Video : ਗੈਂਗਸਟਰ ਦਿਲਪ੍ਰੀਤ ਨੂੰ ਪਨਾਹ ਦੇਣ ਵਾਲੀਆਂ ਦੋਵੇਂ ਭੈਣਾਂ ਗ੍ਰਿਫਤਾਰ, ਪੰਜ ਦਿਨਾਂ ਦੇ ਪੁਲਸ ਰਿਮਾਂਡ 'ਤੇ

7/11/2018 12:49:25 PM

ਮੋਹਾਲੀ(ਕੁਲਦੀਪ) — ਪੁਲਸ ਵਿਭਾਗ ਵਲੋਂ ਗਠਿਤ ਕੀਤੇ ਗਏ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅਤੇ ਜਲੰਧਰ ਪੁਲਸ ਦੇ ਸਾਂਝੇ ਯਤਨਾਂ ਸਦਕਾ ਬੀਤੇ ਦਿਨੀਂ ਚੰਡੀਗੜ੍ਹ 'ਚ ਮੁਕਾਬਲੇ ਦੌਰਾਨ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਪਨਾਹ ਦੇਣ ਵਾਲੀਆਂ ਦੋਵੇਂ ਭੈਣਾਂ ਰੁਪਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੂੰ ਗ੍ਰਿਫਤਾਰ ਕਰਕੇ ਅੱਜ ਮੋਹਾਲੀ ਵਿਖੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੁਲਸ ਨੇ ਅਦਾਲਤ ਕੋਲੋਂ ਦੋਵਾਂ ਦੇ ਪੰਜ ਦਿਨਾਂ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ, ਜਿਸ 'ਤੇ ਮਾਣਯੋਗ ਅਦਾਲਤ ਨੇ ਦੋਵਾਂ ਨੂੰ ਪੰਜ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਡੀ. ਐੱਸ. ਪੀ. ਤੇਜਿੰਦਰ ਸਿੰਘ ਸੰਧੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਦਾਲਤ 'ਚ ਦੋਵਾਂ ਨੂੰ ਪੇਸ਼ ਕਰਨ ਮੌਕੇ ਪੁਲਸ ਵਲੋਂ ਕੇਸ ਪ੍ਰਾਪਰਟੀ ਅਸਲਾ, ਨਸ਼ੇ ਵਾਲੇ ਪਦਾਰਥ ਤੇ ਹੋਰ ਸਮੱਗਰੀ ਵੀ ਅਦਾਲਤ 'ਚ ਪੇਸ਼ ਕੀਤੀ ਗਈ।

ਪੁਲਸ ਨੇ ਅਦਾਲਤ 'ਚ ਰਿਮਾਂਡ ਲੈਣ ਲਈ ਦਲੀਲ ਦਿੱਤੀ ਕਿ ਉਕਤ ਦੋਵੇਂ ਔਰਤਾਂ ਆਪਸ 'ਚ ਭੈਣਾਂ ਹਨ। ਦੋਵਾਂ 'ਚੋਂ ਇਕ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਦੂਸਰੀ ਦਾ ਪਤੀ ਉਸ ਨਾਲ ਨਹੀਂ ਰਹਿ ਰਿਹਾ ਹੈ।  ਗੈਂਗਸਟਰ ਦਿਲਪ੍ਰੀਤ ਢਾਹਾਂ ਨੂੰ ਇਹ ਦੋਵੇਂ ਭੈਣਾਂ ਆਪਣੇ ਕੋਲ ਪਨਾਹ ਦਿੰਦੀਆਂ ਸਨ। ਦਿਲਪੀ੍ਰਤ ਆਪਣੇ ਹਥਿਆਰ ਅਤੇ ਗੋਲੀ ਸਿੱਕਾ, ਹੈਰੋਇਨ ਤੇ ਹੋਰ ਨਸ਼ੇ ਵਾਲੇ ਪਦਾਰਥ ਆਦਿ ਇਨ੍ਹਾਂ ਦੇ ਘਰਾਂ ਦੇ 'ਚ ਹੀ ਰੱਖ ਕੇ ਆਪਣਾ ਨੈੱਟਵਰਕ ਚਲਾ ਰਿਹਾ ਸੀ। ਪੁਲਸ ਇਨ੍ਹਾਂ ਦੋਵਾਂ ਕੋਲੋਂ ਪਤਾ ਲਾਉਣਾ ਚਾਹੁੰਦੀ ਹੈ ਕਿ ਇਨ੍ਹਾਂ ਦੇ ਹੋਰ ਕਿਹੜੇ-ਕਿਹੜੇ ਗੈਂਗਸਟਰਾਂ ਨਾਲ ਸਬੰਧ ਸਨ ਜਾਂ ਨਸ਼ਾ ਅਤੇ ਹਥਿਆਰ ਸਪਲਾਈ ਕਰਨ 'ਚ ਇਨ੍ਹਾਂ ਦੀ ਕੀ ਭੂਮਿਕਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News