‘ਚੱਲ ਮੇਰਾ ਪੁੱਤ’ ਦੀ ਆਮ ਦਰਸ਼ਕਾਂ ਦੇ ਨਾਲ-ਨਾਲ ਬੁੱਧੀਜੀਵੀਆਂ ਵੱਲੋਂ ਸ਼ਲਾਘਾ

7/24/2019 8:59:26 AM

ਜਲੰਧਰ(ਬਿਊਰੋ)- ਇਕ ਪਾਸੇ ਜਿਥੇ ਕਰਤਾਰਪੁਰ ਲਾਂਘੇ ਰਾਹੀਂ ਭਾਰਤ ਅਤੇ ਪਾਕਿਸਤਾਨ ਦੀ ਸਰਕਾਰ ਸਿੱਖ ਸ਼ਰਧਾਲੂਆਂ ਲਈ ਸਾਂਝੇ ਤੌਰ ’ਤੇ ਗੁਰੂ ਘਰ ਦੇ ਦਰਵਾਜ਼ੇ ਖੋਲ੍ਹ ਰਹੀ ਹੈ, ਉਥੇ ਦੂਜੇ ਪਾਸੇ ਪੰਜਾਬੀ ਫਿਲਮ ‘ਚੱਲ ਮੇਰਾ ਪੁੱਤ’ ਜ਼ਰੀਏ ਦੋਵਾਂ ਮੁਲਕਾਂ ਦੀ ਕਲਾਕਾਰਾਂ ਦੀ ਆਪਸੀ ਸਾਂਝ ਵਧਾਉਣ ਦਾ ਯਤਨ ਹੋ ਰਿਹਾ ਹੈ।

ਦਰਸ਼ਕਾਂ ਦੇ ਨਾਲ-ਨਾਲ ਪੰਜਾਬ ਦੇ ਬੁੱਧੀਜੀਵੀ ਵੀ ਕਰ ਰਹੇ ਹਨ ਸੁਆਗਤ

26 ਜੁਲਾਈ ਨੂੰ ਰਿਲੀਜ਼ ਹੋ ਰਹੀ ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦਾ ਆਮ ਦਰਸ਼ਕਾਂ ਦੇ ਨਾਲ-ਨਾਲ ਪੰਜਾਬ ਦੇ ਬੁੱਧੀਜੀਵੀ ਵੀ ਸੁਆਗਤ ਕਰ ਰਹੇ ਹਨ। ਕਾਬਲੇਗੌਰ ਹੈ ਕਿ ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਸ ਫ਼ਿਲਮ ਵਿਚ ਅਮਰਿੰਦਰ ਗਿੱਲ, ਸਿੰਮੀ ਚਾਹਲ, ਹਰਦੀਪ ਗਿੱਲ ਅਤੇ ਗੁਰਸ਼ਬਦ ਦੇ ਨਾਲ-ਨਾਲ ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਨਾਸੁਰ ਚੁਨੌਟੀ, ਅਕਰਮ ਉਦਾਸ ਅਤੇ ਇਫਤਕਾਰ ਠਾਕੁਰ ਨੇ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਨਾਮੀ ਪਾਕਿਸਤਾਨੀ ਕਲਾਕਾਰਾਂ ਦੀ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ। ਰਾਕੇਸ਼ ਧਵਨ ਵਲੋਂ ਲਿਖੀ ਗਈ ਅਤੇ ਜਨਜੋਤ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਦੇਖਿਆ ਹੀ ਬਣਦਾ ਹੈ।

ਇਸ ਫਿਲਮ ਸਬੰਧੀ ਨਾਮਵਰ ਲੇਖਕ ਗੁਰਭਜਨ ਗਿੱਲ ਨੇ ਕਿਹਾ ਕਿ ਅਮਰਿੰਦਰ ਗਿੱਲ ਤੇ ਉਨ੍ਹਾਂ ਦੀ ਟੀਮ ਦੀਆਂ ਫ਼ਿਲਮਾਂ ਹਮੇਸ਼ਾ ਮਨੋਰੰਜਨ ਭਰਪੂਰ ਹੁੰਦੀਆਂ ਹਨ। ਇਸ ਵਾਰ ਉਨ੍ਹਾਂ ਦੀ ਇਸ ਫ਼ਿਲਮ ਵਿਚ ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲੀਅਤ ਦੋਵਾਂ ਪੰਜਾਬਾਂ ਲਈ ਸ਼ੁਭ ਸ਼ਗਨ ਹੈ। ਇਸ ਨਾਲ ਪੰਜਾਬੀ ਮਨੋਰੰਜਨ ਜਗਤ ਲਈ ਨਵੇਂ ਰਾਹ ਖੁੱਲ੍ਹਣਗੇ। ਨਾਮਵਰ ਲੇਖਕ ਅਤੇ ਸੰਪਾਦਕ ਸੁਸ਼ੀਲ ਦੁਸਾਂਝ, ਨਾਮਵਰ ਨਾਟਕਕਾਰ, ਲੇਖਕ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਨੇ ਵੀ ਇਸ ਫਿਲਮ ਨੂੰ ਪੰਜਾਬੀ ਮਨੋਰੰਜਨ ਜਗਤ ਲਈ ਸ਼ੁਭ ਸ਼ਗਨ ਦੱਸਦਿਆਂ ਕਿਹਾ ਕਿ ਕਲਾਕਾਰਾਂ ਦੀ ਇਹ ਪਹਿਲ ਕਦਮੀ ਇਹ ਸੰਕੇਤ ਹੈ ਕਿ ਕਲਾਕਾਰ ਹਮੇਸ਼ਾ ਹੀ ਸਭ ਦੇ ਸਾਂਝੇ ਹੁੰਦੇ ਹਨ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਵੀ ਇਸ ਫ਼ਿਲਮ ਦਾ ਸੁਆਗਤ ਕਰਦਿਆਂ ਕਿਹਾ ਕਿ ਉਹ ਇਸ ਪਹਿਲਕਦਮੀ ਲਈ ਫਿਲਮ ਦੀ ਟੀਮ ਨੂੰ ਸ਼ੁਭਕਾਮਨਾਵਾਂ ਆਖਦੇ ਹਨ। ਉਨ੍ਹਾਂ ਮੁਤਾਬਕ ਅਜਿਹੇ ਉਪਰਾਲੇ ਹੀ ਪੰਜਾਬੀ ਸਿਨਮੇ ਨੂੰ ਉੱਚੇ ਮੁਕਾਮ ’ਤੇ ਲਿਜਾ ਸਕਦੇ ਹਨ। ਇਸ ਤਰ੍ਹਾਂ ਹੀ ਇਸ ਫਿਲਮ ਸਬੰਧੀ ਸੋਸ਼ਲ ਮੀਡੀਆ ’ਤੇ ਆਮ ਲੋਕਾਂ ’ਚ ਉਤਸ਼ਾਹ ਅਤੇ ਜਜ਼ਬਾ ਆਮ ਦੇਖਿਆ ਜਾ ਸਕਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਫਿਲਮ ਦੇ ਵੱਡੇ ਪੱਧਰ ’ਤੇ ਪਾਕਿਸਤਾਨ ’ਚ ਰਿਲੀਜ਼ ਹੋਣ ਨਾਲ ਪੰਜਾਬੀ ਸਿਨੇਮੇ ਨੂੰ ਵਿੱਤੀ ਪੱਖ ਤੋਂ ਵੱਡਾ ਹੁੰਗਾਰਾ ਮਿਲੇਗਾ। ਦੱਸ ਦਈਏ ਕਿ ਲੰਡਨ ’ਚ ਫਿਲਮਾਈ ਗਈ ਇਹ ਫ਼ਿਲਮ ਵਿਦੇਸ਼ਾਂ ਵਿਚ ਵੱਸਦੇ ਲੋਕਾਂ ਖਾਸ ਕਰ ਕੇ ਪੰਜਾਬੀ ਨੌਜਵਾਨਾਂ ਦੀ ਕਹਾਣੀ ਹੈ। ਫਿਲਮ ਵਿਚ ਉਥੋਂ ਦੇ ਸੱਭਿਆਚਾਰ ਅਤੇ ਪੰਜਾਬੀ ਨੌਜਵਾਨਾਂ ਦੀ ਮਿਹਨਤ ਅਤੇ ਜ਼ਿੰਦਗੀ ਨੂੰ ਜੀਣ ਦੇ ਤਰੀਕੇ ਨੂੰ ਪੇਸ਼ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News