਨਾ ਮਾਨ ਜਾਏਗੀ' ਬਣਾਈ, ਜੋ ਬਾਕਸ ਆਫ਼ਿਸ 'ਤੇ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ ਸੀ। ਇਸ ਤੋਂ ਬਾਅਦ ਪ੍ਰਕਾਸ਼ ਨੇ 1971 ਵਿਚ 'ਮੇਲਾ' ਅਤੇ 1972 ਵਿਚ 'ਆਨ ਬਾਨ' ਨਾਮਕ ਫਿਲਮਾਂ ਵੀ ਨਿਰਦੇਸ਼ਿਤ ਕੀਤੀਆਂ। ਇਹ ਫਿਲਮਾਂ ਵੀ ਬਹੁਤਾ ਕਮਾਲ ਦਿਖਾਉਣ 'ਚ ਕਾਮਯਾਬ ਨਾ ਹੋਈਆਂ। ਫਿਰ ਔਖੇ ਹਾਲਾਤ 'ਚ ਵੀ ਹਿੰਮਤ ਨਾ ਹਾਰ ਕੇ ਪ੍ਰਕਾਸ਼ ਮਹਿਰਾ ਨੇ ਇਕ ਜ਼ਬਰਦਸਤ ਕਹਾਣੀ ਸਲੀਮ-ਜਾਵੇਦ ਦੀ ਜੋੜੀ ਤੋਂ ਲਿਖਵਾਈ ਤੇ ਇਕ ਨਵੇਂ ਤੇ ਉਸ ਵਕਤ ਅਸਫਲ ਅਦਾਕਾਰ ਅਮਿਤਾਭ ਬੱਚਨ ਨੂੰ ਲੈ ਕੇ ਫਿਲਮ 'ਜ਼ੰਜੀਰ' ਬਣਾਈ, ਜੋ ਕਿ ਸੁਪਰਹਿੱਟ ਰਹੀ। ਇਸ ਫਿਲਮ 'ਚ ਪਹਿਲੀ ਵਾਰ ਉਸ ਨੇ ਅਮਿਤਾਭ ਨੂੰ 'ਐਂਗਰੀ ਯੰਗਮੈਨ' ਵਜੋਂ ਪੇਸ਼ ਕੀਤਾ ਸੀ ਤੇ ਅਮਿਤਾਭ ਨੂੰ ਇਹ ਇਮੇਜ਼ ਐਸੀ ਰਾਸ ਆਈ ਕਿ ਉਸ ਨੇ ਵੱਡੇ-ਵੱਡੇ ਕਲਾਕਾਰਾਂ ਨੂੰ ਪੜ੍ਹਨੇ ਪਾ ਦਿੱਤਾ।

ਦੱਸ ਦਈਏ ਕਿ ਫਿਲਮ 'ਜ਼ੰਜੀਰ' 'ਚ ਸ਼ਸ਼ੀ ਕਪੂਰ ਨੇ ਵੀ ਆਪਣੀ ਪ੍ਰਤਿਭਾ ਦਾ ਖੂਬ ਲੋਹਾ ਮਨਵਾਇਆ। ਇਸ ਸਫਲਤਾ ਤੋਂ ਬਾਅਦ ਪ੍ਰਕਾਸ਼ ਨੇ ਅਮਿਤਾਭ ਨੂੰ ਲੈ ਕੇ ਦਰਜਨ ਦੇ ਕਰੀਬ ਫਿਲਮਾਂ ਬਣਾਈਆਂ, ਜਿਨ੍ਹਾਂ 'ਚ 'ਹੇਰਾਫ਼ੇਰੀ', 'ਖ਼ੂਨ ਪਸੀਨਾ', 'ਮੁਕੱਦਰ ਕਾ ਸਿਕੰਦਰ', 'ਲਾਵਾਰਿਸ', 'ਨਮਕ ਹਲਾਲ', 'ਸ਼ਰਾਬੀ', 'ਜਾਦੂਗਰ' ਆਦਿ ਦੇ ਨਾਂ ਸ਼ਾਮਲ ਹਨ। ਫਿਲਮ 'ਜਾਦੂਗਰ' ਨੂੰ ਛੱਡ ਕੇ ਬਾਕੀ ਸਾਰੀਆਂ ਫਿਲਮਾਂ ਬਲਾਕਬਸਟਰ ਸਾਬਤ ਹੋਈਆਂ ਸਨ। ਇਨ੍ਹਾਂ ਫਿਲਮਾਂ ਦੀ ਸਫਲਤਾ ਨਾਲ ਪ੍ਰਕਾਸ਼ ਨੇ ਅਮਿਤਾਭ ਦੇ ਕਰੀਅਰ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਸੀ।

ਪ੍ਰਸਿੱਧੀ ਦਾ ਦੌਰ
ਸੰਗੀਤ ਅਤੇ ਐਕਸ਼ਨ ਪ੍ਰਧਾਨ ਫਾਰਮੂਲਾ ਫਿਲਮਾਂ ਬਣਾਉਣ ਵਿਚ ਮਾਹਿਰ ਪ੍ਰਕਾਸ਼ ਮਹਿਰਾ ਨੇ ਨਵੀਂ ਤੇ ਪੁਰਾਣੀ ਪੀੜ੍ਹੀ ਦੇ ਕਈ ਨਾਇਕਾਂ ਨਾਲ ਕੰਮ ਕੀਤਾ ਸੀ। ਉਸ ਨੇ 1996 'ਚ ਅਦਾਕਾਰ ਰਾਜ ਕੁਮਾਰ ਦੇ ਪੁੱਤਰ ਪੁਰੂ ਰਾਜਕੁਮਾਰ ਨੂੰ ਲਾਂਚ ਕਰਨ ਲਈ ਫਿਲਮ 'ਬਾਲ ਬ੍ਰਹਮਚਾਰੀ' ਬਣਾਈ, ਅਨਿਲ ਕਪੂਰ ਨਾਲ ਫਿਲਮ 'ਜ਼ਿੰਦਗੀ ਏਕ ਜੂਆ' ਅਤੇ ਮਿਥੁਨ ਚੱਕਰਵਰਤੀ ਨਾਲ ਫਿਲਮ 'ਦਲਾਲ' ਬਣਾਈ ਸੀ। ਇਨ੍ਹਾਂ ਤੋਂ ਇਲਾਵਾ ਉਸ ਦੀਆਂ ਕੁਝ ਹੋਰ ਹਿੱਟ ਫਿਲਮਾਂ 'ਚ 'ਹਾਥ ਕੀ ਸਫ਼ਾਈ', 'ਏਕ ਕੁੰਵਾਰਾ ਏਕ ਕੁੰਵਾਰੀ', 'ਆਖ਼ਰੀ ਡਾਕੂ', 'ਮੁਕੱਦਰ ਕਾ ਫ਼ੈਸਲਾ', 'ਮੁਹੱਬਤ ਕੇ ਦੁਸ਼ਮਨ', 'ਜ਼ਖ਼ਮੀ', 'ਜ਼ੁਲਮ', 'ਖ਼ਲੀਫ਼ਾ', 'ਜਵਾਲਾਮੁਖੀ', 'ਦੇਸ਼ ਦ੍ਰੋਹੀ' ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ।

'ਦਲਾਲ' ਅਤੇ 'ਖ਼ੂਨ ਪਸੀਨਾ' ਫਿਲਮਾਂ ਦਾ ਨਿਰਮਾਤਾ ਵੀ ਉਹ ਖੁਦ ਹੀ ਸੀ। ਤਿੰਨ ਪੁੱਤਰਾਂ ਸੁਮਿਤ ਮਹਿਰਾ, ਅਮਿਤ ਮਹਿਰਾ ਅਤੇ ਪੁਨੀਤ ਮਹਿਰਾ ਦਾ ਪਿਤਾ ਅਤੇ ਲੱਖਾਂ ਫਿਲਮ ਪ੍ਰੇਮੀਆਂ ਦਾ ਪਸੰਦੀਦਾ ਫਿਲਮਸਾਜ਼ ਪ੍ਰਕਾਸ਼ ਮਹਿਰਾ 17 ਮਈ, 2009 ਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ। ਅਮਿਤਾਭ ਨੇ ਉਸ ਦੇ ਦੇਹਾਂਤ ਮੌਕੇ ਕਿਹਾ ਸੀ ਕਿ 'ਮੈਨੂੰ ਬਾਲੀਵੁੱਡ 'ਚ ਸਥਾਪਤ ਕਰ ਕੇ ਉਚੇਰੀਆਂ ਬੁਲੰਦੀਆਂ 'ਤੇ ਪਹੁੰਚਾਉਣ ਵਾਲੇ ਮਹਾਨ ਫਿਲਮਸਾਜ਼ ਪ੍ਰਕਾਸ਼ ਮਹਿਰਾ ਦਾ ਮੈਂ ਰਿਣੀ ਹਾਂ ਤੇ ਆਖਰੀ ਸਾਹ ਤਕ ਰਿਣੀ ਰਹਾਂਗਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News