Video: 'ਗੋਲਕ...' ਦਾ ਦੂਜਾ ਗੀਤ 'ਸੈਲਫੀ' ਛਾਇਆ ਟ੍ਰੈਂਡਿੰਗ 'ਚ, ਸੁਣ ਨੱਚਣ 'ਤੇ ਹੋ ਜਾਓਗੇ ਮਜਬੂਰ

4/4/2018 1:47:11 PM

ਜਲੰਧਰ(ਬਿਊਰੋ)— ਸ਼ਿਤਿਜ ਚੌਧਰੀ ਵੱਲੋਂ ਨਿਰਦੇਸ਼ਿਤ ਫਿਲਮ 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਦਾ ਦੂਜਾ ਗੀਤ 'ਸੈਲਫੀ' ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦੇ ਹੀ ਇਹ ਗੀਤ 'ਟ੍ਰੈਡਿੰਗ' 'ਚ ਛਾ ਗਿਆ ਹੈ। ਗੀਤ ਦੇ ਬੋਲ ਅਤੇ ਮਿਊਜ਼ਿਕ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਅਮਰਿੰਦਰ ਗਿੱਲ ਅਤੇ ਹਰੀਸ਼ ਵਰਮਾ ਨੇ ਇਸ ਗੀਤ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਵੀ ਸ਼ੇਅਰ ਕੀਤਾ ਹੈ। ਗਾਇਕ ਗੁਰਸ਼ਬਦ ਦੀ ਆਵਾਜ਼ 'ਚ ਇਸ ਗੀਤ ਨੂੰ ਵੀ ਜਤਿੰਦਰ ਸ਼ਾਹ ਨੇ ਸੰਗੀਤ ਦਿੱਤਾ ਹੈ। ਇਸੇ ਗੀਤ 'ਚ ਦੋਹਾਂ ਦੇ ਪਿਆਰ ਦੀ ਸ਼ੁਰੂਆਤ ਹੁੰਦੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਗੀਤ 'ਐਸੀ ਤੈਸੀ' ਰਿਲੀਜ਼ ਹੋਇਆ ਸੀ, ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਹੈ। ਇਨ੍ਹਾਂ ਦੋਹਾਂ ਗੀਤਾਂ 'ਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। 

ਜ਼ਿਕਰਯੋਗ ਹੈ ਕਿ 'ਰਿਦਮ ਬੁਆਏਜ਼' ਤੇ 'ਹੇਅਰ ਓਮ ਜੀ ਸਟੂਡੀਓਜ਼' ਬੈਨਰ ਹੇਠ ਬਣੀ ਇਹ ਫ਼ਿਲਮ ਨੋਟਬੰਦੀ ਦੀ ਗੱਲ ਕਰਦੀ ਹੈ, ਜਦੋਂ ਰਾਤੋ-ਰਾਤ 1000 ਤੇ 500 ਦੇ ਨੋਟ ਬੰਦ ਹੋਣ ਕਰਕੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ ਸੀ। ਫ਼ਿਲਮ ਅਜਿਹੀ ਕਹਾਣੀ ਬਿਆਨ ਕਰਦੀ ਹੈ, ਜੋ ਮਨੋਰੰਜਕ ਵੀ ਹੈ ਤੇ ਸੰਦੇਸ਼ਮਈ ਵੀ। ਫਿਲਮ ਵਿਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਮੁੱਖ ਭੂਮਿਕਾ 'ਚ ਹਨ। ਉਨ੍ਹਾਂ ਤੋਂ ਇਲਾਵਾ ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਅਨੀਤਾ ਦੇਵਗਣ ਤੇ ਵਿਜੇ ਟੰਡਨ ਦੇ ਕਿਰਦਾਰ ਵੀ ਫ਼ਿਲਮ ਦੀ ਰਫ਼ਤਾਰ ਨੂੰ ਵਧਾਉਣਗੇ। ਫਿਲਮ ਵਿਚ ਮਹਿਮਾਨ ਅਦਾਕਾਰ ਦੇ ਤੌਰ 'ਤੇ ਅਮਰਿੰਦਰ ਗਿੱਲ ਤੇ ਅਦਿਤੀ ਸ਼ਰਮਾ ਨੂੰ ਲਿਆ ਗਿਆ ਹੈ। ਅਮਰਿੰਦਰ ਦਾ ਇਸ ਫਿਲਮ ਵਿਚ ਸ਼ੁੱਧ ਦੇਸੀ ਪੇਂਡੂ ਰੂਪ ਦਰਸ਼ਕਾਂ ਨੂੰ ਹੋਰ ਵੀ ਚੰਗਾ ਲੱਗਣ ਵਾਲਾ ਹੈ। ਇਹ ਫਿਲਮ 13 ਅਪ੍ਰੈਲ 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News