ਇਧਰਲੇ ਹੀ ਨਹੀਂ, ਓਧਰਲੇ ਪੰਜਾਬ ’ਚ ਵੀ ਉਡੀਕੀ ਜਾ ਰਹੀ ਹੈ ਅਮਰਿੰਦਰ ਗਿੱਲ ਦੀ ਫਿਲਮ ‘ਚੱਲ ਮੇਰਾ ਪੁੱਤ’

7/12/2019 8:51:43 AM

ਜਲੰਧਰ - ਸੋਸ਼ਲ ਮੀਡੀਆ ਤੋਂ ਕੋਹਾਂ ਦੂਰ ਹਮੇਸ਼ਾ ਆਪਣੇ ਕੰਮ ’ਚ ਮਸਤ ਰਹਿਣ ਵਾਲਾ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦਾ ਕਹਿਣਾ ਹੈ ਕਿ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ, ਉਹ ਸਭ ਦੇ ਸਾਂਝੇ ਹੁੰਦੇ ਹਨ। ਕਲਾਕਾਰ ਕਿਸੇ ਵੀ ਧਰਮ ਜਾਂ ਮੁਲਕ ਦਾ ਹੋਵੇ, ਜੇ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ ਤਾਂ ਓਹੀ ਉਸ ਦਾ ਅਸਲ ਧਰਮ ਹੁੰਦਾ ਹੈ। ਉਹ ਖੁਦ ਸਭ ਦਾ ਸਾਂਝਾ ਗਾਇਕ ਅਤੇ ਅਦਾਕਾਰ ਹੈ। ਯਾਦ ਰਹੇ ਕਿ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ‘ਚੱਲ ਮੇਰਾ ਪੁੱਤ’ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਸ ਫ਼ਿਲਮ ਵਿਚ ਪੰਜਾਬ ਦੇ ਨਾਮਵਰ ਕਲਾਕਾਰਾਂ ਦੇ ਨਾਲ-ਨਾਲ ਓਧਰਲੇ ਪੰਜਾਬ ਯਾਨੀ ਪਾਕਿਸਤਾਨ ਵਿਚਲੇ ਪੰਜਾਬ ਦੇ ਕਲਾਕਾਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਸ਼ੂਟਿੰਗ ਦੇ ਦਿਨਾਂ ਤੋਂ ਹੀ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਪੰਜਾਬੀ ਫ਼ਿਲਮ ਇੰਡਸਟਰੀ ਲਈ ਜਿਥੇ ਕਈ ਨਵੇਂ ਰਾਹ ਖੋਲ੍ਹੇਗੀ, ਉਥੇ ਹੀ ਸਰਹੱਦਾਂ ਤੋਂ ਉੱਪਰ ਉੱਠ ਕੇ ਕਲਾਕਾਰਾਂ ਦੀ ਆਪਸੀ ਸਾਂਝ ਦਾ ਪ੍ਰਤੀਕ ਵੀ ਬਣੇਗੀ।

ਰਾਕੇਸ਼ ਧਵਨ ਵੱਲੋਂ ਲਿਖੀ ਅਤੇ ਜਨਜੋਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਦੀ ਸਫ਼ਲ ਜੋੜੀ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ। ਆਪਣੀ ਹਰ ਫ਼ਿਲਮ ਅਤੇ ਗੀਤਾਂ ਨਾਲ ਹਮੇਸ਼ਾ ਦਰਸ਼ਕਾਂ ਦੀਆਂ ਉਮੀਦਾਂ ਨੂੰ ਬੂਰ ਪਾਉਣ ਵਾਲਾ ਅਮਰਿੰਦਰ ਗਿੱਲ ਇਸ ਫ਼ਿਲਮ ਵਿਚ ਜਿੰਦਰ ਨਾਂ ਦੇ ਅਜਿਹੇ ਨੌਜਵਾਨ ਦੇ ਰੂਪ ’ਚ ਨਜ਼ਰ ਆਵੇਗਾ, ਜੋ ਪੰਜਾਬ ਤੋਂ ਵਿਦੇਸ਼ ਗਿਆ ਹੈ, ਉਥੇ ਉਹ ਪੱਕਾ ਹੋਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਉਸ ਨੂੰ ਭਵਿੱਖ ਦੀ ਵੀ ਫਿਕਰ ਹੈ ਤੇ ਪਿੱਛੇ ਪਰਿਵਾਰ ਦੀ ਚਿੰਤਾ ਵੀ ਹੈ। ਅਮਰਿੰਦਰ ਗਿੱਲ ਮੁਤਾਬਕ ਉਸ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਮਨੋਰੰਜਨ ਭਰਪੂਰ ਫਿਲਮ ਹੈ। ਹਮੇਸ਼ਾ ਆਪਣੇ ਕੰਮ ਨਾਲ ਹਰ ਗੱਲ ਦਾ ਜੁਆਬ ਦੇਣ ਵਾਲੇ ਅਮਰਿੰਦਰ ਗਿੱਲ ਨੇ ਆਪਣੀਆਂ ਪਹਿਲੀਆਂ ਫ਼ਿਲਮਾਂ ਨਾਲ ਇਹ ਬਾਖੂਬੀ ਸਾਬਤ ਕੀਤਾ ਹੋਇਆ ਹੈ ਕਿ ਉਹ ਫਿਲਮਾਂ ਦੀ ਗਿਣਤੀ ਨਾਲੋਂ ਫ਼ਿਲਮਾਂ ਦੇ ਮਿਆਰ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਇਹੀ ਵਜ੍ਹਾ ਹੈ ਕਿ ਦਰਸ਼ਕਾਂ ਨੂੰ ਵੀ ਹਮੇਸ਼ਾ ਉਸ ਦੀ ਫਿਲਮ ਦੀ ਉਡੀਕ ਹੁੰਦੀ ਹੈ। ਇਸ ਵਾਰ ਇਸ ਫ਼ਿਲਮ ਦੀ ਉਡੀਕ ਇਕੱਲੇ ਇਧਰਲੇ ਪੰਜਾਬ ਦੇ ਦਰਸ਼ਕਾਂ ਨੂੰ ਹੀ ਨਹੀਂ ਸਗੋਂ ਲਹਿੰਦੇ ਅਤੇ ਚੜ੍ਹਦੇ ਦੋਵਾਂ ਪੰਜਾਬਾਂ ਵਿਚ ਇਸ ਫ਼ਿਲਮ ਦੀ ਉਡੀਕ ਹੈ। ਇਸ ਫ਼ਿਲਮ ਵਿਚ ਪਾਕਿਸਤਾਨ ਦੇ ਉਹ ਕਲਾਕਾਰ ਲਏ ਗਏ ਹਨ, ਜਿਨ੍ਹਾਂ ਦਾ ਕਾਮੇਡੀ ਖੇਤਰ ’ਚ ਬਹੁਤ ਵੱਡਾ ਨਾਂ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News