''ਕੈਰੀ ਆਨ ਜੱਟਾ 2'' ਨੇ ਕਮਾਈ ''ਚ ਤੋੜੇ ਸਾਰੇ ਰਿਕਾਰਡ, ਵ੍ਹਾਈਟ ਹਿੱਲ ਸਟੂਡੀਓ ਨੇ ਸਿਰਜਿਆ ਇਤਿਹਾਸ

6/10/2018 8:56:21 AM

ਜਲੰਧਰ(ਬਿਊਰੋ)— ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਸਭ ਤੋਂ ਵੱਧ ਕਮਾਈ ਕਰਨ ਦਾ ਮਾਣ ਹਾਸਲ ਕਰਨ ਵਾਲੀ ਫ਼ਿਲਮ 'ਕੈਰੀ ਆਨ ਜੱਟਾ-2' ਵੱਲੋਂ ਨਵੇਂ ਰਿਕਾਰਡ ਬਣਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਇਹ ਫ਼ਿਲਮ 1 ਜੂਨ ਨੂੰ ਰਿਲੀਜ਼ ਕੀਤੀ ਗਈ ਸੀ। ਇਸ ਫ਼ਿਲਮ ਨੇ ਪਹਿਲੇ ਦਿਨ 3.61 ਕਰੋੜ, ਦੂਜੇ ਦਿਨ 4.26 ਕਰੋੜ ਤੇ ਤੀਜੇ ਦਿਨ ਭਾਵ ਐਤਵਾਰ 5.28 ਕਰੋੜ ਦੀ ਕੁਲੈਕਸ਼ਨ ਕੀਤੀ।'ਕੈਰੀ ਆਨ ਜੱਟਾ-2' ਨੂੰ 'ਵ੍ਹਾਈਟ ਹਿੱਲ ਡਿਸਟ੍ਰੀਬਿਊਸ਼ਨ' ਵੱਲੋਂ ਰਿਲੀਜ਼ ਕੀਤਾ ਗਿਆ ਸੀ। ਇਸ ਬੈਨਰ ਵੱਲੋਂ ਪਿਛਲੇ ਵਰ੍ਹੇ 'ਮੰਜੇ ਬਿਸਤਰੇ' ਫ਼ਿਲਮ ਦੀ ਡਿਸਟ੍ਰੀਬਿਊਸ਼ਨ ਵੀ ਕੀਤੀ ਗਈ ਸੀ। ਫ਼ਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਉਪਾਸਨਾ ਸਿੰਘ ਵੱਲੋਂ ਅਦਾਕਾਰੀ ਕੀਤੀ ਗਈ। ਫ਼ਿਲਮ ਦੇਖਣ ਵਾਲਿਆਂ ਦਾ ਹਾਸਾ ਦੁਨੀਆ ਭਰ 'ਚ ਗੂੰਜਿਆ ਕਿਉਂਕਿ ਵਿਦੇਸ਼ਾਂ 'ਚ ਵੀ ਫ਼ਿਲਮ ਨੇ ਸਫਲਤਾ ਦੇ ਝੰਡੇ ਗੱਡੇ।
'ਕੈਰੀ ਆਨ ਜੱਟਾ-2' ਭਾਰਤ ਦੇ 350 ਸਿਨੇਮਾਘਰਾਂ 'ਚ ਰਿਲੀਜ਼ ਹੋਈ, ਜਿਸ ਨੂੰ 1450 ਸ਼ੋਅਜ਼ ਮਿਲੇ। ਵਿਦੇਸ਼ਾਂ 'ਚ 280 ਤੋਂ ਵੱਧ ਸਕਰੀਨਾਂ 'ਤੇ ਫ਼ਿਲਮ ਰਿਲੀਜ਼ ਹੋਈ। ਇਹ ਪਹਿਲੀ ਵਾਰ ਹੋਇਆ ਕਿ ਕਿਸੇ ਪੰਜਾਬੀ ਫ਼ਿਲਮ ਨੂੰ ਪਾਕਿਸਤਾਨ 'ਚ ਇੰਨੇ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਗਿਆ। ਪਾਕਿਸਤਾਨ 'ਚ ਫ਼ਿਲਮ 61 ਸਿਨੇਮਿਆਂ 'ਚ ਰਿਲੀਜ਼ ਹੋਈ ਤੇ 1 ਕਰੋੜ ਦੀ ਕੁਲੈਕਸ਼ਨ ਕੀਤੀ। ਇਸ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਫਿਲਪੀਨਜ਼, ਹਾਂਗਕਾਂਗ, ਸਿੰਗਾਪੁਰ, ਕੀਨੀਆ, ਬੈਲਜੀਅਮ, ਜਰਮਨੀ, ਆਸਟਰੀਆ, ਨੀਦਰਲੈਂਡ ਅਤੇ ਇਟਲੀ 'ਚ ਵੀ ਫ਼ਿਲਮ ਨੇ ਸਫਲਤਾ ਹਾਸਲ ਕੀਤੀ। ਫ਼ਿਲਮ ਦੇ ਪ੍ਰੋਡਿਊਸਰ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੈਨਰ 'ਵ੍ਹਾਈਟ ਹਿੱਲ ਸਟੂਡੀਓ' ਵੱਲੋਂ ਅੱਜ ਤੱਕ ਜਿੰਨੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ, ਸਭ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ। 'ਕੈਰੀ ਆਨ ਜੱਟਾ-2' ਦੀ ਰਿਕਾਰਡਤੋੜ ਕਾਮਯਾਬੀ ਤੋਂ ਬਾਅਦ ਉਨ੍ਹਾਂ ਦੀ ਟੀਮ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਤੇ ਉਹ ਹੋਰ ਚੰਗੀਆਂ ਫ਼ਿਲਮਾਂ ਲੈ ਕੇ ਹਾਜ਼ਰ ਹੋਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News