ਸਿੱਧੂ ਮੂਸੇਵਾਲਾ ਦੀਆਂ ਵਧੀਆਂ ਮੁਸ਼ਕਿਲਾਂ, ਧੂਰੀ ''ਚ ਪਰਚਾ ਦਰਜ
5/6/2020 12:58:25 PM

ਜਲੰਧਰ (ਦਵਿੰਦਰ ਧੁਰੀ) — ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਫਾਇਰਿੰਗ ਮਾਮਲਾ ਵਧਦਾ ਹੀ ਜਾ ਰਿਹਾ ਹੈ। ਹੁਣ ਧੂਰੀ ਪੁਲਸ ਨੇ ਸਿੱਧੂ ਮੂਸੇਵਾਲਾ 'ਤੇ ਪਰਚਾ ਦਰਜ ਕਰ ਲਿਆ ਹੈ। ਇਸ ਮੌਕੇ ਡੀ .ਐੱਸ. ਪੀ. ਰਸ਼ਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਫਾਇਰਿੰਗ ਨੂੰ ਲੈ ਕੇ ਧੂਰੀ ਦੇ ਸਦਰ ਥਾਣਾ ਵਿਖੇ ਸਿੱਧੂ ਮੂਸੇਵਾਲਾ ਸਮੇਤ ਉਸਦੇ ਸਾਥੀਆਂ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਸਿੱਧੂ ਮੂਸੇਵਾਲਾ ਵਾਲਾ ਸਾਥੀਆਂ ਨਾਲ ਲੱਡਾ ਕੋਠੀ ਪੁਲਸ ਟਰੇਨਿੰਗ ਸੈਂਟਰ ਵਿਚ ਨਿੱਜੀ ਪਿਸਟਲ ਨਾਲ ਫਾਇਰਿੰਗ ਕਰਦੇ ਨਜ਼ਰ ਆਏ ਸਨ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਵੱਲੋਂ ਪੁਲਸ ਦੀ ਏ. ਕੇ. 47 ਨਾਲ ਕੀਤੀ ਗਈ ਫਾਇਰਿੰਗ ਦੀ ਵਾਇਰਲ ਹੋਈ ਵੀਡਿਓ ਵਿਚ ਦਿਖਾਈ ਦੇਣ ਵਾਲਾ ਸਿਪਾਹੀ ਗਗਨਦੀਪ ਸਿੰਘ ਸੀਨੀਅਰ ਅਫਸਰਾਂ ਦੀ ਜਾਣਕਾਰੀ ਤੋਂ ਬਿਨਾਂ 3 ਮਹੀਨਿਆ ਤੋਂ ਡੀ. ਐੱਸ. ਪੀ. ਹੈੱਡਕੁਆਟਰ ਸੰਗਰੂਰ ਦਲਜੀਤ ਸਿੰਘ ਵਿਰਕ ਨਾਲ ਗੰਨਮੈਨ ਵਜੋਂ ਜਾ ਰਿਹਾ ਸੀ, ਜਿਸ ਦੀ ਤਾਇਨਾਤੀ ਥਾਣਾ ਜੁਲਕਾਂ ਵਿਚ ਸੀ। ਇਸ ਮਾਮਲੇ ਵਿਚ ਐੱਸ. ਐੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਐੱਸ. ਐੱਚ. ਓ. ਜੁਲਕਾਂ ਇੰਸ. ਗੁਰਪ੍ਰੀਤ ਸਿੰਘ ਭਿੰਡਰ ਅਤੇ ਸਿਪਾਹੀ ਗਗਨਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਦੋਵਾਂ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਗਗਨਦੀਪ ਸਿੰਘ ਨੂੰ 3 ਮਹੀਨਿਆਂ ਤੋਂ ਇੰਸ. ਗੁਰਪ੍ਰੀਤ ਸਿੰਘ ਭਿੰਡਰ ਵੱਲੋਂ ਦਲਜੀਤ ਸਿੰਘ ਵਿਰਕ ਕੋਲ ਡਿਊਟੀ ਲਈ ਭੇਜਿਆ ਜਾ ਰਿਹਾ ਸੀ ਅਤੇ ਇਹ ਸੀਨੀਅਰ ਅਫਸਰਾਂ ਦੀ ਜਾਣਕਾਰੀ ਤੋਂ ਬਿਨਾਂ ਕੀਤਾ ਗਿਆ ਸੀ। ਇਸ ਲਈ ਐੱਸ. ਐੱਚ. ਓ. ਭਿੰਡਰ ਅਤੇ ਸਿਪਾਹੀ ਗਗਨਦੀਪ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ 30 ਜਨਵਰੀ ਤੋਂ ਡੀ. ਐੱਸ. ਪੀ. ਦਲਜੀਤ ਵਿਰਕ ਨਾਲ ਡਿਊਟੀ ਕਰ ਰਿਹਾ ਹੈ, ਇਸ ਲਈ ਉਸ ਦੀ 3 ਮਹੀਨਿਆਂ ਦੀ ਤਨਖਾਹ, ਜੋ ਕਿ 1 ਲੱਖ 70 ਹਜ਼ਾਰ ਰੁਪਏ ਬਣਦੀ ਹੈ, ਦੀ ਰਿਕਵਰੀ ਇੰਸ. ਗੁਰਪ੍ਰੀਤ ਸਿੰਘ ਭਿੰਡਰ ਤੋਂ ਕੀਤੀ ਜਾਵੇਗੀ। ਇਸ ਮਾਮਲੇ ਵਿਚ ਇੰਸ. ਭਿੰਡਰ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ