ਬੇਰੁਜ਼ਗਾਰੀ ਦੇ ਮੁੱਦੇ ਨੂੰ ਚੁੱਕੇਗੀ ਫਿਲਮ ‘ਦੋ ਦੂਣੀ ਪੰਜ’

1/11/2019 9:16:09 AM

ਪੰਜਾਬੀ ਫਿਲਮ ‘ਦੋ ਦੂਣੀ ਪੰਜ’ ਅੱਜ ਰਿਲੀਜ਼ ਹੋ ਰਹੀ ਹੈ। ਫਿਲਮ ’ਚ ਅੰਮ੍ਰਿਤ ਮਾਨ ਤੇ ਈਸ਼ਾ ਰਿਖੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਬਾਦਸ਼ਾਹ ਨੇ ਪ੍ਰੋਡਿਊਸ ਕੀਤੀ ਹੈ, ਜਿਸ ਨੂੰ ਅੱਪਰਾ ਫਿਲਮਜ਼ ਦੇ ਬੈਨਰ ਹੇਠ ਬਣਾਇਆ ਗਿਆ ਹੈ। ਫਿਲਮ ਨੂੰ ਲੈ ਕੇ ਅੰਮ੍ਰਿਤ ਮਾਨ ਤੇ ਬਾਦਸ਼ਾਹ ਨੇ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਨਾਲ ਖਾਸ ਮੁਲਾਕਾਤ ਕੀਤੀ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼–

‘ਦੋ ਦੂਣੀ ਪੰਜ’ ਫਿਲਮ ਬਣਾਉਣ ਪਿੱਛੇ ਵਜ੍ਹਾ ਕੀ ਸੀ?
ਬਾਦਸ਼ਾਹ : ਅੱਜਕਲ ਦੇ ਹਾਲਾਤ ਦੇਖਦਿਆਂ ਮੈਨੂੰ ਇਹ ਫਿਲਮ ਬਣਾਉਣੀ ਜ਼ਰੂਰੀ ਲੱਗੀ। ਇਕ ਵੱਖਰਾ ਸਿਨੇਮਾ ਇਸ ਫਿਲਮ ’ਚ ਦਿਖਾਇਆ ਗਿਆ ਹੈ, ਜੋ ਅੱਜ ਦੇ ਨੌਜਵਾਨਾਂ ਦੇ ਨਾਲ-ਨਾਲ ਸਾਡੀ ਪੰਜਾਬੀ ਫਿਲਮ ਇੰਡਸਟਰੀ ਲਈ ਵੀ ਜ਼ਰੂਰੀ ਸੀ ਕਿਉਂਕਿ ਜਦੋਂ ਅਸੀਂ ਨਵੇਂ ਤਜਰਬੇ ਕਰਦੇ ਹਾਂ ਤਾਂ ਹੋਰ ਵੀ ਨਵੇਂ ਮੌਕੇ ਪੈਦਾ ਹੁੰਦੇ ਹਨ। ਇਸ ਫਿਲਮ ’ਚ ਅਜਿਹਾ ਮੁੱਦਾ ਦਿਖਾਇਆ ਗਿਆ ਹੈ, ਜੋ ਬੇਰੁਜ਼ਗਾਰੀ ਦੀ ਗੱਲ ਕਰ ਰਿਹਾ ਹੈ ਤੇ ਬੇਰੁਜ਼ਗਾਰੀ ਸਿਰਫ ਸਾਡੇ ਪੰਜਾਬ ’ਚ ਹੀ ਨਹੀਂ, ਸਗੋਂ ਭਾਰਤ ’ਚ ਤੇਜ਼ੀ ਨਾਲ ਵੱਧ ਰਹੀ ਹੈ। ਮੁੱਦਿਆਂ ਦੇ ਨਾਲ ਫਿਲਮ ਮਨੋਰੰਜਨ ਵੀ ਕਰੇਗੀ ਤੇ ਕੁਝ ਹਲਕੇ-ਫੁਲਕੇ ਸਵਾਲ ਸਿਸਟਮ ਨੂੰ ਕੀਤੇ ਗਏ ਹਨ, ਜਿਨ੍ਹਾਂ ਦੇ ਜਵਾਬ ਤੁਸੀਂ ਸਿਨੇਮਾਘਰਾਂ ’ਚ ਜਾ ਕੇ ਪਤਾ ਕਰੋਗੇ।

ਕੀ ਤੁਸੀਂ ਸਮਾਜਿਕ ਮੁੱਦਿਆਂ ’ਤੇ ਬਣੀਆਂ ਫਿਲਮਾਂ ਹੀ ਕਰਨਾ ਪਸੰਦ ਕਰਦੇ ਹੋ?
ਅੰਮ੍ਰਿਤ ਮਾਨ : ਮੈਨੂੰ ਕਾਮੇਡੀ ਫਿਲਮਾਂ ਵੀ ਆਫਰ ਹੋਈਆਂ ਹਨ। ਹਾਲਾਂਕਿ ‘ਦੋ ਦੂਣੀ ਪੰਜ’ ਫਿਲਮ ’ਚ ਵੀ ਕਾਮੇਡੀ ਹੈ। ਕਾਮੇਡੀ ਦੇ ਨਾਲ ਜਦੋਂ ਮੈਸੇਜ ਵੀ ਹੁੰਦਾ ਹੈ ਤਾਂ ਉਹ ਚੀਜ਼ ਮੈਨੂੰ ਜ਼ਿਆਦਾ ਪਸੰਦ ਆਉਂਦੀ ਹੈ। ਮੇਰਾ ਇਹ ਮੰਨਣਾ ਹੈ ਕਿ ਕਾਮੇਡੀ ਫਿਲਮਾਂ ਸਿਰਫ ਨੌਜਵਾਨਾਂ ਨੂੰ ਖਿੱਚਦੀਆਂ ਹਨ ਤੇ ਜੇਕਰ ਫਿਲਮ ਰਾਹੀਂ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਉਹ ਫਿਲਮ ਪਰਿਵਾਰਕ ਬਣ ਜਾਂਦੀ ਹੈ ਤੇ ਪੂਰੀ ਫੈਮਿਲੀ ਫਿਲਮ ਦਾ ਆਨੰਦ ਮਾਣਦੀ ਹੈ। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਗੀਤਾਂ ਦੇ ਨਾਲ-ਨਾਲ ਹੁਣ ਫਿਲਮਾਂ ’ਚ ਵੀ ਕੁਝ ਵੱਖਰਾ ਕੀਤਾ ਜਾਵੇ।

‘ਦੋ ਦੂਣੀ ਚਾਰ’ ਤਾਂ ਹੁੰਦਾ ਹੈ ਪਰ ‘ਦੋ ਦੂਣੀ ਪੰਜ’ ਕਿਵੇਂ ਹੋ ਗਿਆ?
ਬਾਦਸ਼ਾਹ : ਦੋ ਦੂਣੀ ਚਾਰ ਤਾਂ ਸਾਰਿਆਂ ਨੂੰ ਪਤਾ ਹੈ ਕਿ ਹੁੰਦਾ ਹੈ ਪਰ ਜਦੋਂ ਤੁਸੀਂ ਪ੍ਰੈਕਟੀਕਲ ਦੁਨੀਆ ’ਚ ਜਾਂਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਦੋ ਦੂਣੀ ਪੰਜ, ਛੇ ਤੇ ਸੱਤ ਵੀ ਹੋ ਸਕਦੇ ਹਨ। ਅਸਲ ’ਚ ਜਿਹੜੀ ਪੜ੍ਹਾਈ ਅਸੀਂ ਸਕੂਲ ਦੇ ਅੰਦਰ ਕਰਦੇ ਹਾਂ, ਉਹ ਸਕੂਲ ਦੇ ਬਾਹਰ ਦੀ ਦੁਨੀਆ ’ਚ ਜਾ ਕੇ ਬਹੁਤ ਘੱਟ ਕੰਮ ਆਉਂਦੀ ਹੈ। ਪ੍ਰੈਕਟੀਕਲ ਦੁਨੀਆ ਸਕੂਲ ਦੀ ਦੁਨੀਆ ਤੋਂ ਬਿਲਕੁਲ ਅਲੱਗ ਹੈ। ਮੈਨੂੰ ਅਜਿਹਾ ਲੱਗਦਾ ਹੈ ਕਿ ਸਿਸਟਮ ਨੂੰ ਬਦਲਣ ਦੀ ਲੋੜ ਹੈ ਤੇ ਕੁਝ ਅਜਿਹਾ ਕਰਨਾ ਚਾਹੀਦਾ ਹੈ, ਜਿਸ ਨਾਲ ਪ੍ਰੈਕਟੀਕਲ ਦੁਨੀਆ ਨੂੰ ਸਕੂਲ ਅੰਦਰ ਹੀ ਜਾਣਨ ਦਾ ਮੌਕਾ ਮਿਲ ਸਕੇ।

ਕੀ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਤੁਸੀਂ ਸੰਤੁਸ਼ਟ ਹੋ?
ਬਾਦਸ਼ਾਹ : ਮੈਨੂੰ ਹਮੇਸ਼ਾ ਬਦਲਾਅ ਪਸੰਦ ਹੈ। ਸਭ ਕੁਝ ਵਧੀਆ ਪੜ੍ਹਾਇਆ ਜਾ ਰਿਹਾ ਹੈ ਪਰ ਇਸ ਤੋਂ ਇਲਾਵਾ ਵੀ ਕੁਝ ਜ਼ਰੂਰੀ ਚੀਜ਼ਾਂ ਹਨ, ਜਿਨ੍ਹਾਂ ਦੀ ਜਾਣਕਾਰੀ ਬੱਚਿਆਂ ਨੂੰ ਦੇਣੀ ਬਹੁਤ ਜ਼ਰੂਰੀ ਹੈ। ਮਿਸਾਲ ਦੇ ਤੌਰ ’ਤੇ ਕੁਝ ਨਾ ਕੁਝ ਕਰੈਕਟਰ ਬਿਲਡਿੰਗ (ਚਰਿੱਤਰ ਨਿਰਮਾਣ) ਨੂੰ ਲੈ ਕੇ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਬਾਹਰ ਜਾਂਦੇ ਹੋ ਭਾਵੇਂ ਜਵਾਬ ਤੁਹਾਨੂੰ ਪਤਾ ਹੋਵੇਗਾ ਪਰ ਇਹ ਨਹੀਂ ਪਤਾ ਹੁੰਦਾ ਕਿ ਬਿਆਨ ਕਿਵੇਂ ਕਰਨਾ ਹੈ ਜਾਂ ਜਵਾਬ ਕਿਵੇਂ ਦੇਣਾ ਹੈ।

ਅੰਮ੍ਰਿਤ ਮਾਨ : ਜੇ ਕਿਸੇ ਨੇ ਪੀ. ਐੱਚ. ਡੀ. ਕੀਤੀ ਹੈ ਤਾਂ ਸਰਕਾਰ ਦਾ ਅਜਿਹਾ ਨਿਯਮ ਹੋਣਾ ਚਾਹੀਦਾ ਹੈ, ਜਿਸ ’ਚ ਇਕ ਪੱਧਰ ਤੈਅ ਕੀਤਾ ਜਾਵੇ ਕਿ ਇੰਨੀਆਂ ਨੌਕਰੀਆਂ ਘੱਟੋ-ਘੱਟ ਉਕਤ ਪੜ੍ਹਾਈ ਕਰਨ ਵਾਲਿਆਂ ਲਈ ਹਨ। ਫੀਸਾਂ ਦਿਨੋ-ਦਿਨ ਵੱਧ ਰਹੀਆਂ ਹਨ, ਹਾਲਾਂਕਿ ਮੈਨੂੰ ਇਸ ਤੋਂ ਕੋਈ ਸਮੱਸਿਆ ਨਹੀਂ ਪਰ ਮੌਕੇ ਘੱਟ ਰਹੇ ਹਨ ਤੇ ਜਦੋਂ ਨੌਕਰੀਆਂ ਲੱਗਦੀਆਂ ਹਨ ਤਾਂ ਪੇ-ਸਕੇਲ ’ਚ ਸੁਧਾਰ ਹੋਣਾ ਚਾਹੀਦਾ ਹੈ।

ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ’ਚ ਐਜੂਕੇਸ਼ਨ ਸਿਸਟਮ ਬਿਜ਼ਨੈੱਸ ਬਣ ਗਿਆ ਹੈ?
ਅੰਮ੍ਰਿਤ ਮਾਨ : ਹਰ ਕੋਈ ਪੈਸੇ ਲਈ ਕੰਮ ਕਰਦਾ ਹੈ। ਅਸੀਂ ਵੀ ਸ਼ੋਅ ਕਰਦੇ ਹਾਂ ਤੇ ਪੈਸੇ ਕਮਾਉਂਦੇ ਹਾਂ ਪਰ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਜਿੰਨੇ ਪੈਸੇ ਅਸੀਂ ਮੰਗ ਰਹੇ ਹਾਂ, ਉਸ ਹਿਸਾਬ ਨਾਲ ਆਪਣੇ ਵਲੋਂ ਕੰਮ ਕਰ ਰਹੇ ਹਾਂ ਜਾਂ ਨਹੀਂ। ਐਜੂਕੇਸ਼ਨ ਜੇਕਰ ਮਹਿੰਗੀ ਹੋ ਰਹੀ ਹੈ ਤਾਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਉਸ ਹਿਸਾਬ ਨਾਲ ਸਿਖਾਇਆ ਜਾ ਰਿਹਾ ਹੈ ਜਾਂ ਨਹੀਂ।

ਫਿਲਮ ਦੇ ਕਿਰਦਾਰ ਨੂੰ ਅਸਲ ਜ਼ਿੰਦਗੀ ਦੇ ਕਿੰਨਾ ਨਜ਼ਦੀਕ ਸਮਝਦੇ ਹੋ?
ਅੰਮ੍ਰਿਤ ਮਾਨ : ਮੈਂ ਜੇਕਰ ਆਰਟਿਸਟ ਨਾ ਹੁੰਦਾ ਤਾਂ ਕੋਈ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਕਰ ਰਿਹਾ ਹੁੰਦਾ। ਗਾਇਕੀ ਮੇਰਾ ਸ਼ੌਕ ਸੀ ਪਰ ਸ਼ੌਕ ਦੇ ਨਾਲ-ਨਾਲ ਮੈਂ ਪੜ੍ਹਾਈ ਵੀ ਕੀਤੀ ਤੇ ਇੰਜੀਨੀਅਰਿੰਗ ਕੀਤੀ। ਜੇ ਮੈਂ ਗਾਇਕੀ ਤੇ ਅਦਾਕਾਰੀ ਵੱਲ ਨਾ ਆਉਂਦਾ ਤਾਂ ਬਿਲਕੁਲ ਮੈਂ ‘ਜੱਗੇ’ ਵਾਂਗ ਸੋਚ ਰਿਹਾ ਹੁੰਦਾ, ਜੋ ਇਸ ਫਿਲਮ ’ਚ ਮੈਂ ਕਿਰਦਾਰ ਨਿਭਾਅ ਰਿਹਾ ਹਾਂ।

ਤੁਹਾਡੀ ਬੇਟੀ ਦਾ ਜਨਮ ਦਿਨ 10 ਜਨਵਰੀ ਨੂੰ ਹੁੰਦਾ ਹੈ। ਕੀ ਇਸ ਵਾਰ ਇਹ ਫਿਲਮ ਉਸ ਲਈ ਜਨਮ ਦਿਨ ਦਾ ਤੋਹਫਾ ਹੈ?
ਬਾਦਸ਼ਾਹ : ਜੀ ਬਿਲਕੁਲ ਅੱਜ ਮੇਰੀ ਬੇਟੀ ਜੈਸੇਮੀ ਦਾ ਜਨਮ ਦਿਨ ਹੈ ਤੇ ਮੈਂ ਉਸ ਨੂੰ ਤੋਹਫਾ ਦੇਣ ਲਈ ਹੀ ਫਿਲਮ ਦੀ ਰਿਲੀਜ਼ ਡੇਟ ਇਹ ਰੱਖੀ ਹੈ। ਅੱਜ ਉਹ ਦੋ ਸਾਲਾਂ ਦੀ ਹੋ ਗਈ ਹੈ ਤੇ ਉਮੀਦ ਕਰਦਾ ਹਾਂ ਕਿ ਉਸ ਲਈ ਬਣਾਇਆ ਇਹ ਤੋਹਫਾ ਲੋਕਾਂ ਨੂੰ ਪਸੰਦ ਆਵੇਗਾ।

ਬਾਦਸ਼ਾਹ ਤੁਸੀਂ ਐਕਟਿੰਗ ਕਦੋਂ ਕਰੋਗੇ?
ਬਾਦਸ਼ਾਹ : ਮੈਂ ਐਕਟਿੰਗ ਕਰ ਰਿਹਾ ਹਾਂ। ਇਸ ਸਾਲ ਉਮੀਦ ਹੈ ਕਿ ਮੇਰਾ ਡੈਬਿਊ ਹੋ ਜਾਵੇ। ਮੈਂ ਇਕ ਫਿਲਮ ਸਾਈਨ ਕੀਤੀ ਹੈ, ਜਿਸ ਦੀ ਸ਼ੂਟਿੰਗ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ।

‘ਬਹੁਤ ਸਵਾਲ ਤੇ ਮੈਸੇਜ ਆਉਂਦੇ ਸਨ ਕਿ ਵੱਖਰਾ ਕੀ ਕਰ ਰਹੇ ਹੋ। ਸੋ ਅਸੀਂ ਹਿੱਕ ਠੋਕ ਕੇ ਕਹਿ ਸਕਦੇ ਹਾਂ ਕਿ ਅਸੀਂ ਕੁਝ ਵੱਖਰਾ ਕੀਤਾ ਹੈ। ‘ਦੋ ਦੂਣੀ ਪੰਜ’ ਪੈਸਾ ਵਸੂਲ ਫਿਲਮ ਹੈ ਤੇ ਦੇਖ ਕੇ ਜ਼ਰੂਰ ਦੱਸਿਓ ਕਿ ਕਿਵੇਂ ਦੀ ਲੱਗੀ। ਮੈਂ ਹਮੇਸ਼ਾ ਫੀਡ ਬੈਕ ਤੇ ਲੋਕਾਂ ਦੀ ਰਾਇ ਨੂੰ ਤਰਜੀਹ ਦਿੰਦਾ ਹਾਂ।’ —ਅੰਮ੍ਰਿਤ ਮਾਨ

ਅਸੀਂ ਪਹਿਲਾਂ ‘ਅਰਦਾਸ’ ਫਿਲਮ ਬਣਾਈ ਸੀ, ਉਸ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਹੁਣ ‘ਦੋ ਦੂਣੀ ਪੰਜ’ ਨਾਲ ਇਕ ਵਾਰ ਫਿਰ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਜ਼ਰੂਰ ਜਾ ਕੇ ਦੇਖੋ ਤੇ ਸਾਨੂੰ ਦੱਸੋ ਕਿਸ ਤਰ੍ਹਾਂ ਦੀ ਲੱਗੀ।’ —ਬਾਦਸ਼ਾਹ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News