ਦਿਲਪ੍ਰੀਤ ਢਿੱਲੋਂ-ਅੰਬਰ ਧਾਲੀਵਾਲ ਮਸਲਾ : ਸੰਜੀਦਾ ਮਸਲਿਆਂ ਦੀ ਅਦਾਲਤ ਅਸੀਂ ਆਪ ਹੀ ਨਾ ਲਾਈਏ!

6/5/2020 12:20:51 PM

ਅੰਬਰ ਧਾਲੀਵਾਲ ਬਨਾਮ ਦਿਲਪ੍ਰੀਤ ਢਿੱਲੋਂ, ਕਿਸੇ ਨਾਲ ਕਿਉਂ ਖੜ੍ਹੇ ਹੋਈਏ?
ਤੁਸੀਂ ਅੰਬਰ ਧਾਲੀਵਾਲ ਨਾਲ ਖੜ੍ਹੇ ਹੋ, ਤੁਹਾਡਾ ਹੱਕ ਹੈ, ਜ਼ਰੂਰ ਖੜ੍ਹੇ ਹੋਵੋ।
ਤੁਸੀਂ ਦਿਲਪ੍ਰੀਤ ਢਿੱਲੋਂ ਨਾਲ ਖੜ੍ਹੇ ਹੋ, ਤੁਹਾਡਾ ਹੱਕ ਹੈ, ਜ਼ਰੂਰ ਖੜ੍ਹੇ ਹੋਵੇ।

ਪਰ ਇਹ ਸਿਰਫ ਤੁਹਾਡਾ ਹੱਕ ਹੈ ਤੁਹਾਡਾ ਕਸੂਰ ਨਹੀਂ ਹੈ। ਅੰਬਰ ਧਾਲੀਵਾਲ ਨਾਲ ਖੜ੍ਹ ਕੇ ਤੁਸੀਂ ਪਵਿੱਤਰ ਨਹੀਂ ਹੋ ਗਏ ਅਤੇ ਦਿਲਪ੍ਰੀਤ ਨਾਲ ਖੜ੍ਹ ਕੇ ਤੁਸੀਂ ਪਾਪੀ ਨਹੀਂ ਬਣ ਗਏ। ਇਸ ਗੱਲ ਨੂੰ ਉਲਟਾ ਕੇ ਵੀ ਕਿਹਾ ਜਾ ਸਕਦਾ ਹੈ। ਇਹ ਕਹਿਣਾ ਪੈ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਟਰਾਇਲ ਵਿਚ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲਾ ਅਦਾਲਤ ਵਿਚ ਹੈ, ਅਦਾਲਤ ਆਪਣਾ ਕੰਮ ਕਰੇਗੀ, ਮੈਨੂੰ ਲੱਗਦਾ ਹੈ ਜਿਹੜੇ ਲੋਕ ਇਸ ਮਾਮਲੇ ਨੂੰ ਅਦਾਲਤ ਵਿਚ ਲੈ ਕੇ ਗਏ ਹਨ, ਉਨ੍ਹਾਂ ਨੂੰ ਅਦਾਲਤ 'ਤੇ ਪੂਰਨ ਭਰੋਸਾ ਹੋਵੇਗਾ ਪਰ ਲੱਗਦਾ ਨਹੀਂ ਹੈ ਕਿ ਅਦਾਲਤ 'ਤੇ ਭਰੋਸਾ ਕਿਸੇ ਵੀ ਧਿਰ ਨੂੰ ਹੈ। ਇਕ ਧਿਰ ਤਾਂ ਬਾਕਾਇਦਾ ਪੂਰੇ ਯੋਜਨਾਬੱਧ ਤਰੀਕੇ ਨਾਲ ਸੋਸ਼ਲ ਮੀਡੀਆ ਟਰਾਇਲ ਚਲਾ ਰਹੀ ਹੈ ਅਤੇ ਦੂਜੀ ਧਿਰ ਵੀ ਉਸ ਦੇ ਦਬਾਅ ਵਿਚ ਆ ਕੇ ਸੋਸ਼ਲ ਮੀਡੀਆ 'ਤੇ ਆਉਣ ਲਈ ਮਜਬੂਰ ਹੋ ਗਈ।

ਅਸਲ ਵਿਚ ਮੀਡੀਆ ਟਰਾਇਲ ਪਿੱਛੇ ਕੀ ਰਣਨੀਤੀ ਹੁੰਦੀ ਹੈ ਅਤੇ ਇਸ ਦਾ ਕੀ ਮਕਸਦ ਹੁੰਦਾ ਹੈ ਇਸ ਬਾਰੇ ਮੈਂ ਕੱਲ੍ਹ ਲਿਖਿਆ ਸੀ। ਉਸ ਪੋਸਟ ਦਾ ਲਿੰਕ ਕੁਮੈਂਟ ਵਿਚ ਮਿਲ ਜਾਵੇਗਾ। ਇਸ ਸਾਰੇ ਮਾਹੌਲ ਵਿਚ ਸਾਨੂੰ ਧਿਰ ਬਣਨ ਵੇਲੇ ਬਹੁਤ ਸੁਚੇਤ ਰਹਿਣਾ ਪਵੇਗਾ ਕਿਉਂਕਿ ਸੱਚਾਈ ਇਹੀ ਹੈ ਕਿ ਦੋਵਾਂ ਧਿਰ ਵਿਚ ਹੀ ਭੀੜ ਵਰਤੀ ਜਾ ਰਹੀ ਹੈ। ਇਹ ਕੋਈ ਨਿਆਂ ਜਾਂ ਬਰਾਬਰੀ ਦੀ ਮੁਹਿੰਮ ਨਹੀਂ ਹੈ। ਇਹ ਧਿਰ ਮਜ਼ਬੂਤ ਕਰਨ ਦੀ ਮੁਹਿੰਮ ਹੈ। ਇਸ ਵਿਚ ਦੋਵੇਂ ਹੀ ਧਿਰਾਂ ਪੀੜਤ ਹਨ। ਇੱਥੇ ਇਕ ਨਾਲ ਅਦਾਲਤੀ 'ਨਿਆਂ' ਹੋਣਾ ਹੈ, ਇਕ ਨਾਲ 'ਅਨਿਆਂ' ਹੋਣਾ ਹੈ। ਸੋਸ਼ਲ ਮੀਡੀਆ ਟਰਾਇਲ ਤੋਂ ਬਾਅਦ ਇਨਸਾਫ਼ ਹੋਣ ਦੀ ਸੰਭਾਵਨਾ ਘੱਟ ਹੀ ਹੈ।

ਇਸ ਪੂਰੇ ਵਿਵਾਦ ਵਿਚ ਕੁਝ ਗੱਲਾਂ ਗੌਰ ਕਰਨ ਵਾਲੀਆਂ ਹਨ :-
ਅੰਬਰ ਧਾਲੀਵਾਲ ਦਾ ਇਲਜ਼ਾਮ ਹੈ ਕਿ ਦਿਲਪ੍ਰੀਤ ਨੇ ਉਸ ਨਾਲ ਕੁੱਟਮਾਰ ਕੀਤੀ ਹੈ, ਉਸ ਨੇ ਸੋਸ਼ਲ ਮੀਡੀਆ ਵਿਚ ਸਬੂਤ ਪੇਸ਼ ਕੀਤੇ ਹਨ। ਉਨ੍ਹਾਂ ਦੀ ਪਰਖ਼ ਅਦਾਲਤ ਨੇ ਕਰਨੀ ਹੈ। ਸਾਡੇ ਕੋਲ ਇਸ ਦਾ ਕੋਈ ਇਖ਼ਤਿਆਰ ਤੇ ਤਕਨੀਕ ਨਹੀਂ ਹੈ। ਅੰਬਰ ਦਾ ਇਹ ਵੀ ਇਲਜ਼ਾਮ ਹੈ ਕਿ ਦਿਲਪ੍ਰੀਤ ਦੇ ਹੋਰ ਔਰਤਾਂ ਨਾਲ ਸੰਬੰਧ ਹਨ ਅਤੇ ਵਿਆਹ ਤੋਂ ਬਾਅਦ ਵੀ ਇਹ ਸੰਬੰਧ ਜਾਰੀ ਰਹਿਣ ਕਰਕੇ ਉਹ ਉਸ ਨਾਲ ਰਿਸ਼ਤਾ ਤੋੜ ਰਹੀ ਹੈ।

ਬੀਬੀਸੀ ਟੋਰਾਂਟੋ ਨੂੰ ਦਿੱਤੇ ਇਕ ਇੰਟਰਵਿਊ ਵਿਚ ਅੰਬਰ ਧਾਲੀਵਾਲ ਦਾ ਇਹ ਵੀ ਕਹਿਣਾ ਹੈ ਕਿ ਉਸ ਨੇ ਰਿਸ਼ਤਾ ਤੋੜ ਦਿੱਤਾ ਹੈ, ਉਹ ਸਭ ਖ਼ਤਮ ਕਰਕੇ ਆਪਣੀ ਅੱਲਗ ਜ਼ਿੰਦਗੀ ਸ਼ੁਰੂ ਕਰ ਚੁੱਕੀ ਹੈ, ਤਲਾਕ ਲੈਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਵਿਆਹ ਰਜਿਸਟਰ ਨਹੀਂ ਹੋਇਆ ਸੀ। ਦਿਲਪ੍ਰੀਤ ਨੇ ਵੀ ਲਾਈਵ ਹੋ ਕੇ ਆਪਣਾ ਪੱਖ ਰੱਖਿਆ ਹੈ। ਉਸ ਨੇ ਕਿਹਾ ਹੈ ਕਿ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਉਸ ਨਾਲ ਜਾਂ ਉਸ ਦੇ ਪਰਿਵਾਰ ਨਾਲ ਬੈਠ ਕੇ ਕੋਈ ਗੱਲਬਾਤ ਨਹੀਂ ਕੀਤੀ ਗਈ। ਸਿੱਧਾ ਸੋਸ਼ਲ ਮੀਡੀਆ 'ਤੇ ਮੀਡੀਆ ਟਰਾਇਲ ਚੱਲ ਪਿਆ ਹੈ। ਉਹ ਪੰਚਾਇਤੀ ਫ਼ੈਸਲੇ ਨਾਲ ਜਾਂ ਕਿਸੇ ਵੀ ਤਰ੍ਹਾਂ ਮਿਲ-ਬੈਠ ਕੇ ਗੱਲ ਕਰਨ ਲਈ ਤਿਆਰ ਹੈ। ਜ਼ਾਹਿਰ ਹੈ ਮਾਮਲਾ ਅਦਾਲਤ ਵਿਚ ਹੈ ਤਾਂ ਉਸ ਨੂੰ ਅਦਾਲਤ ਵੀ ਜਾਣਾ ਹੀ ਪਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਕੇਸ ਅਦਾਲਤ ਵਿਚ ਚੱਲ ਰਿਹਾ ਹੈ, ਜਿਸ ਬਾਰੇ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਦੋਵਾਂ ਧਿਰਾਂ ਵੱਲੋਂ ਹੀ ਕਿ ਕੇਸ ਚੱਲ ਕਾਹਦਾ ਰਿਹਾ ਹੈ, ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਘਰੇਲੂ ਹਿੰਸਾ ਦਾ ਕੇਸ ਹੈ, ਦਾਜ ਦਾ ਕੇਸ ਹੈ, ਖ਼ਰਚੇ ਦਾ ਕੇਸ ਹੈ। ਇਕ ਪਾਸੇ ਅੰਬਰ ਹਰ ਥਾਂ ਕਹਿ ਰਹੀ ਹੈ ਕਿ ਤਲਾਕ ਦਾ ਕੇਸ ਕਰਨ ਦੀ ਲੋੜ ਨਹੀਂ ਕਿਉਂਕਿ ਵਿਆਹ ਰਜਿਸਟਰ ਨਹੀਂ ਹੈ।

ਅੱਜ ਕੱਲ੍ਹ 100 ਗ੍ਰਾਮ ਭੁੱਕੀ ਦਾ ਵੀ ਕੇਸ ਪੈਂਦਾ ਹੈ ਤੇ ਅਗਲੇ ਦਿਨ ਅਖ਼ਬਾਰ ਵਿਚ ਖ਼ਬਰ ਛਪਦੀ ਹੈ। ਕੇਸ ਨੰਬਰ, ਮੁੱਦਈ, ਮੁਲਜ਼ਮ, ਤਫ਼ਤੀਸ਼ ਕਰਤਾ, ਥਾਣਾ, ਧਾਰਾਵਾਂ, ਸਭ ਛਪਦਾ ਹੈ। ਅੰਬਰ-ਦਿਲਪ੍ਰੀਤ ਦਾ ਵਿਵਾਦ ਡੇਢ ਹਫ਼ਤੇ ਤੋਂ ਚੱਲ ਰਿਹਾ ਹੈ, ਸੋਸ਼ਲ ਮੀਡੀਆ ਟਰਾਇਲ ਚੱਲ ਰਿਹਾ ਹੈ, ਹਾਲੇ ਤੱਕ ਕੋਈ ਖ਼ਬਰ, ਕੇਸ ਦਾ ਕੋਈ ਕਾਨੂੰਨੀ ਦਸਤਾਵੇਜ਼ ਸਾਹਮਣੇ ਨਹੀਂ ਆਇਆ ਹੈ। ਲੱਗਦਾ ਹੈ ਜਿਵੇਂ ਰਾਫ਼ੈਲ ਦਾ ਮਾਮਲਾ ਹੋ ਗਿਆ ਹੈ, ਜਿਸ ਵਿਚ ਕੇਸ ਦੇ ਦਸਤਾਵੇਜ਼ ਸਾਹਮਣੇ ਨਹੀਂ ਆ ਰਹੇ ਪਰ ਇਕ ਦੂਜੇ 'ਤੇ ਦੋਸ਼ ਲਾਉਣ ਦਾ ਸਿਆਸੀ ਖ਼ਿਲਾਰਾ ਚੱਲੀ ਜਾ ਰਿਹਾ ਹੈ।
ਦਿਲਪ੍ਰੀਤ ਦੇ ਲਾਈਵ ਆਉਣ ਤੋਂ ਬਾਅਦ ਅੰਬਰ ਨੇ ਆਪ ਲਾਈਵ ਆ ਕੇ ਪੂਰੀ ਕਹਾਣੀ ਦੋਬਾਰਾ ਦੱਸੀ ਹੈ। ਕੁਝ ਸਬੂਤ ਵੀ ਦਿਖਾਏ ਹਨ। ਦੋਵਾਂ ਦੀ ਵੀਡੀਓ ਵਿਚ ਨੋਟ ਕਰਨ ਵਾਲੀ ਗੱਲ ਜੋ ਹੈ ਉਹ ਇਹ ਹੈ ਕਿ ਦਿਲਪ੍ਰੀਤ ਨੂੰ ਸੁੱਝ ਨਹੀਂ ਰਿਹਾ ਕਿ ਉਹ ਕੀ ਬੋਲੇ, ਅੱਧੀਆਂ ਗੱਲਾਂ ਭੁੱਲ ਜਾਂਦੀਆਂ ਨੇ, ਬੋਲਦਾ-ਬੋਲਦਾ ਹੋਰ ਪਾਸੇ ਚਲਾ ਜਾਂਦਾ ਹੈ ਜਾਂ ਚੁੱਪ ਕਰ ਜਾਂਦਾ ਹੈ। ਫਿਰ ਅਚਾਨਕ ਕੁਝ ਯਾਦ ਆਉਂਦਾ ਹੈ ਤਾਂ ਬੋਲਦਾ ਹੈ। ਲੱਗਦਾ ਹੈ ਦਿਲਪ੍ਰੀਤ ਨੂੰ ਤਾਂ ਕਦੇ ਚੰਗੇ ਸਲਾਹਕਾਰ ਟੱਕਰੇ ਵੀ ਨਹੀਂ ਹਨ। ਸੰਗੀਤਕ ਸਫਰ ਦੇ ਉਸ ਦੇ ਬਹੁਤੇ ਫ਼ੈਸਲੇ ਵੀ ਮਾੜੇ ਸਲਾਹਕਾਰਾਂ ਦਾ ਨਤੀਜਾ ਲੱਗਦੇ ਹਨ। ਹੁਣ ਵੀ ਕੋਈ ਸਹੀ ਸਲਾਹ ਦੇਣ ਵਾਲਾ ਕੋਲ ਨਹੀਂ ਲੱਗਦਾ। ਬੱਸ ਮਿੱਤਰਾਂ ਨੇ ਫੂਕ ਈ ਛਕਾਈ ਲੱਗਦੀ ਹੈ।

ਅੰਬਰ ਦੀ ਵੀਡੀਓ ਬਹੁਤ ਸਰਲ ਹੈ ਲਗਾਤਾਰ ਟੂ ਦੀ ਪੁਆਇੰਟ ਬੋਲ ਰਹੀ ਹੈ। ਸਬੂਤ ਪਹਿਲਾਂ ਹੀ ਤਿਆਰ ਕਰਕੇ ਰੱਖੇ ਹੋਏ ਹਨ, ਪੁਆਇੰਟ ਟੂ ਪੁਆਇੰਟ ਗੱਲ ਕਰਦੀ ਹੈ, ਨਾਲ ਦੀ ਨਾਲ ਸਬੂਤ ਦਿਖਾਈ ਜਾਂਦੀ ਹੈ। ਕਿਤੇ-ਕਿਤੇ ਭਾਵੁਕ ਹੁੰਦੀ ਹੈ, ਪਰ ਪੁਆਇੰਟ ਤੋਂ ਇੱਧਰ-ਉੱਧਰ ਨਹੀਂ ਜਾਂਦੀ। ਨਾਲ ਹੀ ਦੱਸਦੀ ਜਾਂਦੀ ਹੈ ਕਿ ਗੱਲਾਂ ਹੋਰ ਵੀ ਹਨ, ਜੇ ਲੋੜ ਪਈ ਤਾਂ ਦੱਸ ਦੇਵੇਗੀ। ਫ਼ਿਲਹਾਲ ਨਹੀਂ ਕਰਨਾ ਚਾਹੁੰਦੀ। ਪਤਾ ਨਹੀਂ ਕਿਉਂ ਇਹ ਸਭ ਰਿਹਰਸਲ ਕੀਤਾ ਹੋਇਆ ਲੱਗਦਾ ਹੈ। ਜਿਵੇਂ ਵਕੀਲ ਦੱਸ ਦਿੰਦੇ ਨੇ ਕਿ ਅਦਾਲਤ 'ਚ ਕਿਵੇਂ ਬੋਲਣਾ ਹੈ। ਸ਼ਾਇਦ ਜਾਂ ਫ਼ਿਰ ਉਹ ਪਬਲਿਕ ਸਪੀਕਿੰਗ ਵਿਚ ਬਹੁਤ ਮਾਹਿਰ ਹੈ। ਅੰਦਰੋਂ ਟੁੱਟਿਆ ਹੋਇਆ ਬੰਦਾ ਇਸੇ ਕਲਾ ਨਾਲ ਇੰਨੀ ਸਪਾਟ ਬਿਆਨੀ ਕਰ ਸਕਦਾ ਹੈ।

ਅਫ਼ਸੋਸ ਦੀ ਗੱਲ ਇਹ ਹੈ ਕਿ ਕੁਝ ਦਕਿਆਨੂਸੀ ਸੋਚ ਵਾਲੇ ਬੰਦਿਆਂ ਨੇ ਅੰਬਰ ਬਾਰੇ ਮੰਦੀ ਸ਼ਬਦਾਵਲੀ ਵਰਤੀ ਹੈ। ਇਹ ਬਹੁਤ ਮਾੜੀ ਗੱਲ ਹੈ ਕਿਸੇ ਔਰਤ ਬਾਰੇ ਮੰਦੀ ਸ਼ਬਦਾਵਲੀ ਵਰਤਣਾ, ਉਸ ਦੀ ਕਿਰਦਾਰਕੁਸ਼ੀ ਕਰਨਾ, ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ, ਬਿਲਕੁਲ ਜਾਇਜ਼ ਨਹੀਂ ਹੈ। ਕਿਸੇ ਨੂੰ ਕੰਜਰ ਕਹਿਣਾ, ਭੇੜੀਆ ਕਹਿਣਾ, ਨਾਮਰਦ ਕਹਿਣਾ, ਤੇ ਨਾਮਰਗ ਕਹਿਣ ਲਈ ਗੇਅ ਸ਼ਬਦ ਨੂੰ ਗਾਲ੍ਹ ਵਾਂਗ ਵਰਤਣਾ ਵੀ ਜਾਇਜ਼ ਨਹੀਂ ਹੈ। ਸਗੋਂ ਇਸ ਗੱਲ 'ਤੇ ਗੇਅ ਸਮਾਜ ਨੂੰ ਵੀ ਸਵਾਲ ਕਰਨਾ ਚਾਹੀਦਾ ਹੈ, ਉਨ੍ਹਾਂ ਦੀ ਪਛਾਣ ਨੂੰ ਗਾਲ੍ਹ ਵਾਂਗ ਵਰਤਣ 'ਤੇ ਉਨ੍ਹਾਂ ਨੂੰ ਵੀ ਇਤਰਾਜ਼ ਹੋਣਾ ਚਾਹੀਦਾ ਹੈ। ਗੇਅ ਹੋਣਾ ਨਾਮਰਦ ਹੋਣਾ ਨਹੀਂ ਹੁੰਦਾ। 'ਗੇਅ' ਹੋਣਾ ਉਨ੍ਹਾਂ ਦੇ ਵਜੂਦ ਦਾ ਸਵਾਲ ਹੈ। ਅੱਜ ਕੱਲ੍ਹ 'ਵਜੂਦ' ਦੀ ਬਹੁਤ ਚਰਚਾ ਹੋ ਰਹੀ ਹੈ। ਕੁਝ ਲੋਕਾਂ ਨੂੰ ਇਤਰਾਜ਼ ਹੈ ਦਿਲਪ੍ਰੀਤ ਨੇ ਸਾਲਾ-ਸਾਲਾ ਕਹਿ ਕੇ ਗੱਲ ਕੀਤੀ ਹੈ। ਕਿਸੇ ਨੂੰ ਇਤਰਾਜ਼ ਹੈ ਕਿ ਦਿਲਪ੍ਰੀਤ ਨੇ ਕਿਹਾ 'ਜੱਟ ਦੀ ਪਸੰਦ ਹੈ, ਇੱਦਾਂ ਜਾਣ ਨਹੀਂ ਦੇਣਾ'। ਕਿਸੇ ਨੇ ਇਹ ਨੋਟਿਸ ਨਹੀਂ ਕੀਤਾ ਕਿ ਅੰਬਰ ਵੀ ਲਾਈਵ ਵਿਚ ਗਾਲ੍ਹਾਂ ਕੱਢ ਕੇ ਗੱਲ ਕੀਤੀ। ਲਾਈਵ ਦੌਰਾਨ ਕਾਲ ਕਰਨ ਵਾਲਿਆਂ ਨੂੰ ਵੀ ਗਾਲ੍ਹ ਕੱਢ ਰਹੀ ਹੈ। ਇਹ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ ਹੈ, ਪੰਜਾਬੀ ਗਾਲ੍ਹ ਤੋਂ ਬਿਨਾਂ ਗੱਲ ਕਰ ਹੀ ਨਹੀਂ ਸਕਦੇ। ਭਾਵੇਂ ਅਮਰੀਕਾ 'ਚ ਜੰਮੇ ਹੋਣ ਜਾਂ ਬਠਿੰਡੇ। ਜੇ ਇਸ ਵਿਚ ਪਿੱਤਰਕੀ ਸੱਤਾ ਦਾ ਦੋਸ਼ ਹੈ ਤਾਂ ਦੋਵਾਂ ਪਾਸੇ ਹੀ ਇਹ ਪਿੱਤਰਕੀ ਸੱਤਾ ਭਾਰੂ ਹੈ। ਇਸ ਮਾਮਲੇ ਵਿਚ ਦੋਵੇਂ ਹੀ ਸਮਾਜਿਕ-ਸਭਿਆਚਾਰਕ ਤੌਰ 'ਤੇ ਪੀੜਿਤ ਹਨ। ਦੋਵਾਂ ਨੂੰ ਹੀ ਕਾਊਂਸਲਿੰਗ ਦੀ ਜ਼ਰੂਰਤ ਹੈ।

ਦੁੱਖ ਵਾਲੀ ਗੱਲ ਹੈ ਕਿ ਇਸ ਭੱਦੀ ਸ਼ਬਦਾਵਲੀ ਨੇ ਅੰਬਰ ਨੂੰ ਠੇਸ ਪਹੁੰਚਾਈ ਹੈ, ਕਹਿੰਦੇ ਨੇ ਅੰਬਰ ਨੇ 'ਪਰੇਸ਼ਾਨ' ਹੋ ਕੇ ਵੀਡੀਓ ਡਿਲੀਟ ਕਰ ਦਿੱਤੀ ਹੈ। ਕਿਹਾ ਜਾ ਰਿਹਾ ਹੈ ਇਸ ਨਾਲ 'ਔਰਤ' ਦੀ ਆਵਾਜ਼ 'ਦੱਬ' ਗਈ  ਹੈ। ਇਹ ਨਹੀਂ ਹੋਣਾ ਚਾਹੀਦਾ ਉਸ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ। ਉਂਝ ਅਦਾਲਤ ਇਹ ਮੌਕਾ ਜ਼ਰੂਰ ਦੇਵੇਗੀ, ਆਵਾਜ਼ ਦੱਬਣ ਨਹੀਂ ਦੇਵੇਗੀ, ਉਸ ਦੇ ਵਕੀਲ ਦੱਬਣ ਵੀ ਨਹੀਂ ਦੇਣਗੇ। ਉਨ੍ਹਾਂ ਨੇ ਬਹੁਤ ਬੰਦੇ ਸਿੱਧੇ ਕੀਤੇ ਹਨ। ਹੋ ਤਾਂ ਇਹ ਵੀ ਸਕਦਾ ਹੈ ਕਿ ਇਹ ਸਲਾਹ ਕਿਸੇ ਕਾਨੂੰਨ ਮਾਹਿਰ ਦੀ ਜਾਂ ਪਰਿਵਾਰ ਦੀ ਹੀ ਹੋਵੇ ਕਿ ਵੀਡਿਉ ਵਿਚ ਅੰਬਰ ਦੀ ਕਹੀਆਂ ਗੱਲਾਂ ਕੇਸ ਨੂੰ ਕਮਜ਼ੋਰ ਵੀ ਕਰ ਸਕਦੀਆਂ ਨੇ ਕਿਉਂਕਿ ਅੰਬਰ ਨੇ ਕਿਹਾ ਹੈ ਕਿ ਕੁੱਟ-ਮਾਰ ਉਸ ਨੂੰ ਮੰਜ਼ੂਰ ਸੀ, ਵਿਆਹ ਰਜਿਸਟਰ ਨਹੀਂ ਸੀ। ਸੋ, ਉਨ੍ਹਾਂ ਨੇ ਵੀਡੀਓ ਡਿਲੀਟ ਕਰਵਾ ਦਿੱਤੀ ਹੋਵੇ। ਇਹ ਸਿਰਫ਼ ਸੰਭਾਵਨਾ ਹੈ, ਹੋ ਸਕਦਾ ਹੈ ਅੰਬਰ ਸੱਚੀਂ ਬਹੁਤ ਪਰੇਸ਼ਾਨ ਹੋ ਗਈ ਹੋਵੇ ਪਰ ਕੀ ਉਹ ਵੀਡੀਓ ਡਿਲੀਟ ਕਰਨ ਨਾਲ ਉਸ ਦੀ ਪਰੇਸ਼ਾਨੀ ਦਾ ਹੱਲ ਹੋ ਜਾਵੇਗਾ? ਉਸ ਦਾ ਡੀ. ਐਮ, ਇੰਸਟਰਾਗ੍ਰਾਮ ਅੱਜ ਵੀ ਖੁੱਲ੍ਹੇ ਹਨ। ਉਨ੍ਹਾਂ ਦੀ ਟੀਮ ਪੂਰੇ ਜੋਸ਼-ਸ਼ੋਰ ਨਾਲ ਸੋਸ਼ਲ ਮੀਡੀਆ ਟਰਾਇਲ ਚਲਾ ਰਹੀ ਹੈ, ਜ਼ਾਹਿਰ ਹੈ ਧਿਰਾਂ ਵਿਚ ਵੰਡੀ ਜਾ ਚੁੱਕੀ ਸੋਸ਼ਲ ਮੀਡੀਆ ਦੀ ਭੀੜ ਉਸ 'ਤੇ ਰਿਐਕਟ ਕਰੇਗੀ ਹੀ। ਉਂਝ ਵੀ ਅੰਬਰ ਨੇ ਉਸ ਲਾਈਵ ਰਾਹੀਂ ਜੋ ਕਰਨਾ ਸੀ ਕਰ ਦਿੱਤਾ ਹੈ। ਉਸ ਦੇ ਲਾਈਵ ਆਉਣ ਦੀ ਜਾਣਕਾਰੀ ਮੀਡੀਆ ਵਿਚ ਪਹਿਲਾਂ ਹੀ ਸੀ, ਸਭ ਨੇ ਉਸ ਦਾ ਲਾਈਵ ਅਗਾਂਹ ਆਪਣੇ-ਆਪਣੇ ਪਲੇਟਫ਼ਾਰਮਾਂ 'ਤੇ ਲਾਈਵ ਕੀਤਾ ਹੈ। ਹੁਣ ਵੀ ਇਹ ਵੀਡੀਓ ਲਗਪਗ ਹਰ ਮੀਡੀਆ ਚੈਨਲ/ਵੈਬਸਾਈਟ 'ਤੇ ਪਈ ਹੈ।

ਦਿਲਪ੍ਰੀਤ ਦੀ ਲਾਈਵ ਨਾਲ ਵੀ ਇਹੋ ਕੁਝ ਹੋਇਆ ਸੀ। ਦੋਵੇਂ ਧਿਰਾਂ ਦਾ ਇਸਤੇਮਾਲ ਹਰ ਕੋਈ ਆਪਣੀ ਲੋੜ ਮੁਤਾਬਿਕ ਚੰਗੀ ਤਰ੍ਹਾਂ ਕਰ ਰਿਹਾ ਹੈ। ਸਿਆਸੀ-ਸਮਾਜਿਕ ਰਣਨੀਤਿਕਾਰ, ਮੀਡੀਆ, ਆਮ ਲੋਕ ਸਾਰੇ ਪਰ ਇਸ ਸਾਰੇ ਵਿਚ ਇਸ ਸੋਸ਼ਲ ਮੀਡੀਆ ਟਰਾਇਲ ਦਾ ਮਕਸਦ ਸਪੱਸ਼ਟ ਨਹੀਂ ਹੋ ਰਿਹਾ। ਕੋਈ ਵੀ ਸੋਸ਼ਲ ਮੀਡੀਆ ਕੈਂਪੇਨ ਚੱਲਦਾ ਹੈ ਤਾਂ ਉਸ ਪਿੱਛੇ ਮਕਸਦ ਸਪੱਸ਼ਟ ਹੁੰਦਾ ਹੈ, ਉਸ ਦੀ ਇਕ ਮਿੱਥੀ ਮਿਆਦ ਹੁੰਦੀ ਹੈ। 'ਮੀਟੂ ਕੈਂਪੇਨ' ਦਾ ਮਕਸਦ ਸਪੱਸ਼ਟ ਸੀ। ਪੰਜਾਬ ਵਿਚ ਚੱਲੇ  'ਚਿੱਟੇ ਖ਼ਿਲਾਫ਼ ਕਾਲੇ ਹਫ਼ਤੇ' ਦੀ ਮਿਆਦ 'ਤੇ ਮਕਸਦ ਪਹਿਲਾਂ ਹੀ ਪਤਾ ਸੀ। ਅਮਰੀਕਾ ਵਿਚ ਇਕ ਅਫ਼ਰੀਕੀ ਵਿਅਕਤੀ ਦੇ ਕਤਲ ਖ਼ਿਲਾਫ਼ ਚੱਲ ਰਹੇ ਕੈਂਪੇਨ ਦਾ ਮਕਸਦ ਸਪੱਸ਼ਟ ਸੀ। ਅੰਬਰ-ਦਿਲਪ੍ਰੀਤ ਵਿਵਾਦ ਦੇ ਕੈਂਪੇਨ ਦਾ ਮਕਸਦ ਨਹੀਂ ਪਤਾ ਚੱਲ ਰਿਹਾ। ਕੀ ਇਸ ਦਾ ਮਕਸਦ ਦਿਲਪ੍ਰੀਤ ਦੀਆਂ ਕਰਤੂਤਾਂ ਦਾ ਪਰਦਾ ਚੱਕਣਾ ਸੀ? ਉਹ ਤਾਂ ਚੁੱਕਿਆ ਗਿਆ, ਮਕਸਦ ਪੂਰਾ ਹੋ ਗਿਆ। ਕੀ ਇਹ ਦੱਸਣਾ ਸੀ ਕਿ ਅੰਬਰ ਨੇ ਰਿਸ਼ਤਾ ਤੋੜ ਲਿਆ ਅਤੇ ਉਸ ਦੇ ਕੀ ਕਾਰਨ ਸਨ? ਉਹ ਵੀ ਦੱਸਿਆ ਗਿਆ। ਕੀ ਬਾਕੀ ਕੁੜੀਆਂ ਨੂੰ ਸੁਚੇਤ ਕਰਨਾ ਸੀ ਕਿ ਦਿਲਪ੍ਰੀਤ ਭਰੋਸੇ ਲਾਈਕ ਨਹੀਂ ਹੈ? ਉਹ ਵੀ ਕੀਤਾ ਹੀ ਜਾ ਚੁੱਕਾ ਹੈ।

ਹੁਣ ਇਸ ਕੈਂਪੇਨ ਦਾ ਟੀਚਾ ਕੀ ਹੈ?
ਮੈਂ ਫ਼ੇਰ ਪੁੱਛ ਰਿਹਾ ਹਾਂ ਮਾਮਲਾ ਅਦਾਲਤ ਵਿਚ ਹੈ ਤਾਂ ਇਸ ਵੇਲੇ ਸੋਸ਼ਲ ਮੀਡੀਆ ਟਰਾਇਲ ਦਾ ਮਕਸਦ ਕੀ ਹੈ? ਇਹ ਕੈਂਪੇਨ ਕਦੋਂ ਤੱਕ ਚੱਲੇਗਾ? ਇਸ ਵੇਲੇ ਜਿਹੜੇ ਵੀ ਲੋਕ ਕਿਸੇ ਵੀ ਧਿਰ ਵੱਲ ਭੁਗਤ ਰਹੇ ਹਨ, ਉਹ ਇਸ ਪਿੱਛੇ ਚੱਲ ਰਹੀਆਂ ਰਣਨੀਤਿਕ ਖ਼ਾਨਜੰਗੀਆਂ ਦਾ ਬਾਲਣ ਬਣ ਰਹੇ ਹਨ। ਖ਼ਾਸ ਵਿਚਾਰਧਾਰਕ ਧਿਰਾਂ ਨੇ ਆਪਣੀ ਸਿਆਸੀ-ਸਮਾਜੀ ਮਨੋਰਥਾਂ ਲਈ ਇਸ ਨੂੰ ਹਾਈਜੈਕ ਕਰ ਲਿਆ ਹੈ।

ਉਥੇ ਇੰਡਸਟਰੀ ਦੀ ਚੁੱਪ ਕੋਈ ਅੰਬਰ ਦੇ ਵਿਰੋਧ ਜਾਂ ਦਿਲਪ੍ਰੀਤ ਦੇ ਹੱਕ ਵਿਚ ਨਹੀਂ ਹੈ। ਇਹ ਇੰਡਸਟਰੀ ਮੁੱਢ ਤੋਂ ਇੱਦਾਂ ਹੀ ਰਹੀ ਹੈ। ਇਸ ਚੁੱਪ ਵਿਚ ਇਹ ਗੂੰਜ ਸਾਫ਼ ਸੁਣਾਈ ਦੇ ਰਹੀ ਆ ਕਿ ਸਾਲਾ ਵੱਡਾ ਵੈਲੀ ਬਣਦਾ ਸੀ, ਲੱਗ ਗਿਆ ਖੂੰਜੇ। ਨਾਲੇ ਇਸ ਹਮਾਮ ਵਿਚ ਸਭ ਨੰਗੇ ਨੇ, ਜਿਹੜਾ ਬੋਲੂਗਾ, ਉਹਦਾ ਹੀ ਚੱਪਣ ਚੱਕਿਆ ਜਾਣਾ ਹੈ। ਸੋ, ਸਭ ਚੁੱਪ ਨੇ। ਆਪਾਂ ਨੂੰ ਨਹੀਂ ਪਤਾ ਕਿਸ ਦਾ ਕਿੰਨਾ ਕਸੂਰ ਹੈ, ਇਨ੍ਹਾਂ ਸਪੱਸ਼ਟ ਹੈ ਕਿ ਪੀੜਤ ਦੋਵੇਂ ਹੀ ਹਨ। ਫ਼ੈਸਲਾ ਅਦਾਲਤ ਨੇ ਦੇਣਾ ਹੈ। ਕਦੇ ਪਰਿਵਾਰ ਕੋਰਟ ਵਿਚ ਜਾਉ ਅਜਿਹੇ ਲੱਖਾਂ ਕੇਸ ਮਿਲਣਗੇ, ਜਿਨ੍ਹਾਂ ਨੇ ਅਗਲੇ ਵੀਹ ਸਾਲਾਂ ਤੱਕ ਚੱਲਣਾ ਹੈ। ਕਿਸੇ ਨੇ ਉਨ੍ਹਾਂ ਦੀ 'ਵਾਤ ਨਹੀਂ ਪੁੱਛਣੀ। ਭਾਵੁਕ ਲੋਕ ਇਸ ਤੋਂ ਜਿੰਨਾਂ ਬਚ ਸਕਦੇ ਹਨ, ਉਨੀ ਹੀ ਭਲਾਈ ਹੈ।

ਦੀਪ ਜਗਦੀਪ ਸਿੰਘ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News